Hardeep Singh Mundian: ਪੀ ਏ ਯੂ ’ਚ ਦਿਖਾਇਆ ਜਾਵੇਗਾ ‘ਹਮਾਰੇ ਰਾਮ’: ਮੁੰਡੀਆਂ
ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਪੰਜਾਬ ਹੈਰੀਟੇਜ ਅਤੇ ਸੈਰ-ਸਪਾਟਾ ਪ੍ਰਮੋਸ਼ਨ ਬੋਰਡ ਦੇ ਸਲਾਹਕਾਰ ਦੀਪਕ ਬਾਲੀ ਨੇ ਦੱਸਿਆ ਕਿ ਵਿਰਾਸਤ ਅਤੇ ਪਰੰਪਰਾਗਤ ਕਦਰਾਂ-ਕੀਮਤਾਂ ਉਤਸ਼ਾਹਿਤ ਕਰਨ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ’ਚ ‘ਹਮਾਰੇ...
ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਪੰਜਾਬ ਹੈਰੀਟੇਜ ਅਤੇ ਸੈਰ-ਸਪਾਟਾ ਪ੍ਰਮੋਸ਼ਨ ਬੋਰਡ ਦੇ ਸਲਾਹਕਾਰ ਦੀਪਕ ਬਾਲੀ ਨੇ ਦੱਸਿਆ ਕਿ ਵਿਰਾਸਤ ਅਤੇ ਪਰੰਪਰਾਗਤ ਕਦਰਾਂ-ਕੀਮਤਾਂ ਉਤਸ਼ਾਹਿਤ ਕਰਨ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ’ਚ ‘ਹਮਾਰੇ ਰਾਮ’ ਨਾਟਕ ਦੇ ਸ਼ੋਅ ਕੀਤੇ ਜਾ ਰਹੇ ਹਨ। ਇਸੇ ਤਹਿਤ 25 ਅਤੇ 26 ਸਤੰਬਰ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਵੀ 4 ਸ਼ੋਅ (ਹਰ ਰੋਜ਼ 2) ਕਰਵਾਏ ਜਾਣਗੇ।
ਮੰਤਰੀ ਮੁੰਡੀਆਂ ਤੇ ਸ੍ਰੀ ਬਾਲੀ ਨੇ ਦੱਸਿਆ ਕਿ ਪੰਜਾਬ ਭਰ ਵਿੱਚ ‘ਹਮਾਰੇ ਰਾਮ’ ਨਾਟਕ ਦੇ ਕੁੱਲ 41 ਸ਼ੋਅ ਹੋਣਗੇ। ਪੀ ਏ ਯੂ ਵਿੱਚ 25 ਤੇ 26 ਸਤੰਬਰ ਨੂੰ ਬਾਅਦ ਦੁਪਹਿਰ 2 ਵਜੇ ਤੋਂ ਅਤੇ ਸ਼ਾਮ 6 ਵਜੇ ਤੋਂ ਹੋਣ ਵਾਲੇ ਸ਼ੋਅ ਦੀ ਸਕ੍ਰੀਨਿੰਗ ਦੌਰਾਨ ਲਾਈਟ ਅਤੇ ਸਾਊਂਡ ਦੇ ਪ੍ਰਬੰਧ ਮੁਕੰਮਲ ਹਨ। ਫੈਲਿਸਿਟੀ ਥੀਏਟਰ ਵੱਲੋਂ ਤਿਆਰ ਕੀਤਾ ‘ਹਮਾਰੇ ਰਾਮ’ ਹਿੰਦੀ ਸਟੇਜ ਪ੍ਰੋਗਰਾਮ ਹੈ ਜੋ ਮਨਮੋਹਕ ਦ੍ਰਿਸ਼ਾਂ, ਹਵਾਈ ਕਲਾਬਾਜ਼ੀਆਂ ਅਤੇ ਅਤਿ-ਆਧੁਨਿਕ ਸਟੇਜ ਪ੍ਰਬੰਧਾਂ ਰਾਹੀਂ ਮਹਾਂਕਾਵਿ ਰਾਮਾਇਣ ਨੂੰ ਜੀਵੰਤ ਰੂਪ ਵਿੱਚ ਦਰਸਾਉਂਦਾ ਹੈ। ਇਸ ਨਾਟਕ ਵਿੱਚ ਅਦਾਕਾਰ ਆਸ਼ੂਤੋਸ਼ ਰਾਣਾ ਰਾਵਣ ਦੇ ਰੂਪ ਵਿੱਚ ਅਤੇ ਰਾਹੁਲ ਆਰ ਭੁੱਚਰ ਭਗਵਾਨ ਰਾਮ ਦੀ ਭੂਮਿਕਾ ਵਿੱਚ ਹਨ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਾਟਕ ਦੇਖਣ ਲਈ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ। ਇਸ ਨਾਟਕ ਲਈ ਪਾਸ, ਵਿਧਾਇਕਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਦਫ਼ਤਰਾਂ ਸਣੇ ਬੁੱਕ ਮਾਈ ਸ਼ੋਅ ਤੋਂ ਮੁਫ਼ਤ ਵਿੱਚ ਹਾਸਲ ਕੀਤੇ ਜਾ ਸਕਦੇ ਹਨ। ਇਸ ਮੌਕੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਮਦਨ ਲਾਲ ਬੱਗਾ, ਡੀ ਸੀ ਹਿਮਾਂਸ਼ੂ ਜੈਨ, ਵਿਜੇ ਸ਼ਰਮਾ, ਪੰਕਜ ਸ਼ਾਰਦਾ, ਜਤਿੰਦਰ ਸਿੰਘ ਖੰਗੂੜਾ ਅਤੇ ਵਰੁਨ ਮਹਿਤਾ ਵੀ ਹਾਜ਼ਰ ਸਨ।

