Hamare Ram, Play, PAU :ਦਰਸ਼ਕਾਂ ਨੇ ਨਾਟਕ ‘ਹਮਾਰੇ ਰਾਮ’ ਦਾ ਆਨੰਦ ਮਾਣਿਆ
ਮਨੀਸ਼ ਸਿਸੋਦੀਆ ਸਣੇ ਕੲੀ ਆਗੂਆਂ ਵੱਲੋਂ ਕਲਾਕਾਰਾਂ ਦੀ ਸ਼ਲਾਘਾ
ਪੰਜਾਬ ਸਰਕਾਰ ਵੱਲੋਂ ਸੂਬਾ ਵਾਸੀਆਂ ਨੂੰ ਭਾਰਤੀ ਸੰਸਕ੍ਰਿਤੀ ਅਤੇ ਅਧਿਆਤਮਿਕ ਵਿਰਾਸਤ ਨਾਲ ਜੋੜਨ ਦੇ ਉਦੇਸ਼ ਨਾਲ ਪੀ ਏ ਯੂ ਵਿੱਚ ਕਰਵਾਏ ਨਾਟਕ ‘ਹਮਾਰੇ ਰਾਮ’ ਦੀ ਪੇਸ਼ਕਾਰੀ ਨੂੰ ਦੇਖਣ ਲਈ ਵੱਡੀ ਗਿਣਤੀ ’ਚ ਲੋਕਾਂ ਨੇ ਸ਼ਿਰਕਤ ਕੀਤੀ। ਪੇਸ਼ਕਾਰੀ ਦੇ ਅੱਜ ਦੂਜੇ ਦਿਨ ਵੀ ਦੋ ਸ਼ੋਅ ਕਰਵਾਏ ਗਏ। ਦੂਜੇ ਦਿਨ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਅਤੇ ਦਿੱਲੀ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸ਼ਿਰਕਤ ਕੀਤੀ। ਇਸ ਮੌਕੇ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ, ਪੰਜਾਬ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ, ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਗਿੱਲ, ਦਿੱਲੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਸੌਰਭ ਭਾਰਦਵਾਜ, ਨਗਰ ਨਿਗਮ ਦੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ, ਸਨਾਤਨ ਸੇਵਾ ਕਮੇਟੀ ਮਾਲਵਾ ਜ਼ੋਨ ਦੇ ਪ੍ਰਮੁੱਖ ਵਰੁਣ ਮਹਿਤਾ ਮੌਜੂਦ ਸਨ।
ਇਸ ਮੌਕੇ ਮਨੀਸ਼ ਸਿਸੋਦੀਆ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਇਸ ਤਰ੍ਹਾਂ ਦੀਆਂ ਉੱਚ ਪੱਧਰੀ ਸੱਭਿਆਚਾਰਕ ਪੇਸ਼ਕਾਰੀਆਂ ਕਰਵਾਉਣਾ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ‘ਹਮਾਰੇ ਰਾਮ’ ਸਿਰਫ਼ ਇੱਕ ਨਾਟਕ ਨਹੀਂ, ਸਗੋਂ ਭਾਰਤੀ ਸੰਸਕ੍ਰਿਤੀ, ਪਰੰਪਰਾ ਅਤੇ ਜੀਵਨ ਮੁੱਲਾਂ ਨੂੰ ਸਮਝਣ ਦਾ ਇੱਕ ਸੁੰਦਰ ਮਾਧਿਅਮ ਹੈ। ਭਗਵਾਨ ਰਾਮ ਦਾ ਜੀਵਨ ਸੱਚ, ਧਰਮ, ਮਰਿਆਦਾ, ਤਿਆਗ, ਫਰਜ਼, ਕਰੁਣਾ ਅਤੇ ਮਨੁੱਖੀ ਕਦਰਾਂ-ਕੀਮਤਾਂ ਦੇ ਰਾਹ ’ਤੇ ਚੱਲਣ ਦੀ ਪ੍ਰੇਰਨਾ ਦਿੰਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਰਾਮਾਇਣ ਦੇ ਡੂੰਘੇ ਸੰਦੇਸ਼ ਨੂੰ ਸਮਝਣ ਅਤੇ ਇਸ ਦੇ ਆਦਰਸ਼ਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦਾ ਯਤਨ ਕਰਨ। ਇਸ ਮੌਕੇ ਉਨ੍ਹਾਂ ‘ਹਮਾਰੇ ਰਾਮ’ ਨਾਟਕ ਦੇ ਕਲਾਕਾਰਾਂ ਆਸ਼ੂਤੋਸ਼ ਰਾਣਾ, ਰਾਹੁਲ ਆਰ. ਭੁੱਚਰ, ਤਰੁਣ ਖੰਨਾ ਸਮੇਤ ਪੂਰੀ ਟੀਮ ਦੀ ਵਧੀਆ ਪੇਸ਼ਕਾਰੀ ਲਈ ਸ਼ਲਾਘਾ ਕੀਤੀ।

