Advertisement
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਲੜਕੀਆਂ ਦੀ ਕਰਵਾਈ ਅੰਤਰ-ਕਾਲਜ ਸਾਫਟਬਾਲ ਚੈਂਪੀਅਨਸ਼ਿਪ ਵਿੱਚ ਗੁਰੂ ਨਾਨਕ ਗਰਲਜ਼ ਕਾਲਜ ਦੀ ਟੀਮ ਨੇ ਸੋਨੇ ਦਾ ਤਗ਼ਮਾ ਪ੍ਰਾਪਤ ਕੀਤਾ। ਇਹ ਚੈਂਪੀਅਨਸ਼ਿਪ ਜੀ ਐੱਜ ਜੀ ਖਾਲਸਾ ਕਾਲਜ ਵਿੱਚ ਕਰਵਾਈ ਗਈ।
ਕਾਲਜ ਦੀ ਡਾਇਰੈਕਟਰ ਡਾ. ਚਰਨਜੀਤ ਮਾਹਲ ਅਤੇ ਪ੍ਰਿੰਸੀਪਲ ਰਾਖੀ ਮਲਹੋਤਰਾ ਨੇ ਕਿਹਾ ਕਿ ਇਸ ਚੈਂਪੀਅਨਸ਼ਿਪ ਵਿੱਚ ਚਾਰ ਕਾਲਜਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ਲੀਗ ਦੇ ਆਧਾਰ ’ਤੇ ਹੋਏ ਪਹਿਲੇ ਮੈਚ ਵਿੱਚ ਗੁਰੂ ਨਾਨਕ ਗਰਲਜ਼ ਕਾਲਜ ਨੇ ਜੀ ਐੱਚ ਜੀ ਖਾਲਸਾ ਕਾਲਜ ਨੂੰ 2-1 ਨਾਲ ਹਰਾਇਆ। ਇਸ ਮੈਚ ਵਿੱਚ ਨਿਸ਼ੂ ਅਤੇ ਨਵਦੀਪ ਨੇ 1-1 ਅੰਕ ਦਾ ਯੋਗਦਾਨ ਪਾਇਆ। ਦੂਜੇ ਮੈਚ ਵਿੱਚ ਪੀ ਜੀ ਜੀ ਸੀ ਸੈਕਟਰ-11 ਚੰਡੀਗੜ੍ਹ ਦੀ ਟੀਮ 8-1 ਨਾਲ ਮਾਤ ਦਿੱਤੀ। ਇਸ ਮੈਚ ਵਿੱਚ ਮਹਿਕਦੀਪ, ਨਿਸ਼ੂ ਨੇ 2-2 ਅੰਕਾਂ ਦਾ ਜਦੋਂਕਿ ਸੰਦੀਪ ਪਾਲ, ਸਾਧਨਾ, ਅਮਨਦੀਪ ਅਤੇ ਮਨਪ੍ਰੀਤ ਨੇ 1-1 ਅੰਕ ਜੋੜਿਆ। ਤੀਜੇ ਮੈਚ ਵਿੱਚ ਗੁਰੂ ਨਾਨਕ ਗਰਲਜ਼ ਕਾਲਜ ਨੇ ਖ਼ਾਲਸਾ ਕਾਲਜ ਫਾਰ ਵਿਮੈਨ, ਲੁਧਿਆਣਾ ਨੂੰ 7-0 ਦੇ ਫ਼ਰਕ ਨਾਲ ਹਰਾਇਆ। ਇਸ ਜਿੱਤ ਵਿੱਚ ਵੀ ਨਿਸ਼ੂ, ਸੋਨੀ, ਨਵਦੀਪ, ਮਹਿਕਦੀਪ, ਸੰਦੀਪ ਪਾਲ, ਅਮਨਜੋਤ, ਮਨਪ੍ਰੀਤ ਨੇ 1-1 ਅੰਕ ਬਣਾਇਆ। ਇਨ੍ਹਾਂ ਲੀਗ ਮੈਚਾਂ ਦੇ ਆਧਾਰ ’ਤੇ ਗੁਰੂ ਨਾਨਕ ਗਰਲਜ਼ ਕਾਲਜ, ਮਾਡਲ ਟਾਊਨ ਦੀ ਸਾਫਟਬਾਲ ਟੀਮ ਨੂੰ ਸੋਨੇ ਦੇ ਤਗ਼ਮੇ ਨਾਲ ਸਨਮਾਨਿਆ ਗਿਆ। ਡਾ. ਮਾਹਲ ਅਤੇ ਪ੍ਰਿੰ. ਮਲਹੋਤਰਾ ਨੇ ਦੱਸਿਆ ਕਿ ਉਨ੍ਹਾਂ ਦੇ ਕਾਲਜ ਟੀਮ ਦੀਆਂ 6 ਖਿਡਾਰਨਾਂ ਦੀ ਚੋਣ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਾਫਟ ਟੀਮ ਲਈ ਕੀਤੀ ਗਈ ਹੈ। ਇਹ ਟੀਮ ਅਮਰਾਵਤੀ ਮਹਾਰਾਸ਼ਟਰ ਵਿੱਚ 6 ਤੋਂ 10 ਫਰਵਰੀ ਨੂੰ ਹੋਣ ਵਾਲੀ ਆਲ ਇੰਡੀਆ ਚੈਂਪੀਅਨਸ਼ਿਪ ਵਿੱਚ ਹਿੱਸਾ ਲਵੇਗੀ। ਉਨ੍ਹਾਂ ਟੀਮ, ਕੋਚ ਅਤੇ ਮੈਨੇਜਰ ਹਰਬੀਰ ਸਿੰਘ ਗਿੱਲ, ਸੁਖਦੇਵ ਸਿੰਘ ਔਲਖ ਅਤੇ ਰਾਣੀ ਕੌਰ ਨੂੰ ਵੀ ਵਧਾਈ ਦਿੱਤੀ।
Advertisement
×

