ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 21 ਜੂਨ
ਗੁਰੂ ਦੀਆਂ ਲਾਡਲੀਆਂ ਫ਼ੌਜਾਂ ਸੇਵਾ ਸੁਸਾਇਟੀ ਵੱਲੋਂ ਮਾਡਲ ਟਾਊਨ ਸਥਿਤ ਗੁਰਦੁਆਰਾ ਸ਼ਹੀਦਾਂ ਸਾਹਿਬ ਵਿੱਚ ਗੁਰਮਤਿ ਸਿਖਲਾਈ ਕੈਂਪ ਲਗਾਇਆ ਗਿਆ ਜਿਸ ਵਿੱਚ 65 ਬੱਚਿਆਂ ਨੇ ਹਿੱਸਾ ਲਿਆ। ਇਸ ਕੈਂਪ ਵਿੱਚ ਬੱਚਿਆਂ ਨੂੰ ਗੁਰਬਾਣੀ ਕੰਠ ਕਰਵਾਉਣ ਦੇ ਨਾਲ ਨਾਲ ਸਿੱਖ ਇਤਿਹਾਸ ਤੇ ਸੱਭਿਆਚਾਰ ਬਾਰੇ ਵੀ ਜਾਣਕਾਰੀ ਦਿੱਤੀ ਗਈ। ਸੇਵਾ ਤੇ ਸਿਮਰਨ ਜੋ ਸਿਖੀ ਦੇ ਦੋ ਵਡਮੁਲੇ ਸਤੰਬ ਹਨ ਬਾਰੇ ਬੱਚਿਆਂ ਨੂੰ ਭਰਪੂਰ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਸਿੱਖ ਕੌਮ ਦੇ ਮਹਾਨ ਵਿਦਵਾਨ ਅਤੇ ਵਿਸ਼ਵ ਪ੍ਰਸਿੱਧ ਲੇਖਕ ਮਰਹੂਮ ਡਾ. ਸਰੂਪ ਸਿੰਘ ਅਲੱਗ ਦਾ ਪੋਤ ਦੋਹਤਰਾ ਕਬੀਰ ਰਾਜ ਸਿੰਘ ਕੋਛੜ ਨੂੰ ਸ਼ੁਧ ਤੇ ਸਪੱਸ਼ਟ ਬਾਣੀ ਉਚਾਰਨ ਲਈ ਸਨਮਾਨਿਤ ਕੀਤਾ ਗਿਆ। ਇਹ ਬੱਚਾ ਸਿੱਖੀ ਵਿੱਚ ਪਰਪੱਕ ਹੋ ਕੇ ਤਬਲਾ, ਹਾਰਮੋਨੀਅਮ ਤੇ ਨਗਾਰਾ ਵਜਾਉਣ ਦੇ ਨਾਲ ਨਾਲ ਗਤਕੇਬਾਜ਼ੀ ਦਾ ਮਾਹਿਰ ਹੈ। ਇਸ ਦਾ ਛੋਟਾ ਤਿੰਨ ਸਾਲ ਦਾ ਭਰਾ ਜੈਰਾਜ ਸਿੰਘ ਕੋਛੜ ਵੀ ਵਡੇ ਭਰਾ ਦੇ ਨਕਸ਼ੇ ਕਦਮਾਂ ’ਤੇ ਚਲ ਪਿਆ ਹੈ। ਸੁਸਾਇਟੀ ਦੀ ਪ੍ਰਧਾਨ ਸਰਦਾਰਨੀ ਮਨਪ੍ਰੀਤ ਕੌਰ ਨੇ ਦੱਸਿਆ ਕਿ ਇਹੋ ਜਿਹੇ ਕੈਂਪ ਭਵਿੱਖ ਵਿੱਚ ਵੀ ਲਗਾਏ ਜਾਣਗੇ ਤਾਂ ਜੋ ਬੱਚਿਆਂ ਨੂੰ ਆਪਣੀ ਰਹੁ-ਰੀਤੀ ਨਾਲ ਜੋੜਿਆ ਜਾ ਸਕੇ।