Government Treasury Burden: ਨਹਿਰੀ ਪੁਲਾਂ ਨੂੰ ਉੱਚਾ ਕਰਨ ਦੀ ਤਿਆਰੀ
ੳੁੱਚੇ ਕਰਨ ਦੀ ਥਾਂ ਗਾਰ ਕੱਢ ਕੇ ਮਸਲਾ ਹੱਲ ਕਰਨ ਦੀ ਅਪੀਲ
ਪੰਜਾਬ ਨਹਿਰੀ ਵਿਭਾਗ ਫਸਟ ਪਟਿਆਲਾ ਫੀਡਰ ਦੇ ਕਈ ਨਹਿਰੀ ਪੁਲਾਂ ਨੂੰ ਉੱਚੇ ਕਰ ਕੇ ਬਣਾਉਣ ਦੀ ਤਿਆਰੀ ਵਿੱਚ ਹੈ, ਦੂਜੇ ਪਾਸੇ ਸਮਾਜਸੇਵੀ ਅਵਤਾਰ ਸਿੰਘ ਜਰਗੜੀ ਦਾ ਕਹਿਣਾ ਹੈ ਕਿ ਨਹਿਰ ਵਿੱਚ ਪਹਾੜਾਂ ਵਿੱਚੋਂ ਪਾਣੀ ਨਾਲ ਆਈ ਗਾਰ ਕੱਢ ਕੇ ਵੀ ਮਸਲਾ ਹੱਲ ਕੀਤਾ ਜਾ ਸਕਦਾ ਹੈ। ਮਿਲੀ ਜਾਣਕਾਰੀ ਅਨੁਸਾਰ ਨਹਿਰੀ ਵਿਭਾਗ ਵੱਲੋਂ ਜਰਗੜੀ, ਸਿਰਥਲਾ ਤੇ ਧਮੋਟ ਭਾਡੇਵਾਲ ਆਦਿ ਪਿੰਡਾਂ ਦੇ ਨਹਿਰੀ ਪੁਲਾਂ ਨੂੰ ਉੱਚਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਕਿਉਂਕਿ ਅਧਿਕਾਰੀਆਂ ਅਨੁਸਾਰ ਪਾਣੀ ਦਾ ਵਹਾਅ ਪੁਲਾਂ ਨੂੰ ਛੂਹ ਕੇ ਲੰਘ ਰਿਹਾ ਹੈ, ਜਿਨ੍ਹਾਂ ਨੂੰ ਉੱਚੇ ਬਣਾਉਣ ਨਾਲ ਪਾਣੀ ਦਾ ਵਹਾਅ ਠੀਕ ਤਰ੍ਹਾਂ ਚੱਲੇਗਾ।
ਸਮਾਜ ਸੇਵੀ ਅਵਤਾਰ ਸਿੰਘ ਜਰਗੜੀ ਨੇ ਕਿਹਾ ਕਿ ਨਹਿਰੀ ਪੁੱਲਾਂ ਨੂੰ ਉੱਚਾ ਕਰਨ ਨਾਲ ਜਿੱਥੇ ਸਰਕਾਰੀ ਖਜ਼ਾਨੇ ਤੇ ਬੋਝ ਪਵੇਗਾ, ਉੱਥੇ ਸਥਾਨਕ ਲੋਕਾਂ ਨੂੰ ਪੁਲਾਂ ਉਪਰੋਂ ਦੀ ਵਾਹਨ ਲੈ ਕੇ ਲੰਘਣਾ ਵੀ ਔਖਾ ਹੋ ਜਾਵੇਗਾ, ਜਿਸ ਨਾਲ ਭਾਰੀ ਵਾਹਨਾਂ ਦੀ ਆਵਾਜਾਈ ਆਸਾਨ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਨਹਿਰ ਨੂੰ 2007-08 ’ਚ ਪੱਕਾ ਕੀਤਾ ਗਿਆ ਸੀ ਤੇ ਉਸ ਸਮੇਂ ਤੋਂ ਅੱਜ ਤੱਕ ਇਸ ਵਿੱਚੋਂ ਕਦੇ ਵੀ ਗਾਰ ਨਹੀਂ ਕੱਢੀ ਗਈ, ਜਿਸ ਕਾਰਨ ਇਸ ਦੇ ਬੈੱਡ ਤੇ ਪਹਾੜਾਂ ਤੋਂ ਆਈ ਮਿੱਟੀ ਜਮ੍ਹਾਂ ਹੋ ਗਈ ਹੈ, ਜਿਸ ਕਾਰਨ ਪਾਣੀ ਪੱਧਰ ਵੀ ਉੱਚਾ ਹੋ ਕੇ ਪੁਲਾਂ ਨੂੰ ਖਹਿ ਕੇ ਲੰਘ ਰਿਹਾ ਹੈ ਜੋ ਖਤਰੇ ਤੋਂ ਖਾਲੀ ਨਹੀਂ ਹੈ। ਜੇ ਗਾਰ ਕੱਢੀ ਜਾਵੇ ਤਾਂ ਪੁਲ ਉੱਚੇ ਕਰਨ ਦੀ ਜ਼ਰੂਰਤ ਨਹੀਂ ਪਵੇਗੀ।
ਪੁਲਾਂ ਨੂੰ ਉੱਚਾ ਚੁੱਕਣ ਲਈ ਉੱਚ ਅਧਿਕਾਰੀਆਂ ਨੂੰ ਲਿਖਿਆ : ਐੱਸ ਡੀ ਓ
ਐੱਸ ਡੀ ਓ ਮਾਹੋਰਾਣਾ ਰਾਹੁਲ ਸ਼ਰਮਾ ਨੇ ਦੱਸਿਆ ਕਿ ਨਹਿਰੀ ਪੁਲਾਂ ਨੂੰ ਉੱਚਾ ਚੁੱਕਣ ਲਈ ਉੱਚ ਅਧਿਕਾਰੀਆਂ ਨੂੰ ਲਿਖ ਕੇ ਭੇਜਿਆ ਜਾ ਚੁੱਕਿਆ ਹੈ, ਕਿਉਂਕਿ ਕਈ ਪੁਰਾਤਨ ਪੁਲ ਅੰਗਰੇਜ਼ਾਂ ਵੇਲੇ ਦੇ ਬਣੇ ਹੋਏ ਹਨ, ਜੋ ਆਪਣੀ ਮਿਆਦ ਵੀ ਪੁਗਾ ਚੁੱਕੇ ਹਨ।

