ਸਰਕਾਰੀ ਦਫ਼ਤਰਾਂ ’ਤੇ ਤਾਲੇ, ਹਸਪਤਾਲਾਂ ’ਚ ਸੇਵਾਵਾਂ ਠੱਪ
ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ-ਨਾਲ ਪਾਵਰਕੌਮ ਦਫ਼ਤਰਾਂ ’ਚ ਸੁੰਨ ਪਸਰੀ; ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ
ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਮਨਵਾਉਣ ਲਈ ਸੂਬੇ ਭਰ ਵਿੱਚ ਮੁਲਾਜ਼ਮਾਂ ਦੇ ਸਮੂਹਿਕ ਛੁੱਟੀ ’ਤੇ ਜਾਣ ਕਾਰਨ ਅੱਜ ਪ੍ਰਸ਼ਾਸਨਿਕ ਢਾਂਚਾ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਿਆ। ਹੜਤਾਲ ਦਾ ਸਭ ਤੋਂ ਵੱਡਾ ਅਸਰ ਸਿਹਤ ਸੇਵਾਵਾਂ ਅਤੇ ਮਾਲ ਵਿਭਾਗ (ਰਾਜਸਵ) ਦੇ ਕੰਮ-ਕਾਜ ’ਤੇ ਦੇਖਣ ਨੂੰ ਮਿਲਿਆ, ਜਿੱਥੇ ਲੋਕ ਸਵੇਰ ਤੋਂ ਹੀ ਦਫ਼ਤਰਾਂ ਦੇ ਚੱਕਰ ਕੱਢਦੇ ਨਜ਼ਰ ਆਏ। ਸਰਕਾਰੀ ਹਸਪਤਾਲਾਂ ਵਿੱਚ ਓ ਪੀ ਡੀ ਸੇਵਾਵਾਂ ਪੂਰੀ ਤਰ੍ਹਾਂ ਠੱਪ ਸਨ। ਪਰਚੀ ਕਾਊਂਟਰਾਂ ਤੋਂ ਲੈ ਕੇ ਡਾਕਟਰਾਂ ਦੇ ਕਮਰਿਆਂ ’ਤੇ ਤਾਲੇ ਲਟਕਦੇ ਦਿਖਾਈ ਦਿੱਤੇ। ਖ਼ੂਨ ਦੀ ਜਾਂਚ ਲਈ ਲੈਬੋਰਟਰੀਆਂ ਅਤੇ ਐਕਸ-ਰੇਅ ਰੂਮ ਬੰਦ ਹੋਣ ਕਾਰਨ ਮਰੀਜ਼ਾਂ ਨੂੰ ਮਜਬੂਰੀਵੱਸ ਮਹਿੰਗੇ ਸੈਂਟਰਾਂ ’ਤੇ ਜਾਣਾ ਪਿਆ। ਹਸਪਤਾਲ ਪ੍ਰਸ਼ਾਸਨ ਵੱਲੋਂ ਸਿਰਫ਼ ਐਮਰਜੈਂਸੀ ਸੇਵਾਵਾਂ ਹੀ ਚੱਲਦੀਆਂ ਰੱਖੀਆਂ ਗਈਆਂ ਸਨ, ਜੋ ਵਧ ਰਹੇ ਮਰੀਜ਼ਾਂ ਦੇ ਬੋਝ ਅੱਗੇ ਨਾਕਾਫ਼ੀ ਸਾਬਤ ਹੋ ਰਹੀਆਂ ਸਨ।
ਦੂਜੇ ਪਾਸੇ ਮਾਲ ਵਿਭਾਗ, ਆਰ ਟੀ ਓ ਅਤੇ ਪਾਵਰਕੌਮ ਦੇ ਦਫ਼ਤਰਾਂ ਵਿੱਚ ਵੀ ਦਿਨ ਭਰ ਸੁੰਨ ਪਸਰੀ ਰਹੀ। ਜ਼ਮੀਨਾਂ ਦੀਆਂ ਰਜਿਸਟਰੀਆਂ ਕਰਵਾਉਣ, ਵਾਹਨਾਂ ਦੇ ਡਰਾਈਵਿੰਗ ਲਾਇਸੈਂਸ ਬਣਾਉਣ ਅਤੇ ਬਿਜਲੀ ਦੇ ਬਿੱਲ ਜਮ੍ਹਾਂ ਕਰਵਾਉਣ ਆਏ ਆਮ ਨਾਗਰਿਕ ਦਫ਼ਤਰਾਂ ਦੇ ਬਾਹਰ ਚੱਕਰ ਲਾ ਕੇ ਬਿਨਾਂ ਕੰਮ ਕਰਵਾਏ ਮੁੜਨਾ ਪਿਆ। ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨੇ ਆਖਿਆ ਕਿ ਮੁੱਖ ਮੰਤਰੀ ਨਾਲ ਤੈਅ ਮੀਟਿੰਗ ਨਾ ਹੋਣ ਕਾਰਨ ਉਨ੍ਹਾਂ ਆਪਣੀ ਹੜਤਾਲ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ। ਮੁਲਾਜ਼ਮ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਜਲਦੀ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਅੰਦੋਲਨ ਨੂੰ ਹੋਰ ਤਿੱਖਾ ਕੀਤਾ ਜਾਵੇਗਾ, ਜਿਸ ਨਾਲ ਆਮ ਜਨਤਾ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ।
ਮੁੱਲਾਂਪੁਰ ਦਾਖਾ/ਜਗਰਾਉਂ/ਰਾਏਕੋਟ (ਚਰਨਜੀਤ ਸਿੰਘ ਢਿੱਲੋਂ): ਸੂਬਾਈ ਹੜਤਾਲ ਦੇ ਸੱਦੇ ’ਤੇ ਮੁੱਲਾਂਪੁਰ ਦਾਖਾ ਵਿੱਚ ਤਹਿਸੀਲ, ਉਪ-ਮੰਡਲ ਮੈਜਿਸਟਰੇਟ ਦਫਤਰ, ਨਗਰ ਕੌਂਸਲ, ਹਸਪਤਾਲ ਸਣੇ ਸਾਰੇ ਸਰਕਾਰੀ ਅਦਾਰਿਆਂ ਵਿੱਚ ਕੋਈ ਵੀ ਮੁਲਾਜ਼ਮ ਆਪਣੀ ਸੀਟ ’ਤੇ ਨਾ ਬੈਠਾ। ਸਾਰੇ ਵਿਭਾਗਾਂ ਦੇ ਦਫ਼ਤਰਾਂ ਵਿੱਚ ਸੰਨਾਟਾ ਛਾਇਆ ਰਿਹਾ। ਪਿੰਡਾਂ ਤੋਂ ਕੰਮ-ਕਾਰਾਂ ਲਈ ਆਏ ਹੜਤਾਲ ਤੋਂ ਬੇਖ਼ਬਰ ਲੋਕ ਦਫ਼ਤਰਾਂ ਵਿੱਚ ਖ਼ਾਲੀ ਕੁਰਸੀਆਂ ਅਤੇ ਤਾਲੇ ਲੱਗੇ ਦੇਖ ਨਿਰਾਸ਼ ਹੋ ਮੁੜਦੇ ਰਹੇ। ਮੁਲਾਜ਼ਮਾਂ ਨੇ ਸਾਂਝੇ ਤੌਰ ’ਤੇ ਸਰਕਾਰ ਖ਼ਿਲਾਫ਼ ਰੈਲੀ ਕਰਦਿਆਂ ਮੰਗਾਂ ਮੰਨੇ ਜਾਣ ਤੱਕ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਦੁਹਰਾਇਆ।
ਇਸੇ ਦੌਰਾਨ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਜਗਰਾਉਂ ਦੇ ਲਾਲਾ ਲਾਜਪਤ ਰਾਏ ਯਾਦਗਾਰੀ ਬੱਸ ਟਰਮੀਨਲ ਵਿੱਚ ਰੈਲੀ ਕੀਤੀ। ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਹਾਈ ਕੋਰਟ ਦੇ ਹੁਕਮਾਂ ਮੁਤਾਬਕ 18 ਫ਼ੀਸਦੀ ਮਹਿੰਗਾਈ ਭੱਤਾ ਦੇਣ ਅਤੇ ਯਕਮੁਸ਼ਤ ਬਕਾਇਆ ਜਾਰੀ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਠੇਕੇਦਾਰੀ ਸਿਸਟਮ ਅਤੇ ਆਊਟਸੋਰਸ ਬੰਦ ਕਰਨ, ਪੈਨਸ਼ਨਰਾਂ ਨੂੰ ਛੇਵੇਂ ਤਨਖਾਹ ਕਮਿਸ਼ਨ ਦੇ ਨੋਟੀਫਿਕੇਸ਼ਨ ਮੁਤਾਬਿਕ 2.59 ਦਾ ਗੁਣਾਕ ਜਾਰੀ ਕਰਨ, 37 ਕਿਸਮ ਦੇ ਬੰਦ ਕੀਤੇ ਭੱਤੇ ਬਹਾਲ ਕਰਨ ਅਤੇ ਏ ਸੀ ਪੀ ਸਕੀਮ ਲਾਗੂ ਕਰਨ ਦੀ ਮੰਗ ਕੀਤੀ। ਰੈਲੀ ਨੂੰ ਸਵਰਨ ਸਿੰਘ ਹਠੂਰ, ਪਰਮਜੀਤ ਸਿੰਘ ਸਕੱਤਰ, ਅਸ਼ੋਕ ਭੰਡਾਰੀ, ਪਰਮਜੀਤ ਦੁੱਗਲ, ਅਵਤਾਰ ਗਗੜਾ, ਮੁਖਤਿਆਰ ਸਿੰਘ ਢੋਲਣ, ਸੁਖਪਾਲ ਸਿੰਘ, ਸੁਖਵਿੰਦਰ ਸਿੰਘ, ਭੁਪਿੰਦਰ ਬਰਾੜ, ਮਨਪ੍ਰੀਤ ਸਿੰਘ, ਮਨਜੀਤ ਸਿੰਘ ਸਵੱਦੀ ਅਤੇ ਕੰਵਲਜੀਤ ਖੰਨਾ ਨੇ ਸੰਬੋਧਨ ਕੀਤਾ। ਸਾਰੀਆਂ ਜਥੇਬੰਦੀਆਂ ਦੇ ਆਗੂਆਂ ਨੇ ਮੁੱਖ ਚੌਕ ਤੱਕ ਮਾਰਚ ਕਰਦਿਆਂ ਸਰਕਾਰ ਖ਼ਿਲਾਫ਼ ਨਾਅਰੇ ਲਾਏ ਅਤੇ ਚੌਕ ਵਿੱਚ ਪਿੱਟ ਸਿਆਪਾ ਕੀਤਾ।
ਇਸੇ ਦੌਰਾਨ ਕਲਮ ਛੋੜ ਹੜਤਾਲ ਨੂੰ ਰਾਏਕੋਟ ਵਿੱਚ ਭਰਵਾਂ ਹੁੰਗਾਰਾ ਮਿਲਿਆ। ਹਸਪਤਾਲ ਦੀ ਓ ਪੀ ਡੀ, ਉਪ-ਮੰਡਲ ਦਫ਼ਤਰ, ਤਹਿਸੀਲ ਕੰਪਲੈਕਸ ਸਮੇਤ ਸਾਰੇ ਸਰਕਾਰੀ ਅਦਾਰਿਆਂ ਵਿੱਚ ਕੰਮ ਬੰਦ ਰਿਹਾ। ਮੁਲਾਜ਼ਮਾਂ ਨੇ ਸਾਂਝੇ ਮੰਚ ’ਤੇ ਇਕੱਠੇ ਹੋ ਕੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਅਧਿਆਪਕ ਆਗੂ ਜੰਗਪਾਲ ਸਿੰਘ, ਰਾਜਵਿੰਦਰ ਸਿੰਘ, ਨਰਿੰਦਰ ਸਿੰਘ, ਰਾਜਨ ਸਿੰਘ, ਸੁਭਾਸ਼ ਚੰਦਰ, ਹਰਜਿੰਦਰ ਸਿੰਘ ਅਤੇ ਕੁਲਦੀਪ ਸਿੰਘ, ਦਵਿੰਦਰ ਸਿੰਘ ਬੱਬੀ ਸਫਾਈ ਕਰਮਚਾਰੀ, ਹਰਬਖਸ਼ੀਸ ਸਿੰਘ ਭਾਰਤੀ ਕਿਸਾਨ ਯੂਨੀਅਨ (ਡਕੌਂਦਾ), ਸੁਭਾਸ਼ ਸਿੰਘ ਰਾਜੋਆਣਾ ਸਿਹਤ ਵਿਭਾਗ, ਜਸਵਿੰਦਰ ਸਿੰਘ ਐਤੀਆਣਾ 4161 ਮਾਸਟਰ ਕਾਡਰ ਯੂਨੀਅਨ, ਜਸਵੀਰ ਸਿੰਘ ਆਂਡਲੂ ਗਰਿੱਡ ਯੂਨੀਅਨ, ਬਲਵਿੰਦਰ ਸਿੰਘ ਐੱਸ ਸੀ ਬੀ ਸੀ ਯੂਨੀਅਨ, ਨਵਨੀਤ ਕੁਮਾਰ ਐੱਨ ਐੱਸ ਕਿਊ, ਪ੍ਰਕਾਸ਼ ਸਿੰਘ ਸੀਟੂ, ਤਰਲੋਚਨ ਸਿੰਘ ਹਠੂਰ ਪਾਵਰਕੌਮ, ਅਮਨਦੀਪ ਸਿੰਘ ਰਮਸਾ, ਸੰਦੀਪ ਵਾਲੀਆ ਕੰਪਿਊਟਰ, ਗੁਰਮੀਤ ਸਿੰਘ ਨਗਰ ਕੌਂਸਲ ਪ੍ਰਧਾਨ ਨੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕੀਤਾ।
ਸਮਰਾਲਾ (ਡੀ ਪੀ ਐੱਸ ਬੱਤਰਾ): ਪੰਜਾਬ ਦੀਆਂ ਸਮੂਹ ਮੁਲਾਜ਼ਮ ਜਥੇਬੰਦੀਆਂ ਦੇ ਸੱਦੇ ਦੇ ਸਮਰਥਨ ਵਿੱਚ ਮਾਰਕਿਟ ਕਮੇਟੀ ਸਮਰਾਲਾ ਦੇ ਕਰਮਚਾਰੀਆਂ ਨੇ ਸਕੱਤਰ ਹਰਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਸਮੂਹਿਕ ਛੁੱਟੀ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਮਾਰਕਿਟ ਕਮੇਟੀ ਕਰਮਚਾਰੀ ਯੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸੁਖਬੀਰ ਸਿੰਘ ਗਰੇਵਾਲ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।
ਇਸੇ ਦੌਰਾਨ ਪੁਰਾਣੀ ਅਨਾਜ ਮੰਡੀ ਵਿੱਚ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਸਮੂਹ ਅਧਿਆਪਕ ਜਥੇਬੰਦੀਆਂ ਨੇ ਰੋਸ ਰੈਲੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਡੈਮੋਕਰੇਟਿਕ ਟੀਚਰਜ਼ ਫਰੰਟ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਸਮਰਾਲਾ ਨੇ ਕਿਹਾ ਕਿ ਮੁਲਾਜ਼ਮ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਅਤੇ ਮੁਲਾਜ਼ਮ ਮਾਰੂ ਨੀਤੀਆਂ ਨੂੰ ਹੁਣ ਹੋਰ ਬਰਦਾਸ਼ਤ ਨਹੀਂ ਕਰਨਗੇ, ਸਗੋਂ ਇਸ ਵਿਰੁੱਧ ਆਰ-ਪਾਰ ਦੀ ਲੜਾਈ ਲਈ ਮੈਦਾਨ ਵਿੱਚ ਆਉਣਗੇ। ਰੈਲੀ ਨੂੰ ਵੱਖ-ਵੱਖ ਬੁਲਾਰਿਆਂ ਵੱਲੋਂ ਸੰਬੋਧਨ ਕਰਨ ਉਪਰੰਤ ਸਮਰਾਲਾ ਸ਼ਹਿਰ ਵਿੱਚ ਪੁਰਾਣੀ ਦਾਣਾ ਮੰਡੀ ਤੋਂ ਲੈ ਕੇ ਸਮਰਾਲਾ ਚੌਕ ਤੱਕ ਰੋਸ ਮਾਰਚ ਵੀ ਕੀਤਾ ਗਿਆ।
ਸਵੱਦੀ ਕਲਾਂ ’ਚ ਅਰਥੀ ਫੂਕੀ
ਜਗਰਾਉਂ (ਜਸਬੀਰ ਸ਼ੇਤਰਾ): ਬਲਾਕ ਸਿੱਧਵਾਂ ਬੇਟ-2 ਦੇ ਅਧਿਆਪਕਾਂ ਨੇ ਹੋਰ ਮੁਲਾਜ਼ਮਾਂ ਨਾਲ ਮਿਲ ਕੇ ਅੱਜ ਸਵੱਦੀ ਕਲਾਂ ਵਿੱਚ ਪੰਜਾਬ ਸਰਕਾਰ ਦੀ ਅਰਥੀ ਫੂਕੀ। ਸਾਂਝਾ ਮੁਲਾਜ਼ਮ ਮੰਚ ਪੰਜਾਬ ਤੇ ਮੁਲਾਜ਼ਮ ਤਾਲਮੇਲ ਕਮੇਟੀ ਪੰਜਾਬ ਦੇ ਸੱਦੇ ’ਤੇ ਮੁਜ਼ਾਹਰੇ ਸਮੇਂ ਅਧਿਆਪਕ ਆਗੂਆਂ ਨੇ ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਦੁਹਰਾਇਆ। ਮੁਲਾਜ਼ਮ ਆਗੂ ਜਤਿੰਦਰਪਾਲ ਸਿੰਘ ਤਲਵੰਡੀ, ਬਲਵੀਰ ਸਿੰਘ ਬਾਸੀਆਂ, ਹਰਵਿੰਦਰ ਸਿੰਘ ਪੁੜੈਣ, ਚਰਨਜੀਤ ਸਿੰਘ ਸੰਗਤਪੁਰਾ, ਪਰਮਜੀਤ ਸਿੰਘ ਸਵੱਦੀ, ਪੰਜਾਬ ਲੋਕ ਮੰਚ ਤੋਂ ਹਰਕੇਸ਼ ਚੌਧਰੀ, ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਗੁਰਦੀਪ ਸਿੰਘ ਬਾਸੀ ਨੇ ਕਿਹਾ ਕਿ ਮੁਲਾਜ਼ਮ ਮੰਗਾਂ ਪ੍ਰਤੀ ਸਰਕਾਰ ਆਪਣਾ ਅੜੀਅਲ ਵਤੀਰਾ ਨਹੀਂ ਛੱਡ ਰਹੀ। ਇਸ ਮੌਕੇ ਜਸਪਾਲ ਸਿੰਘ ਸੈਂਟਰ ਹੈੱਡ ਟੀਚਰ, ਜਸਮੇਲ ਸਿੰਘ ਭੱਠਾ ਧੂਹਾ, ਸਤਵੀਰ ਸਿੰਘ ਮੁੱਲਾਂਪੁਰ, ਜਰਨੈਲ ਸਿੰਘ ਪੁੜੈਣ, ਰਛਪਾਲ ਸਿੰਘ, ਮੇਜਰ ਸਿੰਘ ਹਿੱਸੋਵਾਲ, ਵਰਿੰਦਰ ਸਿੰਘ ਮੁੱਲਾਂਪੁਰ, ਪ੍ਰੀਤਮ ਸਿੰਘ ਸਵੱਦੀ, ਇੰਦਰਜੀਤ ਸਿੰਘ ਘਮਨੇਵਾਲ, ਕਮਲਜੀਤ ਸਿੰਘ ਬਾਸੀਆਂ, ਜਗਦੀਪ ਕੌਰ ਪੁੜੈਣ, ਰੁਪਿੰਦਰ ਕੌਰ ਬਾਸੀਆਂ, ਚਰਨਜੀਤ ਕੌਰ, ਸਰਬਜੀਤ ਕੌਰ, ਮਨਿੰਦਰ ਕੌਰ ਅਤੇ ਜਸਵੀਰ ਕੌਰ ਹਾਜ਼ਰ ਸਨ।
ਸਕੂਲ ਤੇ ਦਫ਼ਤਰ ਬੰਦ ਕਰ ਕੇ ਧਰਨੇ ’ਚ ਪੁੱਜੇ ਮੁਲਾਜ਼ਮ ਤੇ ਪੈਨਸ਼ਨਰ
ਗੁਰੂਸਰ ਸੁਧਾਰ (ਸੰਤੋਖ ਗਿੱਲ): ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਵਾਅਦੇ ਪੂਰੇ ਨਾ ਕਰਨ ਦੇ ਦੋਸ਼ ਲਾਉਂਦਿਆਂ ਪੰਜਾਬ ਭਰ ਵਿੱਚ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਗਏ। ਗੁਰੂਸਰ ਸੁਧਾਰ ਇਲਾਕੇ ਦੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਅਤੇ ਮੁਲਾਜ਼ਮਾਂ ਨੇ ਸਮੂਹਿਕ ਛੁੱਟੀ ਲੈ ਕੇ ਰੈਲੀ ਵਿੱਚ ਸ਼ਮੂਲੀਅਤ ਕੀਤੀ ਅਤੇ ਪ੍ਰਦਰਸ਼ਨਕਾਰੀਆਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਵੀ ਫੂਕਿਆ ਗਿਆ। ਰੈਲੀ ਨੂੰ ਸੰਬੋਧਨ ਕਰਦਿਆਂ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਜ਼ਿਲ੍ਹਾ ਲੁਧਿਆਣਾ ਦੇ ਸਕੱਤਰ ਹਰਜੀਤ ਸਿੰਘ ਸੁਧਾਰ ਨੇ ਕਿਹਾ ਕਿ ਸਰਕਾਰ ਬਣਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਪੂਰੀਆਂ ਕਰਨ ਦੇ ਵਾਅਦੇ ਕੀਤੇ ਗਏ ਸਨ, ਪਰ ਸਾਢੇ ਚਾਰ ਸਾਲ ਬੀਤਣ ਦੇ ਬਾਵਜੂਦ ਮੁੱਖ ਮੰਗਾਂ ਹੱਲ ਨਹੀਂ ਹੋਈਆਂ। ਇਸ ਮੌਕੇ ਬਲਾਕ ਸੁਧਾਰ ਦੇ ਪ੍ਰਧਾਨ ਗੁਰਦੀਪ ਸਿੰਘ ਹੇਰਾਂ, ਗੁਲਬਾਗ ਸਿੰਘ, ਜਸਮੇਲ ਸਿੰਘ, ਧਰਮਜੀਤ ਸਿੰਘ ਬਾਰਦੇਕੇ, ਸੁਖਵਿੰਦਰ ਸਿੰਘ ਸੁਧਾਰ, ਮਨੋਹਰ ਸਿੰਘ, ਇੰਦਰਪਾਲ ਸਿੰਘ, ਹਰਜਸਵਿੰਦਰ ਸਿੰਘ, ਸਰਬਜੀਤ ਕੌਰ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ ਸਮੇਤ ਹੋਰ ਆਗੂਆਂ ਨੇ ਸੰਬੋਧਨ ਕੀਤਾ।
ਸਮੂਹਿਕ ਛੁੱਟੀ ਦੇ ਸੱਦੇ ’ਤੇ ਸਕੂਲ ਬੰਦ
ਡੇਹਲੋਂ (ਪ੍ਰੀਤਮ ਸਿੰਘ): ਕਸਬਾ ਡੇਹਲੋਂ ਅਤੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ’ਤੇ ਸਮੂਹਿਕ ਛੁੱਟੀ ਲੈਣ ਕਾਰਨ ਅੱਜ ਸਾਰੇ ਸਕੂਲ ਬੰਦ ਰਹੇ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੇਹਲੋਂ, ਗਿੱਲ ਲੜਕੇ, ਗਿੱਲ ਲੜਕੀਆਂ, ਕਿਲਾ ਰਾਏਪੁਰ, ਹਾਈ ਸਕੂਲ ਮੁਕੰਦਪੁਰ ਅਤੇ ਮਿਡਲ ਸਕੂਲ ਰੁੜਕਾ ਵਿੱਚ ਦੌਰੇ ਦੌਰਾਨ ਸਕੂਲ ਬੰਦ ਮਿਲੇ। ਸਕੂਲਾਂ ਵਿੱਚ ਸੌ ਫੀਸਦੀ ਬੱਚੇ ਨਹੀਂ ਆਏ ਅਤੇ ਮਿੱਡ-ਡੇਅ ਮੀਲ ਵੀ ਨਹੀਂ ਬਣਿਆ। ਅਧਿਆਪਕਾਂ ਨੇ ਸਕੂਲਾਂ ਅੱਗੇ ਦਰੀਆਂ ਵਿਛਾ ਕੇ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ। ਸਕੂਲਾਂ ਵਿੱਚ ਅਧਿਆਪਕਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਹਰੇਕ ਸਕੂਲ ਵਿੱਚੋਂ ਅਧਿਆਪਕਾਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਲੁਧਿਆਣਾ ਵਿੱਚ ਜ਼ਿਲ੍ਹਾ ਪੱਧਰੀ ਰੋਸ ਧਰਨੇ ਵਿੱਚ ਸ਼ਮੂਲੀਅਤ ਕੀਤੀ। ਬਲਾਕ ਵਿਕਾਸ ਦਫ਼ਤਰ ਡੇਹਲੋਂ ਦੇ ਕਰਮਚਾਰੀ ਵੀ ਛੁੱਟੀ ’ਤੇ ਰਹੇ। ਪ੍ਰਾਇਮਰੀ ਸਿਹਤ ਸੇਵਾ ਕੇਂਦਰ ਭੁੱਟਾ, ਘਵੱਦੀ, ਰੁੜਕਾ ਅਤੇ ਬਟਾਹਰੀ ਦੇ ਮੁਲਾਜ਼ਮ ਛੁੱਟੀ ’ਤੇ ਰਹੇ। ਮੁਲਾਜ਼ਮ ਆਗੂ ਅਜੀਤਪਾਲ ਸਿੰਘ ਜੱਸੋਵਾਲ ਨੇ ਦੱਸਿਆ ਕਿ ਸਮੁੱਚਾ ਮੁਲਾਜ਼ਮ ਵਰਗ ਇੱਕ ਝੰਡੇ ਥੱਲੇ ਇਕੱਤਰ ਹੋ ਕੇ ਸਰਕਾਰ ਖ਼ਿਲਾਫ਼ ਆਰ-ਪਾਰ ਦੀ ਲੜਾਈ ਦੇ ਮੈਦਾਨ ਵਿੱਚ ਨਿੱਤਰ ਆਇਆ ਹੈ।

