ਕੁੜੀਆਂ ਲਈ ਸਰਕਾਰੀ ਕਾਲਜ ਫਾਰ ਗਰਲਜ਼ ਪਹਿਲੀ ਪਸੰਦ ਬਣਿਆ
ਸਤਵਿੰਦਰ ਬਸਰਾ
ਲੁਧਿਆਣਾ, 22 ਜੂਨ
ਲੁਧਿਆਣਾ ਦੀਆਂ ਲੜਕੀਆਂ ਲਈ ਸਰਕਾਰੀ ਕਾਲਜ ਫਾਰ ਗਰਲਜ਼ ਪਹਿਲੀ ਪਸੰਦ ਬਣਿਆ ਹੋਇਆ ਹੈ। ਇਸ ਦਾ ਅੰਦਾਜ਼ਾ ਸੀਟਾਂ ਦੇ ਮੁਕਾਬਲੇ ਕਈ ਗੁਣਾਂ ਵੱਧ ਹੋਈ ਰਜਿਸਟ੍ਰੇਸ਼ਨ ਤੋਂ ਲਾਇਆ ਜਾ ਸਕਦਾ ਹੈ। ਇਸ ਕਾਲਜ ਤੋਂ ਪੜ੍ਹ ਕੇ ਗਈਆਂ ਕਈ ਵਿਦਿਆਰਥਣਾਂ ਨੇ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਦੇਸ਼ ਦਾ ਨਾਂ ਉੱਚਾ ਕੀਤਾ ਹੈ। ਨਵੇਂ ਸੈਸ਼ਨ ਲਈ ਕਾਲਜ ਵਿੱਚ ਬੀਕਾਮ, ਬੀਏ, ਬੀਐੱਸਸੀ (ਮੈਡੀਕਲ), ਸੀਐੱਸਸੀ (ਨਾਨ ਮੈਡੀਕਲ), ਬੀਬੀਏ, ਬੀਸੀਏ ਪਹਿਲਾ ਸਾਲ ਦੇ ਵਿਦਿਆਰਥੀਆਂ ਦੇ ਦਾਖ਼ਲੇ ਕੀਤੇ ਜਾਣੇ ਹਨ। ਇਸ ਸਬੰਧੀ ਮੈਰਿਟ ਸੂਚੀ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ।
ਸਕੂਲੀ ਪੜ੍ਹਾਈ ਤੱਕ ਭਾਵੇਂ ਬਹੁਤੇ ਮਾਪਿਆਂ ਵੱਲੋਂ ਸਰਕਾਰੀ ਸਕੂਲਾਂ ਦੀ ਥਾਂ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਾਉਣ ਨੂੰ ਪਹਿਲ ਦਿੱਤੀ ਜਾਂਦੀ ਹੈ ਪਰ ਅਗਲੇਰੀ ਪੜ੍ਹਾਈ ਲਈ ਸਰਕਾਰੀ ਕਾਲਜ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਪਹਿਲੀ ਪਸੰਦ ਬਣਦੇ ਹਨ। ਪਿਛਲੇ ਕੁੱਝ ਸਾਲਾਂ ਤੋਂ ਸਰਕਾਰੀ ਕਾਲਜਾਂ ਵਿੱਚ ਦਾਖਲੇ ਲਈ ਰਜਿਸਟ੍ਰੇਸ਼ਨ ਆਨ ਲਾਈਨ ਕੀਤੀ ਹੋਈ ਹੈ। ਇਸ ਵਾਰ ਸਰਕਾਰੀ ਕਾਲਜ ਲੜਕੀਆਂ ਵਿੱਚ ਦਾਖਲਿਆਂ ਲਈ ਵਿਦਿਆਰਥਣਾਂ ਵਿੱਚ ਭਾਰੀ ਉਤਸ਼ਾਹ ਦਿਖਾਈ ਦੇ ਰਿਹਾ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਕਾਲਜ ਵਿੱਚ ਬੀਕਾਮ ਪਹਿਲਾ ਸਾਲ ਦੀਆਂ ਕੁੱਲ 140 ਸੀਟਾਂ ਹਨ ਪਰ ਦਾਖਲਿਆਂ ਲਈ 1149 ਵਿਦਿਆਰਥਣਾਂ ਨੇ ਆਪਣੇ ਨਾਮ ਰਜਿਸਟਰ ਕਰਵਾਏ ਹੋਏ ਹਨ। ਇਸੇ ਤਰ੍ਹਾਂ ਬੀਏ ਪਹਿਲਾ ਸਾਲ ਦੀਆਂ 630 ਸੀਟਾਂ ਲਈ 1188 ਨੇ ਰਜਿਸਟ੍ਰੇਸ਼ਨ ਕਰਵਾਈ ਹੋਈ ਹੈ। ਇੰਨਾਂ ਤੋਂ ਇਲਾਵਾ ਬੀਐੱਸਸੀ (ਮੈਡੀਕਲ) ਦੀਆਂ 120 ਸੀਟਾਂ ਲਈ 321, ਬੀਐੱਸਸੀ (ਨਾਨ ਮੈਡੀਕਲ) ਦੀਆਂ 160 ਸੀਟਾਂ ਲਈ 408, ਬੀਬੀਏ ਦੀਆਂ 80 ਸੀਟਾਂ ਲਈ 424, ਬੀਸੀਏ ਦੀਆਂ 80 ਸੀਟਾਂ ਲਈ 427 ਵਿਦਿਆਰਥਣਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੋਈ ਹੈ। ਰਜਿਸਟ੍ਰੇਸ਼ਨ ਅਨੁਸਾਰ ਕਾਲਜ ਵੱਲੋਂ ਮੈਰਿਟ ਸੂਚੀ ਵੀ ਜਾਰੀ ਕਰ ਦਿੱਤੀ ਗਈ ਹੈ। ਕਾਲਜ ਪ੍ਰਿੰਸੀਪਲ ਸੁਮਨ ਲਤਾ ਅਨੁਸਾਰ ਬੀਕਾਮ ਦੀ ਮੈਰਿਟ 100 ਫੀਸਦੀ ਰਹੀ ਹੈ। ਇਸੇ ਤਰ੍ਹਾਂ ਬੀਐੱਸਸੀ ਮੈਡੀਕਲ ਦੀ ਮੈਰਿਟ 87 ਫੀਸਦੀ ਤੱਕ ਰਹੀ ਹੈ। ਪ੍ਰਿੰਸੀਪਲ ਨੇ ਦੱਸਿਆ ਕਿ ਰਜਿਸਟ੍ਰੇਸ਼ਨ ਤਾਂ ਬਹੁਤ ਬੱਚਿਆਂ ਨੇ ਕਰਵਾਈ ਹੈ ਪਰ ਹੁਣ ਦਾਖਲਾ ਕਿੰਨੇ ਕੁ ਲੈਣ ਆਉਂਦੇ ਹਨ, ਇਹ ਆਉਣ ਵਾਲੇ ਦਿਨਾਂ ਵਿੱਚ ਸਾਫ ਹੋ ਜਾਵੇਗਾ।