Ludhiana Narayana e-Techno School Controversy: ਅਦਾਲਤੀ ਹੁਕਮਾਂ ’ਤੇ ਲੜਕੀ ਨੂੰ 10ਵੀਂ ਵਿੱਚ ਦਾਖ਼ਲਾ ਮਿਲਿਆ
ਸਕੂਲ ਨੂੰ ਨੋਟਿਸ ਜਾਰੀ ਕੀਤਾ
ਲੁਧਿਆਣਾ ਦੇ ਜਲੰਧਰ ਬਾਈਪਾਸ ਸਥਿਤ ਨਾਰਾਇਣਾ ਈ-ਟੈਕਨੋ ਸਕੂਲ ਪ੍ਰਬੰਧਕਾਂ ਨੂੰ ਆਖ਼ਰਕਾਰ ਅਦਾਲਤ ਦੇ ਸਖ਼ਤ ਹੁਕਮਾਂ ਅੱਗੇ ਝੁਕਣਾ ਪਿਆ ਹੈ। ਸਕੂਲ ਵੱਲੋਂ 10ਵੀਂ ਜਮਾਤ ਦੀ ਵਿਦਿਆਰਥਣ ਨੂੰ ਪੜ੍ਹਾਈ ਵਿੱਚ ਕਮਜ਼ੋਰ ਦੱਸ ਕੇ ਸਕੂਲ ਛੱਡਣ ਜਾਂ ਮੁੜ 9ਵੀਂ ਕਰਨ ਦਾ ਦਬਾਅ ਪਾਇਆ ਜਾ ਰਿਹਾ ਸੀ। ਲੋਕ ਅਦਾਲਤ ਦੇ ਦਖ਼ਲ ਮਗਰੋਂ ਲੜਕੀ ਨੂੰ ਮੁੜ ਦਸਵੀਂ ਜਮਾਤ ਵਿੱਚ ਦਾਖ਼ਲਾ ਦੇ ਦਿੱਤਾ ਗਿਆ ਹੈ। ਪੀੜਤ ਪਿਤਾ ਬਲਕਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਹਰਸਿਮਰਤ ਕੌਰ ਨੇ 9ਵੀਂ ਪਾਸ ਕਰਨ ਮਗਰੋਂ 10ਵੀਂ ਦੀ ਨਿਯਮਤ ਤੌਰ ’ਤੇ ਪੜ੍ਹਾਈ ਸ਼ੁਰੂ ਕੀਤੀ ਸੀ। ਸੈਸ਼ਨ ਦੇ ਵਿਚਕਾਰ ਹੀ ਸਕੂਲ ਪ੍ਰਸ਼ਾਸਨ ਨੇ ਬੱਚੀ ਸਮੇਤ 10-12 ਹੋਰ ਵਿਦਿਆਰਥੀਆਂ ਨੂੰ ਜਬਰੀ 9ਵੀਂ ਵਿੱਚ ਵਾਪਸ ਜਾਣ ਲਈ ਕਹਿਣਾ ਸ਼ੁਰੂ ਕਰ ਦਿੱਤਾ ਅਤੇ ਪਰਿਵਾਰ ’ਤੇ ਦਬਾਅ ਬਣਾਉਣ ਲਈ ਮਾਰਕਸ਼ੀਟ ਵੀ ਰੋਕ ਲਈ। ਪਰਿਵਾਰ ਵੱਲੋਂ ਵਿਰੋਧ ਕੀਤੇ ਜਾਣ ਮਗਰੋਂ ਸਕੂਲ ਪ੍ਰਸ਼ਾਸਨ ਨੇ ਬੱਚੀ ਨੂੰ ਜਮਾਤ ਵਿੱਚ ਬੈਠਣ ਤੋਂ ਰੋਕ ਦਿੱਤਾ। ਇਸ ਧੱਕੇਸ਼ਾਹੀ ਵਿਰੁੱਧ ਪਿਤਾ ਨੇ ਲੋਕ ਅਦਾਲਤ ਦਾ ਰੁੱਖ ਕੀਤਾ ਅਤੇ ਬੱਚੀ ਦੀ ‘ਸਟੂਡੈਂਟ ਡਾਇਰੀ’ ਅਦਾਲਤ ਵਿੱਚ ਸਬੂਤ ਵਜੋਂ ਪੇਸ਼ ਕੀਤੀ ਜਿਸ ’ਤੇ ਪ੍ਰਿੰਸੀਪਲ ਅਤੇ ਕਲਾਸ ਟੀਚਰ ਦੇ ਦਸਤਖ਼ਤ ਸਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਲੋਕ ਅਦਾਲਤ ਨੇ ਬੱਚੀ ਨੂੰ ਤੁਰੰਤ 10ਵੀਂ ਵਿੱਚ ਬਿਠਾਉਣ ਦੇ ਅੰਤਰਿਮ ਹੁਕਮ ਜਾਰੀ ਕੀਤੇ।
ਇਸ ਮਾਮਲੇ ਵਿੱਚ ਪੀੜਤ ਪਰਿਵਾਰ ਵੱਲੋਂ ਸੀ ਬੀ ਐੱਸ ਈ ਦੇ ਖੇਤਰੀ ਦਫ਼ਤਰ ਅਤੇ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਕੋਲ ਵੀ ਲਿਖਤੀ ਸ਼ਿਕਾਇਤ ਦਰਜ ਕਰਵਾਈ ਜਾ ਚੁੱਕੀ ਹੈ। ਲੋਕ ਅਦਾਲਤ ਨੇ ਸਖ਼ਤ ਨੋਟਿਸ ਲੈਂਦਿਆਂ ਸਕੂਲ ਪ੍ਰਬੰਧਕਾਂ ਨੂੰ 12 ਅਕਤੂਬਰ ਲਈ ਨੋਟਿਸ ਜਾਰੀ ਕੀਤਾ ਹੈ।

