ਵੋਟਾਂ ਤੋਂ ਵਿਹਲੇ ਹੋਏ ਘੁੰਮਣ ਨੇ ਮੁੜ ਫਰੋਲੀਆਂ ਫਾਈਲਾਂ
ਗੁਰਿੰਦਰ ਸਿੰਘ
ਲੁਧਿਆਣਾ, 20 ਜੂਨ
ਹਲਕਾ ਪੱਛਮੀ ਦੀ ਜ਼ਿਮਨੀ ਚੋਣ ਦੀਆਂ ਵੋਟਾਂ ਪੈਣ ਦਾ ਕੰਮ ਨਿਪਟਣ ਤੋਂ ਬਾਅਦ ਵੱਖ ਵੱਖ ਉਮੀਦਵਾਰ ਅੱਜ ਇੱਕ ਮਹੀਨੇ ਦੀ ਲੰਮੀ ਭੱਜਦੌੜ ਤੋਂ ਬਾਅਦ ਆਰਾਮ ਦੇ ਪਲਾਂ ਵਿੱਚ ਨਜ਼ਰ ਆਏ।
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਅੱਜ ਸਵੇਰੇ ਰੋਜ਼ਾਨਾ ਵਾਂਗ ਗੁਰਦੁਆਰਾ ਨਾਨਕਸਰ ਨਤਮਸਤਕ ਹੋਣ ਲਈ ਗਏ। ਉਸ ਮਗਰੋਂ ਉਨ੍ਹਾਂ ਪਰਿਵਾਰ ਸਮੇਤ ਨਾਸ਼ਤਾ ਕੀਤਾ ਅਤੇ ਉਨ੍ਹਾਂ ਦੇ ਚੋਣ ਪ੍ਰਚਾਰ ਲਈ ਆਏ ਰਿਸ਼ਤੇਦਾਰਾਂ ਨਾਲ ਜਿੱਥੇ ਉਨ੍ਹਾਂ ਹਾਸਾ ਠੱਠਾ ਕਰਦਿਆਂ ਚੋਣ ਦਿਲਚਸਪੀਆਂ ਸਾਂਝੀਆਂ ਕੀਤੀਆਂ ਉੱਥੇ ਉਨ੍ਹਾਂ ਵੱਖ ਵੱਖ ਪਰਿਵਾਰਿਕ ਮੈਂਬਰਾਂ ਤੋਂ ਕੱਲ ਪਈਆਂ ਵੋਟਾਂ ਦੌਰਾਨ ਰਿਪੋਰਟ ਵੀ ਹਾਸਲ ਕੀਤੀ।
ਇਸ ਕੰਮ ਤੋਂ ਵਿਹਲੇ ਹੋ ਕੇ ਐਡਵੋਕੇਟ ਘੁੰਮਣ ਨੇ ਆਪਣੀ ਕਚਹਿਰੀ ਦੀਆਂ ਫਾਈਲਾਂ ਤੇ ਨਜ਼ਰ ਮਾਰੀ ਅਤੇ ਭਲਕੇ ਅਦਾਲਤ ਵਿੱਚ ਪੇਸ਼ੀ ਵਾਲੇ ਕੇਸਾਂ ਵਿੱਚ ਹਾਜ਼ਰ ਹੋਣ ਦੀ ਤਿਆਰੀ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਐਡਵੋਕੇਟ ਘੁੰਮਣ ਨੇ ਦੱਸਿਆ ਕਿ ਉਹ ਪਿਛਲੇ ਲਗਪਗ ਇੱਕ ਮਹੀਨੇ ਤੋਂ ਕਚਹਿਰੀ ਵਿੱਚੋਂ ਛੁੱਟੀ ’ਤੇ ਚੱਲ ਰਹੇ ਸਨ ਅਤੇ ਭਲਕੇ ਉਹ ਆਪਣੇ ਕੰਮ ’ਤੇ ਵਾਪਸ ਜਾਣਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਕਈ ਮਹੱਤਵਪੂਰਨ ਕੇਸਾਂ ਦੀਆਂ ਕੱਲ ਅਦਾਲਤਾਂ ਵਿੱਚ ਤਰੀਕਾਂ ਤੈਅ ਹਨ ਜਿਨ੍ਹਾਂ ਵਿੱਚ ਉਹ ਹਾਜ਼ਰ ਹੋਣਗੇ।
ਐਡਵੋਕੇਟ ਘੁੰਮਣ ਦੀ ਬੇਟੀ ਇਸ਼ਵਿਨ ਕੌਰ ਨੇ ਦੱਸਿਆ ਕਿ ਉਸ ਨੇ ਵੋਟਾਂ ਪੈਣ ਦੇ ਕੰਮ ਤੋਂ ਵਿਹਲੇ ਹੋ ਕੇ ਅੱਜ ਆਪਣੀ ਨੀਂਦ ਪੂਰੀ ਕੀਤੀ ਹੈ ਅਤੇ ਵੋਟਾਂ ਦਾ ਲੇਖਾ ਜੋਖਾ ਕਰਦਿਆਂ ਵੱਖ-ਵੱਖ ਆਗੂਆਂ ਤੋਂ ਰਿਪੋਰਟ ਹਾਸਲ ਕੀਤੀ ਹੈ ਜਿਨ੍ਹਾਂ ਦੀਆਂ ਡਿਊਟੀਆਂ ਪੋਲਿੰਗ ਬੂਥਾਂ ’ਤੇ ਲੱਗੀਆਂ ਸਨ। ਉਨ੍ਹਾਂ ਦਾ ਦਮਾਦ ਸਚਿਨ ਅਰੋੜਾ ਵੀ ਚੋਣਾਂ ਦੌਰਾਨ ਖਰਚੇ ਦਾ ਸਾਰਾ ਹਿਸਾਬ ਕਿਤਾਬ ਮੁਕੰਮਲ ਕਰ ਰਿਹਾ ਸੀ ਜਦਕਿ ਐਡਵੋਕੇਟ ਘੁੰਮਣ ਦੀ ਪਤਨੀ ਅਰਵਿੰਦਰ ਕੌਰ ਘੁੰਮਣ ਘਰ ਆਏ ਮਹਿਮਾਨਾਂ ਦੀ ਸੇਵਾ ਵਿੱਚ ਲੱਗੀ ਹੋਈ ਸੀ।