ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 1 ਜੂਨ
ਵਿਧਾਨ ਸਭਾ ਹਲਕਾ ਪੱਛਮੀ ਦੀ ਜ਼ਿਮਨੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਹਲਕਾ ਪੱਛਮੀ ਦੇ ਵੱਖ ਵੱਖ ਇਲਾਕਿਆਂ ਵਿੱਚ ਘਰ ਘਰ ਜਾ ਕੇ ਚੋਣ ਪ੍ਰਚਾਰ ਕਰ ਰਹੇ ਹਨ ਤੇ ਅਕਾਲੀ ਦਲ ਦੀ ਮਜ਼ਬੂਤੀ ਲਈ ਵੋਟਾਂ ਮੰਗ ਰਹੇ ਹਨ। ਐਡਵੋਕੇਟ ਘੁੰਮਣ ਨੇ ਹਲਕੇ ਦੇ ਜਵਾਹਰ ਨਗਰ, ਮਾਡਲ ਗ੍ਰਾਮ ਅਤੇ ਰਿਸ਼ੀ ਨਗਰ ਵਿੱਚ ਚੋਣ ਮੀਟਿੰਗਾਂ ਦੌਰਾਨ ਲੋਕਾਂ ਨੂੰ ਆਪਣੇ ਏਜੰਡੇ ਬਾਰੇ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਕੀਤਾ ਜਾ ਰਿਹਾ ਇੱਕ ਇੱਕ ਵਾਅਦਾ ਪੂਰਾ ਕੀਤਾ ਜਾਵੇਗਾ, ਜਦਕਿ ਝੂਠ ਤੇ ਫਰੇਬ ਦੀ ਰਾਜਨੀਤੀ ਕਰਨ ਵਾਲੇ ਇੱਕ ਵਾਰ ਮੁੜ ਤੁਹਾਡੀ ਵੋਟ ਹਾਸਲ ਕਰਨ ਲਈ ਝੂਠੇ ਵਾਅਦੇ ਕਰਕੇ ਗੁੰਮਰਾਹ ਕਰਨਗੇ ਪਰ ਤੁਸੀਂ ਹੁਣ ਉਨ੍ਹਾਂ ਦੇ ਝਾਂਸੇ ਵਿੱਚ ਨਹੀਂ ਆਉਣਾ। ਐਡਵੋਕੇਟ ਘੁੰਮਣ ਨੇ ਕਿਹਾ ਭਗਵੰਤ ਮਾਨ ਸਰਕਾਰ ਨੂੰ ਫੋਕੀ ਸ਼ੋਹਰਤ ਹਾਸਲ ਕਰਨ ਲਈ ਫਲੈਕਸਾਂ, ਪੋਸਟਰਾਂ ਅਤੇ ਅਖਬਾਰੀ ਇਸ਼ਤਿਹਾਰਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਅੱਜ ਹਰ ਘਰ ਦੀ ਔਰਤ ਭਗਵੰਤ ਮਾਨ ਸਰਕਾਰ ਵੱਲੋਂ 1000 ਰੁਪਏ ਮਹੀਨਾ ਦੇਣ ਦੇ ਵਾਅਦੇ ਨੂੰ ਨਾ ਪੂਰਾ ਹੋਣ ਕਰਕੇ ਚੋਣਾਂ ਦੌਰਾਨ ਸਬਕ ਸਿਖਾਉਣ ਦੀ ਗੱਲ ਕਰ ਰਹੀ ਹੈ।
ਐਡਵੋਕੇਟ ਘੁੰਮਣ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਆਪਣੇ ਹਲਕੇ ਦੇ ਵਿਕਾਸ ਅਤੇ ਬੁਨਿਆਦੀ ਸਹੂਲਤਾਂ ਨੂੰ ਪੂਰਾ ਕਰਨਾ ਚਾਹੁੰਦੇ ਹਨ ਤਾਂ ਆਪਣਾ ਕੀਮਤੀ ਵੋਟ ਪਾਉਣ ਸਮੇਂ ਇੱਕ ਵਾਰ ਜ਼ਰੂਰ ਸੋਚਣ ਕਿ ਉਨ੍ਹਾਂ ਦੀਆਂ ਆਸਾਂ ਅਤੇ ਉਮੀਦਾਂ ਤੇ ਕੌਣ ਪੂਰਾ ਉਤਰ ਸਕਦਾ ਹੈ। ਇਸ ਮੌਕੇ ਨਰੇਸ਼ ਧੀਂਗਾਨ, ਕੰਵਲਜੀਤ ਸਿੰਘ ਦੂਆ ਤੇ ਪਾਰਟੀ ਦੇ ਹੋਰ ਆਗੂ ਵੀ ਮੌਜੂਦ ਸਨ।