ਕਾਹਦੇ ਸਰਕਾਰੀ ਕੰਮ

ਨੀਲੋਂ ਪੁਲ ਚਾਲੂ ਕੀਤੇ ਬਿਨਾਂ ਹੀ ਘੁਲਾਲ ਟੌਲ ਪਲਾਜ਼ਾ ਸ਼ੁਰੂ

ਨੀਲੋਂ ਪੁਲ ਚਾਲੂ ਕੀਤੇ ਬਿਨਾਂ ਹੀ ਘੁਲਾਲ ਟੌਲ ਪਲਾਜ਼ਾ ਸ਼ੁਰੂ

ਸ਼ੁਰੂ ਕੀਤੇ ਘੁਲਾਲ ਟੌਲ ਪਲਾਜ਼ਾ ਦਾ ਦ੍ਰਿਸ਼।

ਡੀਪੀਐੱਸ ਬੱਤਰਾ
ਸਮਰਾਲਾ, 10 ਜੁਲਾਈ

ਨੈਸ਼ਨਲ ਹਾਈਵੇ ਅਥਾਰਟੀ ਨੇ ਲੁਧਿਆਣਾ-ਚੰਡੀਗੜ੍ਹ ਸਿਕਸ ਲੇਨ ਦਾ ਕੰਮ ਮੁਕੰਮਲ ਕੀਤੇ ਬਿਨਾਂ ਹੀ ਸਮਰਾਲਾ ਨੇੜੇ ਘੁਲਾਲ ਟੌਲ ਪਲਾਜ਼ੇ ਨੂੰ ਚੁੱਪ-ਚੁਪੀਤੇ ਸ਼ੁਰੂ ਕਰਦੇ ਹੋਏ ਲੋਕਾਂ ਦੀ ਲੁੱਟ ਸ਼ੁਰੂ ਕਰ ਦਿੱਤੀ ਹੈ। ਟੌਲ ਪਲਾਜ਼ਾ ਸ਼ੁਰੂ ਹੁੰਦੇ ਹੀ ਲੋਕਾਂ ਵੱਲੋਂ ਇਸ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਵਿਰੋਧ ਕਰਨ ਵਾਲੇ ਲੋਕ ਇਹ ਤਰਕ ਦੇ ਰਹੇ ਹਨ, ਕਿ ਹਾਈਵੇਅ ਵੱਲੋਂ ਸੜਕ ਨਿਰਮਾਣ ਦਾ ਕੰਮ ਮੁਕੰਮਲ ਕੀਤੇ ਬਿਨਾਂ ਹੀ ਟੌਲ ਟੈਕਸ ਦੀ ਵਸੂਲੀ ਕਰਨਾ ਗੈਰ-ਕਾਨੂੰਨੀ ਹੈ। ਸ਼ੁਰੂ ਕੀਤੇ ਇਸ ਘੁਲਾਲ ਟੌਲ ਪਲਾਜ਼ਾ ਤੋਂ 3 ਕਿਲੋਮੀਟਰ ਅੱਗੇ ਨੀਲੋਂ ਪੁਲ ’ਤੇ ਫਲਾਈ ਓਵਰ ਦਾ ਕੰਮ ਅਜੇ ਅਧੂਰਾ ਪਿਆ ਹੈ ਅਤੇ ਇਸ ਤੋਂ ਇਲਾਵਾ ਹਾਈਵੇਅ ’ਤੇ ਕਈ ਥਾਵਾਂ ’ਤੇ ਹਾਲੇ ਵੀ ਸੜਕ ’ਤੇ ਡੀਵਾਈਡਰ ਤੇ ਬੈਰੀਕੇਡਜ਼ ਲਗਾਉਣ ਦਾ ਕੰਮ ਪੂਰਾ ਨਹੀਂ ਕੀਤਾ ਜਾ ਸਕਿਆ। ਇਲਾਕੇ ਦੀਆਂ ਕਈ ਜਥੇਬੰਦੀਆਂ ਨੇ ਅਚਾਨਕ ਬਿਨਾਂ ਜਾਣਕਾਰੀ ਦਿੱਤੇ ਘੁਲਾਲ ਟੌਲ ਪਲਾਜ਼ਾ ਨੂੰ ਸ਼ੁਰੂ ਕੀਤੇ ਜਾਣ ਨੂੰ ਲੋਕਾਂ ਦੀ ਲੁੱਟ ਦੱਸਦੇ ਹੋਏ ਕਿਹਾ ਕਿ ਜਦੋਂ ਹਾਲੇ ਇਸ ਇਲਾਕੇ ਵਿੱਚ ਸੜਕ ਨਿਰਮਾਣ ਦਾ ਕੰਮ ਹੀ ਮੁਕੰਮਲ ਨਹੀਂ ਹੋਇਆ ਤਾਂ ਲੋਕਾਂ ਤੋਂ ਟੌਲ ਟੈਕਸ ਕਿਵੇਂ ਵਸੂਲਿਆ ਜਾ ਸਕਦਾ ਹੈ। ਇਨ੍ਹਾਂ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਸਰਹਿੰਦ ਨਹਿਰ ਦੇ ਨੀਲੋਂ ਪੁਲ ’ਤੇ ਬਣਨ ਵਾਲੇ ਫਲਾਈਓਵਰ ਦਾ ਕੰਮ ਵਿਚਾਲੇ ਲਟਕਿਆ ਹੋਇਆ ਹੈ ਅਤੇ ਲੁਧਿਆਣਾ ਤੱਕ ਕਈ ਥਾਵਾਂ ’ਤੇ ਹਾਲੇ ਵੀ ਸੜਕ ਨਿਰਮਾਣ ਦਾ ਕੰਮ ਚਲਦਾ ਹੋਣ ਕਰਕੇ ਟ੍ਰੈਫਿਕ ਨੂੰ ਭਾਰੀ ਮੁਸ਼ਕਲ ਪੇਸ਼ ਆ ਰਹੀ ਹੈ। ਓਧਰ ਇਲਾਕੇ ਦੇ ਕਈ ਲੋਕਾਂ ਨੇ ਟੌਲ ਪਲਾਜ਼ਾ ਸ਼ੁਰੂ ਕੀਤੇ ਜਾਣ ਦਾ ਵਿਰੋਧ ਕਰਦੇ ਹੋਏ ਦੱਸਿਆ ਕਿ ਨੈਸ਼ਨਲ ਹਾਈਵੇ ਅਥਾਰਟੀ ਦੇ ਨਿਯਮਾਂ ਮੁਤਾਬਕ 20 ਕਿਲੋਮੀਟਰ ਦੇ ਦਾਇਰੇ ਵਿੱਚ ਰਹਿਣ ਵਾਲੇ ਲੋਕਾਂ ਦੇ 275 ਰੁਪਏ ’ਚ ਸਾਲਾਨਾ ਪਾਸ ਬਣਾਏ ਜਾਣੇ ਸਨ, ਪਰ ਇਲਾਕੇ ਦੇ ਲੋਕਾਂ ਨੂੰ ਪਾਸ ਬਣਵਾਉਣ ਲਈ ਕੋਈ ਅਗਾਊਂ ਜਾਣਕਾਰੀ ਵੀ ਨਹੀਂ ਦਿੱਤੀ ਗਈ।

ਟੌਲ ਪਲਾਜ਼ਾ ਨੂੰ ਸ਼ੁਰੂ ਕਰਨਾ ਗਲਤ: ਵਿਧਾਇਕ

ਸਮਰਾਲਾ: ਇਸ ਸਬੰਧੀ ਕਾਂਗਰਸੀ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਕਿਹਾ ਕਿ ਨੀਲੋਂ ਪੁਲ ’ਤੇ ਫਲਾਈਓਵਰ ਦਾ ਕੰਮ ਅਜੇ ਅਧੂਰਾ ਪਿਆ ਹੈ, ਇਸ ਤੋਂ ਇਲਾਵਾ ਲੁਧਿਆਣਾ-ਚੰਡੀਗੜ੍ਹ ਛੇ ਮਾਰਗੀ ਸੜਕ ਨਿਰਮਾਣ ਦਾ ਕੰਮ ਮੁਕੰਮਲ ਕੀਤੇ ਬਿਨਾਂ ਹੀ ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਘੁਲਾਲ ਵਿੱਚ ਟੌਲ ਪਲਾਜ਼ੇ ਨੂੰ ਸ਼ੁਰੂ ਕਰਨਾ ਗਲਤ ਹੈ। ਉਨ੍ਹਾਂ ਕਿਹਾ ਕਿ ਜਦ ਤੱਕ ਸੜਕ ਦਾ ਨਿਰਮਾਣ ਕਾਰਜ ਪੂਰਾ ਨਹੀਂ ਹੋ ਜਾਂਦਾ ਊਦੋਂ ਤੱਕ ਟੌਲ ਪਲਾਜ਼ੇ ਨੂੰ ਤੁਰੰਤ ਬੰਦ ਕਰਨਾ ਚਾਹੀਦਾ ਹੈ। ਜਦੋਂ ਤੱਕ ਨੀਲੋਂ ਦਾ ਫਲਾਈਓਵਰ ਪੂਰੀ ਤਰ੍ਹਾਂ ਬਣ ਕੇ ਤਿਆਰ ਨਹੀਂ ਹੋ ਜਾਂਦਾ, ਉਦੋਂ ਤੱਕ ਇਹ ਟੋਲ ਪਲਾਜ਼ਾ ਸ਼ੁਰੂ ਨਹੀਂ ਹੋਣਾ ਚਾਹੀਦਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All