ਇਆਲੀ ਦੀ ਬੇੜੀ ’ਚ ਸਵਾਰ ਆਜ਼ਾਦ ਉਮੀਦਵਾਰਾਂ ਦਾ ਇਕੱਠ
ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਚੋਣਾਂ ਦੇ ਦਾਖਾ ਹਲਕੇ ਦੇ ਨਤੀਜੇ ਬਾਕੀ ਪੰਜਾਬ ਨਾਲੋਂ ਵੱਖਰੇ ਤੇ ਦਿਲਚਸਪ ਰਹਿਣ ਦੇ ਆਸਾਰ ਹਨ। ਇਥੋਂ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਹੁਣ ਸ਼੍ਰੋਮਣੀ ਅਕਾਲੀ ਦਲ ਛੱਡ ਚੁੱਕੇ ਹਨ ਅਤੇ ਅਕਾਲੀ ਦਲ (ਪੁਨਰ ਸੁਰਜੀਤ) ਨਾਲ ਜੁੜੇ ਹੋਏ ਹਨ। ਪਰ ਇਨ੍ਹਾਂ ਚੋਣਾਂ ਵਿੱਚ ਉਨ੍ਹਾਂ ਆਪਣੇ ਉਮੀਦਵਾਰ ਸਾਰੇ ਆਜ਼ਾਦ ਖੜ੍ਹੇ ਕੀਤੇ ਹਨ। ਉਲਟ ਹਵਾਵਾਂ ਵਿੱਚ ਵੀ ਵਿਧਾਨ ਸਭਾ ਚੋਣਾਂ ਜਿੱਤਣ ਵਾਲੇ ਮਨਪ੍ਰੀਤ ਸਿੰਘ ਇਆਲੀ ਦਾ ‘ਜਾਦੂ’ ਜੇ ਇਨ੍ਹਾਂ ਚੋਣਾਂ ਵਿੱਚ ਵੀ ਚੱਲਿਆ ਤਾਂ ਦਾਖਾ ਪੰਜਾਬ ਦਾ ਇਕਲੌਤਾ ਸਭ ਤੋਂ ਵੱਧ ਆਜ਼ਾਦ ਉਮੀਦਵਾਰ ਜਿਤਾਉਣ ਵਾਲਾ ਹਲਕਾ ਬਣ ਕੇ ਉੱਭਰੇਗਾ। ਵਿਧਾਇਕ ਇਆਲੀ ਦੇ ਦਫ਼ਤਰ ਵਿੱਚ ਅੱਜ ਇਨ੍ਹਾਂ ਸਾਰੇ ਉਮੀਦਵਾਰਾਂ ਤੇ ਹਮਾਇਤੀਆਂ ਦੀ ਭਰਵੀਂ ਮੀਟਿੰਗ ਹੋਈ। ਇਆਲੀ ਨੇ ਇਸ ਸਮੇਂ ਕਿਹਾ ਕਿ ਮੀਟਿੰਗ ਦੌਰਾਨ ਵਰਕਰਾਂ ਦਾ ਪੰਥਕ ਜਜ਼ਬਾ ਤੇ ਚੜ੍ਹਦੀਕਲਾ ਤੋਂ ਨਤੀਜੇ ਕਾਫੀ ਹੱਦ ਤਕ ਸਾਫ ਹੋ ਗਏ ਹਨ। ਉਨ੍ਹਾਂ ਕਿਹਾ ਕਿ ਦਾਖਾ ਹਲਕਾ ਕ੍ਰਾਂਤੀਕਾਰੀ ਸੋਚ ਵਾਲਾ ਹੈ, ਜਿੱਥੇ ਲੋਕ ਤੂਫ਼ਾਨਾਂ ਦੇ ਸਾਹਮਣੇ ਖੜ੍ਹੇ ਰਹਿਣਾ ਜਾਣਦੇ ਹਨ। ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਯਾਦ ਕਰਦਿਆਂ ਉਨ੍ਹਾਂ ਅੱਗੇ ਕਿਹਾ ਕਿ ਇਸ ਧਰਤੀ ਦੇ ਸੇਵਾਦਾਰ ਕਦੇ ਕਿਸੇ ਦਾ ਉਲਾਂਭਾ ਨਹੀਂ ਰੱਖਦੇ ਅਤੇ ਹਮੇਸ਼ਾ ਸਿਧਾਂਤਾਂ ’ਤੇ ਕਾਇਮ ਰਹਿੰਦੇ ਹਨ। ਉਨ੍ਹਾਂ ਦੇ ਬਲਾਕ ਸਮਿਤੀ ਉਮੀਦਵਾਰਾਂ ਨੂੰ ‘ਟਾਰਚ’ ਚੋਣ ਨਿਸ਼ਾਨ ਮਿਲਿਆ ਹੈ ਜਿਸ ਦੀ ਰੌਸ਼ਨੀ ਨਾਲ ਜ਼ਿਲ੍ਹਾ ਪਰਿਸ਼ਦ ਉਮੀਦਵਾਰਾਂ ਦਾ ਚੋਣ ਨਿਸ਼ਾਨ ‘ਟਰੱਕ’ ਰਫ਼ਤਾਰ ਫੜੇਗਾ। ਵਿਧਾਇਕ ਇਆਲੀ ਨੇ ਦੱਸਿਆ ਕਿ ਰਾਜਨੀਤੀ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਨੇ ਹਲਕੇ ਦੀ ਸੋਚ ਅਤੇ ਅਤੇ ਇਤਿਹਾਸ ’ਤੇ ਪਹਿਰਾ ਦਿੱਤਾ ਹੈ। ਜਦੋਂ ਕਿਸਾਨੀ ਅੰਦੋਲਨ ਉੱਠਿਆ ਤਾਂ ਉਹ ਡਟ ਕੇ ਕਿਸਾਨਾਂ ਦੇ ਨਾਲ ਖੜ੍ਹੇ ਰਹੇ। ਪੰਜਾਬ ਦੇ ਪਾਣੀਆਂ ਅਤੇ ਪੰਜਾਬੀ ਯੂਨੀਵਰਸਿਟੀ ਸਮੇਤ ਪੰਜਾਬ ਅਤੇ ਪੰਜਾਬੀਅਤ ਦੇ ਮਸਲੇ ’ਤੇ ਹਮੇਸ਼ਾ ਆਵਾਜ਼ ਬੁਲੰਦ ਕੀਤੀ ਹੈ ਤੇ ਕਰਦੇ ਰਹਿਣਗੇ। ਅਕਾਲ ਤਖ਼ਤ ਸਾਹਿਬ ਵਲੋਂ ਜੋ ਵੀ ਡਿਊਟੀ ਮਿਲੀ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਅ ਰਹੇ ਹਨ। ਹਾਜ਼ਰ ਅਕਾਲੀ ਯੋਧਿਆਂ ਨੂੰ ਸੰਬੋਧਨ ਕਰਦਿਆਂ ਇਆਲੀ ਨੇ ਕਿਹਾ ਕਿ ਉਹ ਆਪਣਾ ਫਰਜ਼ ਨਿਭਾਅ ਚੁੱਕੇ ਹਨ, ਹੁਣ ਲੋਕਾਂ ਦੀ ਵਾਰੀ ਹੈ। ਉਨ੍ਹਾਂ ਕਿਹਾ, ‘‘ਦਾਖਾ ਕਦੇ ਵੀ ਕਿਸੇ ਦੀ ਨੇਕੀ ਨਹੀਂ ਭੁੱਲਦਾ। ਜਿਵੇਂ ਇਲਾਕੇ ਨੇ ਸਿੱਖ ਨਸਲਕੁਸ਼ੀ ਦੀ ਪੈਰਵਾਈ ਲਈ ਫੂਲਕਾ ਸਾਹਿਬ ਨੂੰ ਚੁਣ ਕੇ ਇਤਿਹਾਸ ਬਣਾਇਆ ਸੀ, ਓਸੇ ਤਰ੍ਹਾਂ ਅੱਜ ਪੰਥਕ ਮਰਿਆਦਾਂ ’ਤੇ ਟਿਕੇ ਖੜ੍ਹੇ 28 ਉਮੀਦਵਾਰਾਂ ਨੂੰ ਲੋਕ ਭਾਰੀ ਵੋਟਾਂ ਨਾਲ ਜਿਤਾਉਣਗੇ।’’ ਇਆਲੀ ਨੇ ਭਰੋਸਾ ਜਤਾਇਆ ਕਿ ਦਾਖਾ ਇਸ ਵਾਰ ਵੀ ਇਤਿਹਾਸ ਦਾ ਇਕ ਹੋਰ ਸੁਨਹਿਰੀ ਪੰਨਾ ਲਿਖੇਗਾ, ਜਿਸ ’ਤੇ ਪੂਰਾ ਪੰਜਾਬ ਮਾਣ ਕਰੇਗਾ।
