ਗੜਗੱਜ ਨੇ ਸਰਕਾਰ ਨੂੰ ਫਰਜ਼ਾਂ ’ਤੇ ਪਹਿਰੇਦਾਰੀ ਦਾ ਪਾਠ ਪੜ੍ਹਾਇਆ
ਨਜ਼ਦੀਕੀ ਗੁਰਦੁਆਰਾ ਗੁਰੂਸਰ ਕਾਉਂਕੇ ਵਿਖੇ ਸਿੱਖ ਸਟੂਡੈਂਟਸ ਫੈਡਰੇਸ਼ਨ ਗਰੇਵਾਲ ਨੇ 38ਵੀਂ ਵਰ੍ਹੇਗੰਢ ਮਨਾਈ। ਇਸ ਮੌਕੇ ਕਰਵਾਈ ਮੀਰੀ-ਪੀਰੀ ਕਾਨਫਰੰਸ ਵਿੱਚ ਸੰਤ-ਮਹਾਂਪੁਰਖਾਂ, ਨਿਹੰਗ ਸਿੰਘ ਜਥੇਬੰਦੀਆਂ, ਨੌਜਵਾਨ ਸੰਸਥਾਵਾਂ, ਫੈਡਰੇਸ਼ਨ ਆਗੂਆਂ ਤੇ ਵੱਡੀ ਗਿਣਤੀ ਵਿੱਚ ਸੰਗਤ ਨਾਲ ਹੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ...
ਨਜ਼ਦੀਕੀ ਗੁਰਦੁਆਰਾ ਗੁਰੂਸਰ ਕਾਉਂਕੇ ਵਿਖੇ ਸਿੱਖ ਸਟੂਡੈਂਟਸ ਫੈਡਰੇਸ਼ਨ ਗਰੇਵਾਲ ਨੇ 38ਵੀਂ ਵਰ੍ਹੇਗੰਢ ਮਨਾਈ। ਇਸ ਮੌਕੇ ਕਰਵਾਈ ਮੀਰੀ-ਪੀਰੀ ਕਾਨਫਰੰਸ ਵਿੱਚ ਸੰਤ-ਮਹਾਂਪੁਰਖਾਂ, ਨਿਹੰਗ ਸਿੰਘ ਜਥੇਬੰਦੀਆਂ, ਨੌਜਵਾਨ ਸੰਸਥਾਵਾਂ, ਫੈਡਰੇਸ਼ਨ ਆਗੂਆਂ ਤੇ ਵੱਡੀ ਗਿਣਤੀ ਵਿੱਚ ਸੰਗਤ ਨਾਲ ਹੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵੀ ਸ਼ਮੂਲੀਅਤ ਕੀਤੀ। ਪ੍ਰਧਾਨ ਗੁਰਚਰਨ ਸਿੰਘ ਗਰੇਵਾਲ ਦੇ ਜੀ ਆਇਆਂ ਕਹਿਣ ਨਾਲ ਕਾਨਫਰੰਸ ਸ਼ੁਰੂ ਹੋਈ। ਇਸ ਦੌਰਾਨ ਬੁਲਾਰਿਆਂ ਦੱਸਿਆ ਕਿ ਇਸ ਜਥੇਬੰਦੀ ਨੇ ਲੰਮੇ ਸਮੇਂ ਤੋਂ ਸਿੱਖ ਸੰਘਰਸ਼, ਪੰਜਾਬ ਦੇ ਹੱਕਾਂ ਅਤੇ ਨੌਜਵਾਨਾਂ ਦੇ ਮਸਲਿਆਂ ਲਈ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਜਥੇਦਾਰ ਗੜਗੱਜ ਨੇ ਸੰਬੋਧਨ ਦੌਰਾਨ ਨੌਜਵਾਨਾਂ ਨੂੰ ਇਕਜੁੱਟ ਅਤੇ ਲਾਮਬੰਦ ਹੋਣ, ਬਾਣੀ ਤੇ ਬਾਣੇ ਨਾਲ ਜੁੜਨ ਅਤੇ ਨਸ਼ਿਆਂ ਦੇ ਮਾਰੂ ਹੱਲੇ ਵਿਰੁੱਧ ਡਟ ਕੇ ਪਹਿਰਾ ਦੇਣ ਦਾ ਸੱਦਾ ਦਿੱਤਾ। ਉਨ੍ਹਾਂ ਆਪਣੀ ਵਿਰਾਸਤ ਤੇ ਸਿੱਖ ਪਛਾਣ ਨੂੰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ। ਨਾਲ ਹੀ ਉਨ੍ਹਾਂ ਸਰਕਾਰ ਨੂੰ ਫਰਜ਼ਾਂ ਪ੍ਰਤੀ ਪਹਿਰੇਦਾਰੀ ਦਾ ਪਾਠ ਪੜ੍ਹਾਉਂਦਿਆਂ ਸਿੱਖ ਧਰਮ, ਮਰਿਆਦਾ ਤੇ ਕਾਰਜਾਂ ਵਿੱਚ ਬੇਲੋੜੇ ਅੜਿੱਕੇ ਡਾਹੁਣ ਤੇ ਦਖ਼ਲ ਤੋਂ ਵਰਜਿਆ। ਮੀਰੀ-ਪੀਰੀ ਕਾਨਫਰੰਸ ਦੌਰਾਨ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਛੇ ਮਤੇ ਪੇਸ਼ ਕੀਤੇ ਗਏ। ਇਨ੍ਹਾਂ ਮਤਿਆਂ ਵਿੱਚ ਬੰਦੀ ਸਿੰਘਾਂ ਦੀ ਰਿਹਾਈ, ਪੰਜਾਬ ਦੇ ਪਾਣੀਆਂ ਦੀ ਰਾਖੀ, ਨੌਜਵਾਨਾਂ ਨੂੰ ਵਿਰਸੇ ਨਾਲ ਜੋੜਨਾ ਅਤੇ ਸਰਕਾਰਾਂ ਵੱਲੋਂ ਨਸ਼ਿਆਂ ਦੇ ਖ਼ਾਤਮੇ ਲਈ ਪ੍ਰਭਾਵਸ਼ਾਲੀ ਕਾਰਵਾਈ ਨਾ ਕਰਨ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ ’ਚ ਸਿੱਖ ਇਤਿਹਾਸ ਨੂੰ ਹਟਾ ਕੇ ਕੀਤੀ ਜਾ ਰਹੀ ਕਾਰਵਾਈ ਖ਼ਿਲਾਫ਼ ਰੋਸ ਦਰਜ ਕਰਵਾਉਣਾ ਸ਼ਾਮਲ ਸੀ। ਇਹ ਮਤੇ ਪਰਮਜੀਤ ਸਿੰਘ ਧਰਮਸਿੰਘ ਵਾਲਾ, ਸਰਪ੍ਰੀਤ ਸਿੰਘ ਕਾਉਂਕੇ, ਹਰਬਖਸ਼ ਸਿੰਘ ਡਾਂਗੋਂ, ਦਰਬਾਰ ਸਿੰਘ ਤੇ ਦਿਲਬਾਗ ਸਿੰਘ ਵਿਰਕ ਨੇ ਪੇਸ਼ ਕੀਤੇ। ਸਾਰੇ ਮਤੇ ਸੰਗਤ ਨੇ ਜੈਕਾਰਿਆਂ ਦੀ ਗੂੰਜ ਵਿੱਚ ਦੋਵੇਂ ਹੱਥ ਖੜ੍ਹੇ ਕਰ ਕੇ ਪਾਸ ਕੀਤੇ। ਕਾਨਫਰੰਸ ਦੌਰਾਨ ਮੌਜੂਦਾ ਰਾਜਸੀ ਅਤੇ ਪੰਥਕ ਸੰਦਰਭ ਨੂੰ ਧਿਆਨ ਵਿੱਚ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਸਬੰਧੀ ਚਰਚਾ ਹੋਈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਮੈਂਬਰ ਜਗਜੀਤ ਸਿੰਘ ਤਲਵੰਡੀ ਨੇ ਹਾਜ਼ਰੀ ਲਗਵਾਈ। ਬਾਬਾ ਹਰੀ ਸਿੰਘ ਨਾਨਕਸਰ ਵਾਲੇ ਅਤੇ ਨਿਹੰਗ ਸਿੰਘ ਜਥੇਬੰਦੀਆਂ ਵਲੋਂ ਬਾਬਾ ਸੁਖਦੇਵ ਸਿੰਘ ਲੋਪੋਂ ਨੇ ਸੰਗਤ ਨੂੰ ਸੰਬੋਧਨ ਕੀਤਾ। ਬੁਲਾਰਿਆਂ ਨੇ ਸ੍ਰੀ ਅਕਾਲ ਤਖ਼ਤ ਦੀ ਸਰਪ੍ਰਸਤੀ ਹੇਠ ਇਕਜੁੱਟ ਹੋਣ ਦਾ ਸੱਦਾ ਦਿੱਤਾ। ਅਖ਼ੀਰ ਵਿੱਚ ਮੁੱਖ ਪ੍ਰਬੰਧਕ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਧੰਨਵਾਦ ਕੀਤਾ।

