ਪੱਤਰ ਪ੍ਰੇਰਕ
ਦੋਰਾਹਾ, 10 ਅਗਸਤ
ਸ਼ਹਿਰ ਦੀਆਂ ਵੱਖ ਵੱਖ ਥਾਵਾਂ ’ਤੇ ਪਿਛਲੇ ਕਈ ਦਿਨਾਂ ਤੋਂ ਲੱਗੇ ਕੂੜੇ ਦੇ ਢੇਰਾਂ ਨੇ ਲੋਕਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ। ਪ੍ਰਸ਼ਾਸਨ ਇਸ ਪਾਸੇ ਧਿਆਨ ਨਹੀਂ ਦੇ ਰਿਹਾ। ਜ਼ਿਕਰਯੋਗ ਹੈ ਕਿ ਇਹ ਕੂੜੇ ਦੇ ਢੇਰ ਜ਼ਿਆਦਾਤਰ ਰਿਹਾਇਸ਼ੀ ਇਲਾਕਿਆਂ ਵਿਚ ਹਨ। ਕਈ ਥਾਂ ਬਾਜ਼ਾਰਾਂ ਵਿਚ ਵੀ ਇਹ ਢੇਰ ਦੇਖਣ ਨੂੰ ਮਿਲਦੇ ਹਨ। ਮੁੱਖ ਰੇਲਵੇ ਰੋਡ ’ਤੇ ਧਰਮਸ਼ਾਲਾ ਨੇੜੇ ਲੱਗੇ ਕੂੜੇ ਦੇ ਢੇਰ ਕਾਰਨ ਬਦਬੂ ਫੈਲ ਰਹੀ ਹੈ। ਇੱਥੇ ਪਿਛਲੇ ਤਿੰਨ ਦਿਨਾਂ ਤੋਂ ਹਾਲਤ ਬਦ ਤੋਂ ਬਦਤਰ ਬਣੀ ਹੋਈ ਹੈ। ਨਗਰ ਕੌਂਸਲ ਅਧਿਕਾਰੀ ਜਾਣਦੇ ਹੋਏ ਵੀ ਅਣਜਾਣ ਬਣੇ ਹੋਏ ਹਨ। ਬਦਬੂ ਕਾਰਨ ਬਿਮਾਰੀ ਫੈਲਣ ਦਾ ਡਰ ਬਣਿਆ ਹੋਇਆ ਹੈ, ਇਨ੍ਹਾਂ ਗੰਦਗੀ ਦੇ ਢੇਰਾਂ ਵਿਚ ਜਾਨਵਰ ਵੜ ਕੇ ਹੋਰ ਵੀ ਖਿਲਾਰਾ ਪਾ ਰਹੇ ਹਨ। ਇਹ ਕਾਰਨ ਇਹ ਢੇਰ ਆਵਾਜਾਈ ਵਿਚ ਵਿਘਨ ਪਾ ਰਹੇ ਹਨ। ਸੜਕਾਂ ’ਤੇ ਗੰਦਗੀ ਫੈਲੀ ਹੋਣ ਕਾਰਨ ਪੈਦਲ ਜਾਣ ਵਾਲੇ ਰਾਹਗੀਰਾਂ ਨੂੰ ਮੁਸ਼ਕਿਲ ਪੇਸ਼ ਆ ਰਹੀ ਹੈ। ਖ਼ਾਸ ਕਰ ਕੇ ਸਕੂਲ ਆਉਣ ਜਾਣ ਵਾਲੇ ਵਿਦਿਆਰਥੀ ਵੀ ਖੱਜਲ ਹੋ ਰਹੇ ਹਨ। ਇਲਾਕੇ ਦੇ ਵਸਨੀਕਾਂ ਦੀ ਮੰਗ ਹੈ ਕਿ ਗੰਦਗੀ ਦੇ ਇਹ ਢੇਰ ਤੁਰੰਤ ਚੁਕਵਾਏ ਜਾਣ। ਕੂੜਾ ਰਿਹਾਇਸ਼ੀ ਇਲਾਕਿਆਂ ਤੋਂ ਦੂਰ ਸੁੱਟਣ ਵਾਲੇ ਡੰਪ ਬਣਾਏ ਜਾਣ।
ਇਸ ਸਬੰਧੀ ਕੌਂਸਲ ਪ੍ਰਧਾਨ ਸੁਦਰਸ਼ਨ ਸ਼ਰਮਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਤੁਰੰਤ ਇਸ ਦਾ ਹੱਲ ਕਰਨ ਅਤੇ ਡੰਪ ਦੀ ਥਾਂ ਤਬਦੀਲ ਕਰਨ ਦਾ ਭਰੋਸਾ ਦਿਵਾਇਆ।