
ਤਾਜਪੁਰ ਰੋਡ ਦੇ ਡੰਪ ’ਤੇ ਕੂੜੇ ਨੂੰ ਪ੍ਰੋਸੈਸ ਕਰਨ ਲਈ ਲੱਗੀ ਮਸ਼ੀਨਰੀ। -ਫੋਟੋ: ਬਸਰਾ
ਖੇਤਰੀ ਪ੍ਰਤੀਨਿਧ
ਲੁਧਿਆਣਾ, 5 ਫਰਵਰੀ
ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਦੇ ਵੱਖ-ਵੱਖ ਕੂੜਾ ਡੰਪਾਂ ਤੋਂ ਚੁੱਕ ਕੇ ਲਿਆਂਦਾ ਕੂੜਾ ਤਾਜਪੁਰ ਰੋਡ ਨੇੜੇ ਬਣੇ ਵੱਡੇ ਕੂੜਾ ਡੰਪ ’ਤੇ ਸੁੱਟਿਆ ਜਾ ਰਿਹਾ ਸੀ। ਮੌਜੂਦਾ ਸਮੇਂ ਇੱਥੇ ਕੂੜਾ ਇੰਨਾਂ ਇਕੱਠਾ ਹੋ ਗਿਆ ਕਿ ਦੂਰੇ ਇਹ ਕਿਸੇ ਵੱਡੇ ਪਹਾੜ ਦਾ ਭੁਲੇਖਾ ਪਾ ਰਿਹਾ ਹੈ। ਇਸ ਕੂੜੇ ਦੇ ਨਿਪਟਾਰੇ ਲਈ ਇੱਕ ਨਿੱਜੀ ਕੰਪਨੀ ਨੂੰ ਕੰਮ ਸੌਂਪਿਆ ਗਿਆ ਹੈ ਜਿਸ ਨੂੰ ਇਸ ਦੇ ਖਾਤਮੇ ’ਚ ਕਰੀਬ ਦੋ ਸਾਲ ਦਾ ਸਮਾਂ ਲੱਗ ਸਕਦਾ ਹੈ।
ਸ਼ਹਿਰ ਹੀ ਨਹੀਂ ਸਗੋਂ ਸੂਬੇ ਦੇ ਸਭ ਤੋਂ ਵੱਡੇ ਇਸ ਕੂੜਾ ਡੰਪ ਕਰਕੇ ਆਸ-ਪਾਸ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਰੀਬ 50 ਏਕੜ ’ਚ ਵਾਲੇ ਇਸ ਡੰਪ ’ਤੇ 20 ਲੱਖ ਟਨ ਤੋਂ ਵੀ ਵੱਧ ਕੂੜਾ ਇਕੱਠਾ ਹੋ ਚੁੱਕਿਆ ਹੈ। ਗਰਮੀਆਂ ਦੇ ਮੌਸਮ ਵਿੱਚ ਇਸ ਕੂੜੇ ਨੂੰ ਕਈ ਵਾਰ ਅੱਗ ਲੱਗੀ ਅਤੇ ਇਸ ਨੂੰ ਬੁਝਾਉਣ ਲਈ ਕਈ ਵਾਰ ਫਾਇਰ ਬ੍ਰਿਗੇਡ ਵੀ ਆ ਚੁੱਕੀ ਹੈ। ਮੌਜੂਦਾ ਸਮੇਂ ‘ਵੇਸਟ ਪ੍ਰੋਸੈਸਿੰਗ ਮਸ਼ੀਨਾਂ’ ਰਾਹੀਂ 75 ਫੀਸਦੀ ਕੂੜੇ ਨੂੰ ਮਿੱਟੀ ਦੀ ਸ਼ਕਲ ਵਿੱਚ ਬਦਲਿਆ ਜਾ ਰਿਹਾ ਹੈ। ਕੰਪਨੀ ਵੱਲੋਂ ਹੀ ਇਸ ਮਿੱਟੀ ਬਣਾਏ ਕੂੜੇ ਨੂੰ ਨੀਵੇਂ ਇਲਾਕਿਆਂ ਵਿੱਚ ਭਰਤੀ ਵਜੋਂ ਸੁੱਟਣ ਦਾ ਕੰਮ ਵੀ ਜ਼ੋਰਾਂ ’ਤੇ ਚੱਲ ਰਿਹਾ ਹੈ। ਇਹ ਵੀ ਪਤਾ ਲੱਗਿਆ ਹੈ ਕਿ ਮਹਾਰਾਸ਼ਟਰ ਦੇ ਲਾਤੁਰ ਤੋਂ ਮੰਗਵਾਈਆਂ ਇਹ ਮਸ਼ੀਨਾਂ ਰੋਜ਼ਾਨਾ ਕਈ-ਕਈ ਟਨ ਕੂੜਾ ਪ੍ਰੋਸੈਸ ਕਰ ਰਹੀਆਂ ਹਨ। ਇਨਾਂ ਮਸ਼ੀਨਾਂ ਦੀ ਕਾਰਗੁਜ਼ਾਰੀ ਦਾ ਅੰਦਾਜ਼ਾ ਡੰਪ ਦੇ ਆਲੇ-ਦੁਆਲੇ ਖਾਲੀ ਹੋ ਰਹੀ ਥਾਂ ਤੋਂ ਸਾਫ ਲਾਇਆ ਜਾ ਸਕਦਾ ਹੈ। ਕੂੜੇ ਦਾ ਡੰਪ ਜਲਦੀ ਖਤਮ ਹੋਣ ਦੀ ਆਸ ਬਣਨ ਨਾਲ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ।
ਨਗਰ ਨਿਗਮ ਦੇ ਹੈਲਥ ਅਧਿਕਾਰੀ ਡਾ. ਵਿਪੁਲ ਮਲਹੋਤਰਾ ਨੇ ਦੱਸਿਆ ਕਿ ਕੂੜੇ ਦੇ ਨਿਪਟਾਰੇ ਦਾ ਕੰਮ ਕਿਸੇ ਨਿੱਜੀ ਕੰਪਨੀ ਕੋਲ ਹੈ। ਇਸ ਨੂੰ ਪ੍ਰੋਸੈਸ ਕਰਨ ਵਿੱਚ ਘੱਟੋ ਘੱਟ ਦੋ ਸਾਲ ਦਾ ਸਮਾਂ ਲੱਗ ਸਕਦਾ ਹੈ। ਪ੍ਰੋਸੈਸ ਤੋਂ ਬਾਅਦ ਬਣਦੀ ਮਿੱਟੀ ਨੂੰ ਵੀ ਕੰਪਨੀ ਵੱਲੋਂ ਆਪਣੇ ਪੱਧਰ ’ਤੇ ਨਿਪਟਾਇਆ ਜਾਵੇਗਾ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ