Garbage Clearance: ਸਨਅਤੀ ਸ਼ਹਿਰ ਵਿੱਚ ਕੂੜਾ ਚੁੱਕਣ ਦੀ ਸ਼ੁਰੂਆਤ
ਲੋਕਾਂ ਨੇ ਲਿਆ ਸੁੱਖ ਦਾ ਸਾਹ; ਸਡ਼ਕਾਂ ’ਤੇ ਸਫ਼ਾੲੀ ਦਾ ਅਸਰ ਨਜ਼ਰ ਆੳੁਣ ਲੱਗਿਆ
ਸਫਾਈ ਕਰਮੀਆਂ ਦੀ 9 ਦਿਨਾਂ ਮਗਰੋਂ ਹੜਤਾਲ ਖਤਮ ਹੋਣ ਬਾਅਦ ਸੜਕਾਂ ਦੇ ਕਿਨਾਰਿਆਂ ’ਤੇ ਲੱਗੇ ਕੂੜੇ ਦੇ ਢੇਰ ਵੀ ਹੌਲੀ-ਹੌਲੀ ਖਤਮ ਹੋਣੇ ਸ਼ੁਰੂ ਹੋ ਗਏ ਹਨ। ਇਸ ਕਾਰਨ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀ ਹਰਜੋਤ ਬੈਂਸ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਸਫਾਈ ਕਰਮੀਆਂ ਨੇ ਆਪਣੀ ਹੜਤਾਲ ਖਤਮ ਕਰ ਕੇ ਰਾਤ ਸਮੇਂ ਤੋਂ ਹੀ ਸ਼ਹਿਰ ਵਿੱਚੋਂ ਕੂੜੇ ਦੀ ਸਫਾਈ ਦਾ ਕੰਮ ਸ਼ੁਰੂ ਕਰ ਦਿੱਤਾ ਸੀ।
ਬਰਨਾਲਾ ’ਚ ਸਫਾਈ ਮੁਲਾਜ਼ਮਾਂ ’ਤੇ ਤਸ਼ੱਦਦ ਕਰਨ ਵਾਲੇ ਪੁਲੀਸ ਮੁਲਾਜ਼ਮਾਂ ਵਿਰੁੱਧ ਕਾਰਵਾਈ ਕਰਨ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਸਫਾਈ ਕਰਮਚਾਰੀਆਂ ਵੱਲੋਂ ਲੁਧਿਆਣਾ ਵਿੱਚ ਵੀ ਹੜਤਾਲ ਕੀਤੀ ਹੋਈ ਸੀ। ਇਸ ਹੜਤਾਲ ਕਰ ਕੇ ਘਰਾਂ ਵਿੱਚੋਂ ਕੂੜਾ ਚੁੱਕਣ ਅਤੇ ਕੂੜਾ ਡੰਪਾਂ ਤੋਂ ਅੱਗੇ ਮੁੱਖ ਡੰਪ ਤੱਕ ਕੂੜਾ ਲੈ ਕੇ ਜਾਣ ਦਾ ਕੰਮ ਪੂਰੀ ਤਰ੍ਹਾਂ ਠੱਪ ਹੋ ਗਿਆ ਸੀ। ਸ਼ਹਿਰ ਦੇ ਅੰਦਰ ਪਏ ਕੂੜਾ ਡੰਪਾਂ ਨੂੰ ਵੀ ਤਾਲੇ ਲਗਾ ਦਿੱਤੇ ਗਏ ਸਨ ਜਿਸ ਕਰ ਕੇ ਲੋਕਾਂ ਨੇ ਕੂੜਾ ਸੜਕਾਂ, ਨਹਿਰਾਂ, ਦਰਿਆਵਾਂ ਦੇ ਕਿਨਾਰਿਆਂ ’ਤੇ ਸੁੱਟਣਾ ਸ਼ੁਰੂ ਕਰ ਦਿੱਤਾ ਸੀ। ਹੁਣ ਤਾਂ ਸੜਕਾਂ ਸ਼ਹਿਰ ਦੀਆਂ ਅੰਦਰੂਨੀ ਸੜਕਾਂ ’ਤੇ ਵੀ ਇੰਨਾਂ ਕੂੜਾ ਜਮ੍ਹਾਂ ਹੋ ਗਿਆ ਸੀ ਕਿ ਟਰੈਫਿਕ ਵਿੱਚ ਵੀ ਅੜਿੱਕਾ ਬਣਨਾ ਸ਼ੁਰੂ ਹੋ ਗਿਆ ਸੀ। ਇਸ ਮੁੱਦੇ ਨੂੰ ਲੈ ਕੇ ਦੂਜੀਆਂ ਪਾਰਟੀਆਂ ਵੱਲੋਂ ਵੀ ਸੂਬਾ ਸਰਕਾਰ ਦੀ ਨਿਖੇਧੀ ਕੀਤੀ ਜਾ ਰਹੀ ਸੀ। ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਬਿਮਾਰੀਆਂ ਫੈਲਣ ਦੇ ਡਰ ਨੂੰ ਦੇਖਦਿਆਂ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਸਨ। ਬੀਤੀ ਰਾਤ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਸਫਾਈ ਮੁਲਾਜ਼ਮਾਂ ਨਾਲ ਮੀਟਿੰਗ ਕਰ ਕੇ ਦਿੱਤੇ ਭਰੋਸੇ ਤੋਂ ਬਾਅਦ ਰਾਤ ਸਮੇਂ ਹੀ ਕੂੜੇ ਦੀ ਸਫਾਈ ਹੋਣੀ ਸ਼ੁਰੂ ਹੋ ਗਈ ਸੀ। ਅੱਜ ਮੁੱਖ ਮੰਤਰੀ ਦੀ ਲੁਧਿਆਣਾ ਫੇਰੀ ਨੂੰ ਦੇਖਦਿਆਂ ਬਹੁਤੀਆਂ ਮੁੱਖ ਸੜਕਾਂ ਪੂਰੀ ਤਰ੍ਹਾਂ ਸਾਫ ਕਰ ਦਿੱਤੀਆਂ ਗਈਆਂ ਸਨ ਜਦਕਿ ਸ਼ਹਿਰ ਵਿੱਚ ਪੈਂਦੀਆਂ ਸੜਕਾਂ ਤੋਂ ਵੀ ਕੂੜਾ ਹੌਲੀ-ਹੌਲੀ ਖਤਮ ਕੀਤਾ ਜਾ ਰਿਹਾ ਹੈ। ਇਸ ਕਾਰਨ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਕਈ ਸੜਕਾਂ ਤੋਂ ਕੂੜਾ ਚੁੱਕਣ ਕਾਰਨ ਸੜਕਾਂ ਖੁੱਲ੍ਹੀਆਂ-ਖੁੱਲ੍ਹੀਆਂ ਜਾਪ ਰਹੀਆਂ ਸਨ। ਲੋਕਾਂ ਨੂੰ ਕੂੜੇ ਦੇ ਢੇਰਾਂ ਤੋਂ ਰਾਹਤ ਮਿਲਣੀ ਸ਼ੁਰੂ ਹੋ ਗਈ ਹੈ।

