Ganesh Visarjan: ਲੁਧਿਆਣਾ ’ਚ ਗਣੇਸ਼ ਦੀਆਂ ਮੂਰਤੀਆਂ ਜਲਪ੍ਰਵਾਹ
ਗਣੇਸ਼ ਚਤੁਰਥੀ ਤੋਂ ਲੈ ਕੇ ਵੀਰਵਾਰ ਤੱਕ 10 ਦਿਨ ਚੱਲੀ ਪੂਜਾ
ਸਨਅਤੀ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ 10 ਦਿਨ ਲਗਾਤਾਰ ਗਣਪਤੀ ਦੀ ਪੂਜਾ ਕਰਨ ਤੋਂ ਬਾਅਦ ਅੱਜ ਸ਼ਰਧਾਲੂਆਂ ਨੇ ਮੂਰਤੀਆਂ ਜਲਪ੍ਰਵਾਹ ਕੀਤੀਆਂ। ਜੈਕਾਰਿਆਂ ਨਾਲ ਸ਼ਰਧਾਲੂਆਂ ਨੇ ਗਣਪਤੀ ਨੂੰ ਵਿਦਾਈ ਦਿੱਤੀ। ਇਸ ਦੌਰਾਨ ਲੋਕ ਢੋਲ ਅਤੇ ਬੈਂਡ ਵਾਜਿਆਂ ਨਾਲ ਨੱਚਦੇ ਹੋਏ ਸਤਲੁਜ ਦਰਿਆ ਅਤੇ ਨੀਲੋ ਨਹਿਰ ’ਤੇ ਪੁੱਜੇ ਜਿੱਥੇ ਉਨ੍ਹਾਂ ਨੇ ਗਣਪਤੀ ਦੀ ਮੂਰਤੀ ਨੂੰ ਜਲਪ੍ਰਵਾਹ ਕੀਤਾ। ਇਸ ਦੌਰਾਨ ਕਈ ਸ਼ਰਧਾਲੂ ਭਾਵੁਕ ਵੀ ਹੋ ਗਏ। ਵੱਡੀ ਗਿਣਤੀ ਵਿੱਚ ਲੋਕ ਟਰਾਲੀਆਂ ਅਤੇ ਗੱਡੀਆਂ ’ਤੇ ਗਣਪਤੀ ਦੀਆਂ ਮੂਰਤੀਆਂ ਲੈ ਕੇ ਦਰਿਆ ’ਤੇ ਪੁੱਜੇ ਸਨ।
ਸਨਅਤੀ ਸ਼ਹਿਰ ਵਿੱਚ ਕਈ ਥਾਵਾਂ ’ਤੇ ਗਣਪਤੀ ਦੇ ਪੰਡਾਲ ਸਜਾ ਕੇ ਗਣੇਸ਼ ਚਤੁਰਥੀ ਤੋਂ ਲੈ ਕੇ ਵੀਰਵਾਰ ਤੱਕ 10 ਦਿਨ ਲਗਾਤਾਰ ਗਣਪਤੀ ਦੀ ਪੂਜਾ ਕੀਤੀ ਗਈ। ਇਸ ਦੌਰਾਨ ਵੱਡੇ-ਵੱਡੇ ਪੰਡਾਲ ਸਜਾਏ ਗਏ ਸਨ, ਜਿਥੇ 10 ਦਿਨ ਲਗਾਤਾਰ ਸਵੇਰੇ ਹਵਨ ਅਤੇ ਉਸ ਤੋਂ ਬਾਅਦ ਸ਼ਾਮ ਨੂੰ ਗਾਇਕਾਂ ਵੱਲੋਂ ਗਣਪਤੀ ਦੇ ਗੁਣਗਾਣ ਕੀਤੇ ਗਏ। ਸੈਂਕੜੇ ਸ਼ਰਧਾਲੂ ਰੋਜ਼ਾਨਾ ਇਨ੍ਹਾਂ ਪੰਡਾਲਾਂ ਵਿੱਚ ਆਉਂਦੇ ਰਹੇ। ਵੀਰਵਾਰ ਨੂੰ ਭਾਈ ਰਣਧੀਰ ਸਿੰਘ ਨਗਰ, ਜਨਕਪੁਰੀ, ਹੈਬੋਵਾਲ, ਬਸਤੀ ਜੋਧੇਵਾਲ, ਦੁਗਰੀ, ਨੀਮ ਵਾਲਾ ਚੌਕ ਵੱਲੋਂ ਸ਼ਰਧਾਲੂ ਗਣਪਤੀ ਦੀਆਂ ਵੱਡੀਆਂ-ਵੱਡੀਆਂ ਮੂਰਤੀਆਂ ਸ਼ੋਭਾ ਯਾਤਰਾ ਦੇ ਰੂਪ ਵਿੱਚ ਸਤਲੁਜ ਦਰਿਆ ’ਤੇ ਲੈ ਕੇ ਪੁੱਜੇ ਜਿੱੱਥੇ ਮੂਰਤੀਆਂ ਨੂੰ ਜਲਪ੍ਰਵਾਹ ਕੀਤਾ ਗਿਆ।
ਗੋਲਕ ਚੋਰੀ ਕਰਨ ਵਾਲਾ ਕਾਬੂ
ਸਨਅਤੀ ਸ਼ਹਿਰ ਦੇ ਫੀਲਡਗੰਜ ਇਲਾਕੇ ਵਿੱਚ ਗਣੇਸ਼ ਪੂਜਾ ਪੰਡਾਲ ਵਿੱਚੋਂ ਸ਼ਰਧਾਲੂਆਂ ਵੱਲੋਂ ਚੜ੍ਹਾਈ ਭੇਟਾ ਚੋਰੀ ਕਰਨ ਵਾਲੇ ਨੂੰ ਲੋਕਾਂ ਨੇ ਰੰਗੇ ਹੱਥੀਂ ਕਾਬੂ ਕਰ ਲਿਆ। ਨਸ਼ੇ ਦੀ ਪੂਰਤੀ ਲਈ ਅੰਜਾਮ ਦਿੱਤੀ ਇਸ ਵਾਰਦਾਤ ਮਗਰੋਂ ਗੁੱਸੇ ਵਿੱਚ ਆਏ ਲੋਕਾਂ ਨੇ ਮੁਲਜ਼ਮ ਦੀ ਕੁੱਟਮਾਰ ਕੀਤੀ ਤੇ ਪੁਲੀਸ ਹਵਾਲੇ ਕਰ ਦਿੱਤਾ। ਥਾਣਾ ਡਵੀਜ਼ਨ ਨੰਬਰ 2 ਦੀ ਪੁਲੀਸ ਨੇ ਸਮਾਗਮ ਦੇ ਪ੍ਰਬੰਧਕ ਦੇਵਰਾਜ ਦੇ ਬਿਆਨਾਂ ਦੇ ਆਧਾਰ ’ਤੇ ਇਸਲਾਮਗੰਜ ਦੇ ਵਸਨੀਕ ਵਿਕਾਸ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੇਵਰਾਜ ਨੇ ਦੱਸਿਆ ਕਿ ਉਹ ਹਰ ਸਾਲ ਗਲੀ ਨੰਬਰ 14 ਦੇ ਵਸਨੀਕਾਂ ਦੇ ਸਹਿਯੋਗ ਨਾਲ ਗਣੇਸ਼ ਦੀ ਮੂਰਤੀ ਸਥਾਪਿਤ ਕਰਦੇ ਹਨ। ਉਹ ਜਦੋਂ ਪੂਜਾ ਲਈ ਪੰਡਾਲ ਪੁੱਜੇ ਤਾਂ ਉੱਥੇ ਰੱਖੀ ਦਾਨ ਪੇਟੀ ਗ਼ਾਇਬ ਸੀ। ਪੜਤਾਲ ਕਰਨ ’ਤੇ ਪਤਾ ਲੱਗਿਆ ਕਿ ਕੋਈ ਪੇਟੀ ਚੋਰੀ ਕਰ ਕੇ ਲੈ ਗਿਆ। ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਤੋਂ ਵਿਕਾਸ ਵੱਲੋਂ ਚੋਰੀ ਕਰਨ ਦਾ ਖ਼ੁਲਾਸਾ ਹੋਇਆ। ਪ੍ਰਬੰਧਕਾਂ ਮੁਤਾਬਕ ਗੋਲਕ ਵਿੱਚ ਕਰੀਬ 30 ਤੋਂ 35 ਹਜ਼ਾਰ ਰੁਪਏ ਦੀ ਨਗਦੀ ਸੀ। ਮੁਲਜ਼ਮ ਨੇ ਇਸ ਰਕਮ ਨਾਲ ਨਸ਼ਾ ਖ਼ਰੀਦ ਲਿਆ ਸੀ।

