Ganesh Mahotsav Preparations: ਮਹਾਨਗਰ ਵਿੱਚ ਗਣੇਸ਼ ਉਤਸਵ ਦੀ ਤਿਆਰੀ ਵਿੱਢੀ
ਲੁਧਿਆਣਾ ’ਚ ਸਮਾਗਮ 14 ਤੋਂ; ਗਣੇਸ਼ ਦੀਆਂ ਮੂਰਤੀਆਂ ਨੂੰ ਅੰਤਿਮ ਛੋਹਾਂ ਦੇਣ ਦਾ ਕੰਮ ਤੇਜ਼ੀ ਨਾਲ ਜਾਰੀ
ਗਣੇਸ਼ ਮਹਾਉਤਸਵ ਨੂੰ ਭਾਵੇਂ ਹਾਲਾਂ ਕਈ ਦਿਨ ਬਾਕੀ ਹਨ ਪਰ ਮਹਾਨਗਰ ਵਿੱਚ ਇਸ ਸਬੰਧੀ ਤਿਆਰੀਆਂ ਪੂਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ। ਪੂਜਾ ਲਈ ਰੱਖੀਆਂ ਜਾਣ ਵਾਲੀਆਂ ਗਣੇਸ਼ ਦੀਆਂ ਮੂਰਤੀਆਂ ਨੂੰ ਸਜਾਉਣ ਦਾ ਕੰਮ ਆਖ਼ਰੀ ਪੜਾਅ ’ਤੇ ਚੱਲ ਰਿਹਾ ਹੈ। ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਕਈ ਮੂਰਤੀ ਕਲਾਕਾਰਾਂ ਕੋਲ ਮਿੱਟੀ ਤੋਂ ਤਿਆਰ ਕੀਤੀਆਂ ਗਣੇਸ਼ ਦੀਆਂ ਮੂਰਤੀਆਂ ਵੀ ਦੇਖਣ ਨੂੰ ਮਿਲ ਰਹੀਆਂ ਹਨ। ਗਣੇਸ਼ ਮਹਾਉਤਸਵ 14 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ ਪਰ ਇਸ ਸਬੰਧੀ ਬਾਜ਼ਾਰਾਂ ਵਿੱਚ ਰੌਣਕਾਂ ਪਿਛਲੇ ਕਈ ਦਿਨਾਂ ਤੋਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਇਸ ਉਤਸਵ ਮੌਕੇ ਪੂਜਾ ਲਈ ਰੱਖੀਆਂ ਜਾਣ ਵਾਲੀਆਂ ਗਣੇਸ਼ ਦੀਆਂ ਮੂਰਤੀਆਂ ਦੀਆਂ ਤਿਆਰੀਆਂ ਨੂੰ ਵੀ ਆਖ਼ਰੀ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਇੱਥੋਂ ਦੇ ਚੰਡੀਗੜ੍ਹ ਰੋਡ, ਫਿਰੋਜ਼ਪੁਰ ਰੋਡ, ਜਲੰਧਰ ਬਾਈਪਾਸ ਆਦਿ ਥਾਵਾਂ ’ਤੇ ਕਲਾਕਾਰ ਪਿਛਲੇ ਕਈ ਸਾਲਾਂ ਤੋਂ ਮੂਰਤੀਆਂ ਬਣਾਉਣ ਦਾ ਕੰਮ ਕਰਦੇ ਆ ਰਹੇ ਹਨ। ਪਹਿਲਾਂ ਤਾਂ ਇਨ੍ਹਾਂ ਵੱਲੋਂ ਪੀ ਓ ਪੀ ਦੀਆਂ ਹੀ ਮੂਰਤੀਆਂ ਤਿਆਰ ਕੀਤੀਆਂ ਜਾਂਦੀਆਂ ਸਨ ਜੋ ਪਾਣੀ ਵਿੱਚ ਖੁਰਦੀਆਂ ਨਹੀਂ ਸਨ, ਜਿਸ ਕਰ ਕੇ ਵਿਸਰਜਨ ’ਤੇ ਰੋਕ ਲਾਈ ਗਈ ਸੀ। ਹੁਣ ਕਈ ਬੁੱਤ ਤਰਾਸ਼ਾਂ ਵੱਲੋਂ ਮਿੱਟੀ ਦੀਆਂ ਮੂਰਤੀਆਂ ਬਣਾਈਆਂ ਜਾ ਰਹੀ ਹਨ। ਇਨ੍ਹਾਂ ਵਿੱਚੋਂ ਕਈ ਮੂਰਤੀ ਕਾਰੀਗਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਪੀ ਓ ਪੀ ਦੇ ਮੁਕਾਬਲੇ ਮਿੱਟੀ ਦੀਆਂ ਮੂਰਤੀਆਂ ਮਹਿੰਗੀਆਂ ਪੈਂਦੀਆਂ ਹਨ। ਮਿੱਟੀ ਦੀਆਂ ਮੂਰਤੀਆਂ ਨੂੰ ਸੁੱਕਣ ਵਿੱਚ ਵੀ ਵੱਧ ਸਮਾਂ ਲੱਗਦਾ ਹੈ ਪਰ ਹੁਣ ਲੋਕ ਵੀ ਮਿੱਟੀ ਦੀਆਂ ਮੂਰਤੀਆਂ ਨੂੰ ਪਸੰਦ ਕਰਦੇ ਹਨ। ਇਸ ਕਰ ਕੇ ਇਸ ਵਾਰ ਪੀ ਓ ਪੀ ਨਾਲੋਂ ਮਿੱਟੀ ਦੀਆਂ ਮੂਰਤੀਆਂ ਵੱਧ ਤਿਆਰ ਕੀਤੀਆਂ ਜਾ ਰਹੀਆਂ ਹਨ। ਇਹ ਮੂਰਤੀਆਂ ਪਾਣੀ ਵਿੱਚ ਸੌਖੀਆਂ ਖੁਰ ਜਾਂਦੀਆਂ ਹਨ ਜਿਸ ਕਰ ਕੇ ਪਾਣੀ ਦੂਸ਼ਿਤ ਨਹੀਂ ਹੁੰਦਾ। ਉਨ੍ਹਾਂ ਦੱਸਿਆ ਕਿ ਇੱਕ ਮੂਰਤੀ ਦੀ ਕੀਮਤ ਭਾਵੇਂ ਸਾਈਜ਼ ਅਤੇ ਉਸ ’ਤੇ ਕੀਤੀ ਸਜਾਵਟ ਅਨੁਸਾਰ ਹੁੰਦੀ ਹੈ ਪਰ ਔਸਤਨ ਮੂਰਤੀ 100 ਰੁਪਏ ਤੋਂ ਸ਼ੁਰੂ ਹੋ ਕੇ ਦੋ ਤੋਂ ਤਿੰਨ ਹਜ਼ਾਰ ਰੁਪਏ ਤੱਕ ਪਹੁੰਚ ਜਾਂਦੀ ਹੈ। ਗਣੇਸ਼ ਉਤਸਵ ਮਨਾਉਣ ਵਾਲਿਆਂ ਦਾ ਕਹਿਣਾ ਹੈ ਕਿ 14 ਸਤੰਬਰ ਨੂੰ ਮੂਰਤੀ ਸਥਾਪਨਾ ਨਾਲ ਸ਼ੁਰੂ ਹੋਣ ਵਾਲਾ ਗਣੇਸ਼ ਉਤਸਵ ਪੂਰੇ ਦਸ ਦਿਨ ਚੱਲੇਗਾ। ਇਸ ਦੌਰਾਨ ਗੇਣਸ਼ ਜੀ ਨੂੰ ਮੰਨਣ ਵਾਲੇ ਭਗਤ ਰੋਜ਼ਾਨਾ ਗਣਪਤੀ ਦੀ ਪੂਜਾ ਕਰਨਗੇ ਅਤੇ ਭੋਗ ਲਗਾਉਣੇ। ਦਸ ਦਿਨਾਂ ਦੇ ਗਣੇਸ਼ ਉਤਸਵ ਦੀ ਸਮਾਪਤੀ 25 ਸਤੰਬਰ ਨੂੰ ਗਣਪਤੀ ਬੱਪਾ ਵਿਸਰਜਨ ਨਾਲ ਹੋਵੇਗੀ।

