ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੀ ਵਿਸ਼ੇਸ਼ ਇਕੱਤਰਤਾ ਤਲਵੰਡੀ ਕਲਾਂ ਵਿੱਚ ਜ਼ਿਲ੍ਹਾ ਖ਼ਜ਼ਾਨਚੀ ਅਮਰੀਕ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸਕੱਤਰ ਜਸਦੇਵ ਸਿੰਘ ਲਲਤੋਂ, ਜਥੇਦਾਰ ਗੁਰਮੇਲ ਸਿੰਘ ਢੱਟ, ਜਸਵੰਤ ਸਿੰਘ ਮਾਨ, ਰਣਜੀਤ ਸਿੰਘ ਗੁੜੇ ਤੇ ਨਿਰਭੈ ਸਿੰਘ ਤਲਵੰਡੀ ਨੇ ਦਿੱਲੀ ਜੰਤਰ ਮੰਤਰ ਵਿੱਚ ਚੱਲੇ ਵਿਦਿਆਰਥੀ ਸੰਘਰਸ਼ ਅਤੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਪੂਰੀ ਹੋਣ ਨਾਲ ਮਿਲੀ ਜਿੱਤ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਆਗੂਆਂ ਨੇ ਦਿੱਲੀ ਅਤੇ ਪੰਜਾਬ ਵਿੱਚ ਪੁਲੀਸ ਦੇ ਜਬਰ, ਥਾਂ-ਥਾਂ ਲਾਠੀਚਾਰਜ ਕਰਨ ਦੀ ਨਿਖੇਧੀ ਕੀਤੀ।
ਇੱਕ ਮਤੇ ਰਾਹੀਂ ਮੰਗ ਕੀਤੀ ਕਿ ਵਿਦਿਆਰਥੀਆਂ ਖ਼ਿਲਾਫ਼ ਦਰਜ ਪਰਚੇ ਅਤੇ ਨੀਟ ਪੇਪਰ ਲੀਕ ਕਰ ਕੇ ਖੁਦਕੁਸ਼ੀ ਕਰ ਗਏ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਮੋਦੀ ਹਕੂਮਤ ਬਿਨਾਂ ਦੇਰੀ ਮੁਆਵਜ਼ਾ ਜਾਰੀ ਕਰੇ। ਦੂਜੇ ਮਤੇ ਰਾਹੀਂ ਵਹਿਸ਼ੀ ਜਬਰ ਢਾਉਣ ਵਾਲੀ ਦਿੱਲੀ ਪੁਲੀਸ ਦੇ ਅਧਿਕਾਰੀਆਂ, ਕਰਮਚਾਰੀਆਂ ਤੇ ਆਰ ਐੱਸ ਐੱਸ ਦੇ ਗੁੰਡਿਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ’ਤੇ ਜ਼ੋਰ ਦਿੱਤਾ ਗਿਆ। ਦਿੱਲੀ ਅਤੇ ਬਰਨਾਲਾ ਵਿਖੇ ਲਾਠੀਚਾਰਜ ਕਰਨ ਦੇ ਰੋਸ ਵਜੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਤਲੇ ਫੂਕੇ ਗਏ। ਇਸ ਮੌਕੇ ਗੁਰਸੇਵਕ ਸਿੰਘ ਸੋਨੀ ਸਵੱਦੀ, ਗੁਰਚਰਨ ਸਿੰਘ ਤਲਵੰਡੀ, ਗੁਰਦੇਵ ਸਿੰਘ ਢੱਟ, ਹਰਪਾਲ ਸਿੰਘ ਸਵੱਦੀ, ਕੁਲਦੀਪ ਸਿੰਘ ਸਵੱਦੀ, ਲਛਮਣ ਸਿੰਘ ਸਿੱਧਵਾਂ, ਮਨਜੀਤ ਸਿੰਘ ਸਿੱਧਵਾਂ, ਗੁਰਚਰਨ ਸਿੰਘ ਮੰਡਿਆਣੀ, ਬਲਦੇਵ ਸਿੰਘ ਪੰਡੋਰੀ ਅਤੇ ਨਛੱਤਰ ਸਿੰਘ ਤਲਵੰਡੀ ਹਾਜ਼ਰ ਸਨ।

