ਗੁਰਿੰਦਰ ਸਿੰਘ
ਲੁਧਿਆਣਾ, 20 ਸਤੰਬਰ
ਬੈਂਕਾਂ ਦਾ ਡਾਟਾ ਚੋਰੀ ਕਰਕੇ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਵਾਲੇ ਗਰੋਹ ਦਾ ਪੁਲੀਸ ਨੇ ਪਰਦਾਫਾਸ਼ ਕਰਕੇ ਐਨਆਰਆਈ ਪਤੀ-ਪਤਨੀ ਦੇ ਬੈਂਕ ਖਾਤੇ ਵਿੱਚੋਂ ਲੱਖਾਂ ਰੁਪਏ ਦੀ ਠੱਗੀ ਕਰਨ ਵਾਲੇ ਗਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਦਕਿ ਇਨ੍ਹਾਂ ਦੀ ਇੱਕ ਸਾਥਣ ਦੀ ਭਾਲ ਕੀਤੀ ਜਾ ਰਹੀ ਹੈ।
ਪੁਲੀਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਅੱਜ ਇੱਥੇ ਮੀਡੀਆ ਨੂੰ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਸ਼ਨਾਖਤ ਕੁਮਾਰ ਲਵ, ਨੀਲ਼ੇਸ਼ ਪਾਂਡੇ, ਅਭਿਸ਼ੇਕ ਸਿੰਘ, ਸੁਖਜੀਤ ਸਿੰਘ ਅਤੇ ਕਿਰਨ ਦੇਵੀ ਵਜੋਂ ਹੋਈ ਹੈ ਜਦਕਿ ਇਨ੍ਹਾਂ ਦੀ ਸਾਥਣ ਸਨੇਹਾ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਸ ਗਰੋਹ ਨੇ ਐਨਆਰਆਈ ਰਮਨਦੀਪ ਸਿੰਘ ਗਰੇਵਾਲ ਦੇ ਬੈਂਕ ਖਾਤਿਆਂ ਦਾ ਡਾਟਾ ਚੋਰੀ ਕਰਕੇ, ਉਸ ਦੇ ਖਾਤਾ ਵਿੱਚੋਂ 57 ਲੱਖ ਰੁਪਏ ਦਾ ਸਾਈਬਰ ਫਰਾਡ ਕੀਤਾ ਸੀ ਜਿਸ ’ਤੇ ਮੁਕੱਦਮਾ ਦਰਜ ਕਰਕੇ ਅਗਲੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਗਈ।
ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਉਸ ਦੇ ਐਚਡੀਐਫਸੀ ਬੈਂਕ ਦੇ ਚਾਰ ਖਾਤਿਆਂ ਦਾ ਡਾਟਾ ਚੋਰੀ ਕਰਕੇ, ਉਸ ਦੇ ਖਾਤਿਆਂ ਨਾਲ ਫਰਜ਼ੀ ਈ-ਮੇਲ ਆਈਡੀਜ਼ ਲਿੰਕ ਕਰਕੇ, ਅਲੱਗ-ਅਲੱਗ 3 ਖਾਤਿਆਂ ਵਿੱਚ 57 ਲੱਖ ਰੁਪਏ ਟਰਾਂਸਫਰ ਕਰ ਲਏ ਸਨ। ਪੁਲੀਸ ਨੇ ਕਾਰਵਾਈ ਕਰਦੇ ਹੋਏ 7.24 ਲੱਖ ਰੁਪਏ ਬੈਂਕ ਖਾਤਿਆਂ ਵਿੱਚ ਫ੍ਰੀਜ਼ ਕਰਵਾਏ। ਦੋਸ਼ੀਆਂ ਨੇ ਐਨਆਰਆਈ ਰਮਨਦੀਪ ਸਿੰਘ ਦੀ ਜਾਅਲੀ ਈ-ਮੇਲ ਆਈਡੀ ਤਿਆਰ ਕਰਕੇ ਅਤੇ ਉਸਦਾ ਮੋਬਾਇਲ ਨੰਬਰ 79736-23550 ਜੋ ਬੈਂਕ ਖਾਤੇ ਨਾਲ ਲਿੰਕ ਸੀ, ਦੁਆਰਾ ਵਕੀਲ ਸਿੰਘ ਵਾਸੀ ਜੈਤੋ ਦੇ ਨਾਮ ਤੇ ਹਾਸਲ ਕੀਤਾ ਅਤੇ ਫਰਜ਼ੀ ਤਿਆਰ ਕੀਤੀ ਈਮੇਲ ਨੂੰ ਖਾਤੇ ਨਾਲ ਲਿੰਕ ਕਰ ਲਿਆ ਜਿਸ ਤੋਂ ਬਾਅਦ ਉਨ੍ਹਾਂ ਮੋਬਾਈਲ ਨੰਬਰ ਅਤੇ ਈ-ਮੇਲ ਦੀ ਸਹਾਇਤਾ ਨਾਲ ਵੱਖ-ਵੱਖ ਟਰਾਂਜ਼ੈਕਸ਼ਨਾਂ ਕਰਕੇ ਖਾਤੇ ਵਿੱਚੋਂ ਕੁੱਲ 57 ਲੱਖ ਰੁਪਏ ਧੋਖੇ ਨਾਲ ਕਢਵਾਏ।
ਉਨ੍ਹਾਂ ਦੱਸਿਆ ਕਿ ਜਸਕਰਨਜੀਤ ਸਿੰਘ ਤੇਜਾ ਡਿਪਟੀ ਕਮਿਸ਼ਨਰ ਪੁਲੀਸ ਦੀ ਅਗਵਾਈ ਹੇਠਲੀ ਪੁਲੀਸ ਵੱਲੋਂ ਇਸ ਗਰੋਹ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁੱਖ ਦੋਸ਼ੀ ਕੁਮਾਰ ਲਵ ਪਾਸੋਂ 17.35 ਲੱਖ ਰੁਪਏ ਬਰਾਮਦ ਕੀਤੇ ਗਏ ਹਨ ਅਤੇ ਬਾਕੀ ਦੀ ਰਕਮ ਵੀ ਜਲਦ ਬਰਾਮਦ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।
ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ
ਲੁਧਿਆਣਾ: ਵੱਖ ਵੱਖ ਥਾਣਿਆਂ ਦੀ ਪੁਲੀਸ ਵੱਲੋਂ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਤਹਿਤ ਦੋ ਜਣਿਆਂ ਖ਼ਿਲਾਫ਼ ਦੋ ਵੱਖ ਵੱਖ ਕੇਸ ਦਰਜ ਕੀਤੇ ਗਏ ਹਨ। ਇਸ ਸਬੰਧੀ ਥਾਣਾ ਮਾਡਲ ਟਾਊਨ ਦੀ ਪੁਲੀਸ ਨੂੰ ਪਿੰਡ ਸਲਾਲਾ (ਜਲੰਧਰ) ਵਾਸੀ ਕੁਲਜਿੰਦਰ ਸਿੰਘ ਨੇ ਦੱਸਿਆ ਹੈ ਕਿ ਅਮਨਦੀਪ ਸਿੰਘ ਵਾਸੀ ਗਲੀ ਨੰਬਰ 3 ਨਿਊ ਅਮਰ ਨਗਰ ਅਤੇ ਹਰਪ੍ਰੀਤ ਸਿੰਘ ਵਾਸੀ ਡੈਲਟਾ ਸਿਟੀ ਨੇ ਉਸ ਨੂੰ ਆਪਣੇ ਦਫ਼ਤਰ ਯੂਰੋਕੇਨ ਗਲੋਬਲ ਦੁੱਗਰੀ ਰੋਡ ਵਿਖੇ ਬੁਲਾਕੇ ਉਸ ਨੂੰ ਸਪੇਨ ਦਾ ਸਟੱਡੀ ਵੀਜ਼ਾ ਲਗਵਾ ਕੇ ਦੇਣ ਦਾ ਝਾਂਸਾ ਦੇ ਕੇ ਉਸ ਪਾਸੋਂ ਕਾਲਜ ਫੀਸ ਦੇ ਨਾਮ ’ਤੇ 3 ਲੱਖ 80 ਹਜ਼ਾਰ ਰੁਪਏ ਹਾਸਲ ਕਰਕੇ ਉਸ ਨੂੰ ਨਾ ਤਾਂ ਸਟੱਡੀ ਵੀਜ਼ਾ ਲਗਵਾ ਕੇ ਦਿੱਤਾ ਆਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ ਹਨ। ਇਸੇ ਤਰ੍ਹਾਂ ਸੰਤੋਸ਼ ਕੁਮਾਰੀ ਪਤਨੀ ਨਰਿੰਦਰ ਕੁਮਾਰ ਵਾਸੀ ਹੀਰਾ ਨਗਰ ਕਾਕੋਵਾਲ ਰੋਡ ਨੇ ਦੱਸਿਆ ਹੈ ਕਿ ਇਨ੍ਹਾਂ ਦੋਹਾਂ ਜਣਿਆਂ ਨੇ ਉਸ ਨੂੰ ਅਤੇ ਉਸਦੇ ਪਤੀ ਨੂੰ ਭੇਜਣ ਦਾ ਝਾਂਸਾ ਦੇ ਕੇ ਉਨ੍ਹਾਂ ਪਾਸੋਂ 15.15 ਲੱਖ ਰੁਪਏ ਹਾਸਲ ਕਰਕੇ ਨਾ ਤਾਂ ਉਨ੍ਹਾਂ ਦਾ ਵੀਜ਼ਾ ਲਗਾ ਕੇ ਦਿੱਤਾ ਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕੀਤੇ। ਥਾਣੇਦਾਰ ਗੁਰਚਰਨ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਦੋਹਾਂ ਮਾਮਲਿਆਂ ਵਿੱਚ ਧੋਖਾਧੜੀ ਦਾ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਲੁਟੇਰੇ ਆਟੋ ਰਿਕਸ਼ਾ ਅਤੇ ਮੋਬਾਈਲ ਫੋਨ ਸਮੇਤ ਗ੍ਰਿਫ਼ਤਾਰ
ਲੁਧਿਆਣਾ: ਥਾਣਾ ਹੈਬੋਵਾਲ ਦੀ ਪੁਲੀਸ ਨੇ ਤਿੰਨ ਲੁਟੇਰਿਆਂ ਨੂੰ ਆਟੋ ਰਿਕਸ਼ਾ ਅਤੇ ਮੋਬਾਈਲ ਫੋਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਓਮ ਪ੍ਰਕਾਸ਼ ਨੇ ਦੱਸਿਆ ਹੈ ਕਿ ਪੁਲੀਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਮੇਨ ਚੌਕ ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਹੈਬੋਵਾਲ ਕਲਾਂ ਮੌਜੂਦ ਸੀ ਤਾਂ ਪਤਾ ਲੱਗਾ ਕਿ ਅਸ਼ਵਨੀ ਕੁਮਾਰ ਵਾਸੀ ਗਲੀ ਨੰਬਰ 5 ਪਵਿੱਤਰ ਨਗਰ ਗੋਗੀ ਮਾਰਕੀਟ, ਮੋਹਿਤ ਕੁਮਾਰ ਵਾਸੀ ਗਲੀ ਨੰਬਰ 10 ਗੋਪਾਲ ਨਗਰ ਹੈਬੋਵਾਲ ਅਤੇ ਸੁਮਿਤ ਵਾਸੀ ਗਲੀ ਨੰਬਰ 7 ਗੋਪਾਲ ਨਗਰ ਹੈਬੋਵਾਲ ਆਟੋ ਰਿਕਸ਼ਾ ਬਿਨ੍ਹਾਂ ਨੰਬਰੀ ’ਤੇ ਸਵਾਰ ਹੋਕੇ ਰਾਤ ਸਮੇਂ ਰਾਹਗੀਰਾਂ ਪਾਸੋਂ ਮੋਬਾਈਲ ਫੋਨ, ਮੋਟਰਸਾਈਕਲ ਅਤੇ ਪੈਸਿਆਂ ਦੀ ਖੋਹ ਤੋਂ ਇਲਾਵਾ ਲੋਕਾਂ ਦੇ ਘਰਾਂ ਵਿੱਚ ਵੜ ਕੇ ਵੀ ਕੀਮਤੀ ਸਾਮਾਨ, ਨਗਦੀ ਵਗੈਰਾ ਚੋਰੀ ਕਰਦੇ ਹਨ। ਪੁਲੀਸ ਪਾਰਟੀ ਨੇ ਉਨ੍ਹਾਂ ਨੂੰ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਆਟੋ ਰਿਕਸ਼ਾ ਬਿਨ੍ਹਾਂ ਨੰਬਰੀ ’ਤੇ ਸਵਾਰ ਹੋ ਕੇ ਚੂਹੜਪੁਰ ਪਿੰਡ ਵੱਲੋਂ ਹੈਬੋਵਾਲ ਵੱਲ ਨੂੰ ਆਉਂਦਿਆਂ ਕਾਬੂ ਕਰਕੇ ਉਨ੍ਹਾਂ ਪਾਸੋਂ ਬਿਨਾਂ ਨੰਬਰੀ ਆਟੋ ਰਿਕਸ਼ਾ ਅਤੇ ਇੱਕ ਮੋਬਾਈਲ ਫੋਨ ਬਰਾਮਦ ਕੀਤਾ ਹੈ।