
ਬੈਲ ਗੱਡੀਆਂ ਦੀਆਂ ਦੌੜਾਂ ਬਾਰੇ ਦੱਸਦਾ ਹੋਇਆ ਦਰਸ਼ਨ ਸਿੰਘ।
ਸਤਵਿੰਦਰ ਬਸਰਾ
ਲੁਧਿਆਣਾ, 5 ਫਰਵਰੀ
ਕਿਲ੍ਹਾ ਰਾਏਪੁਰ ਖੇਡਾਂ ਦੇ ਪੁਰਾਣੇ ਦਿਨਾਂ ਨੂੰ ਚੇਤੇ ਕਰ ਕੇ ਪਿੰਡ ਦੇ ਕਈ ਬਜ਼ੁਰਗ ਅੱਜ ਵੀ ਭਾਵੁਕ ਹੋ ਉੱਠਦੇ ਹਨ। ਅਜਿਹਾ ਹੀ ਇੱਕ ਬਜ਼ੁਰਗ ਦਰਸ਼ਨ ਸਿੰਘ ਪਿਛਲੇ ਕਈ ਸਾਲਾਂ ਤੋਂ ਕਿਲ੍ਹਾ ਰਾਏਪੁਰ ਦੇ ਖੇਡ ਮੈਦਾਨ ਦੀਆਂ ਉਨ੍ਹਾਂ ਪੌੜੀਆਂ ’ਤੇ ਬੈਠਾ ਦੇਖਿਆ ਜਾ ਸਕਦਾ ਹੈ ਜਿੱਥੇ ਬੈਲ ਗੱਡੀਆਂ ਦੀ ਦੌੜ ਖਤਮ ਹੁੰਦੀ ਸੀ।
ਇਸ ਵਾਰ ਵੀ ਕਿਲ੍ਹਾ ਰਾਏਪੁਰ ਦੇ ਖੇਡ ਮੈਦਾਨ ਦੀ ਪੌੜੀ ’ਤੇ ਬੈਠੇ ਦਰਸ਼ਨ ਸਿੰਘ ਨੇ ਦੱਸਿਆ ਕਿ ਉਹ ਵੀ ਸੁਹਾਗੇ ਦੀ ਦੌੜ ਵਿੱਚ ਆਪਣੇ 4-4 ਬੈਲ ਭਜਾਉਂਦਾ ਰਿਹਾ ਹੈ। ਕਈ ਵਾਰ ਉਸ ਦੇ ਬੈਲਾਂ ਨੇ ਮੈਚ ਜਿੱਤੇ ਹਨ। ਕਿਲ੍ਹਾ ਰਾਏਪੁਰ ਦੀਆਂ ਖੇਡਾਂ ਦੇ ਅਰੰਭਲੇ ਦਿਨਾਂ ਦੌਰਾਨ ਪਿੰਡ ਵਿੱਚ ਵਿਆਹ ਵਾਲਾ ਮਾਹੌਲ ਹੁੰਦਾ ਸੀ। ਬੱਸਾਂ ਦਾ ਸਫਰ ਹੋਣ ਕਰ ਕੇ ਰਿਸ਼ਤੇਦਾਰ ਕਈ ਕਈ ਦਿਨ ਪਹਿਲਾਂ ਹੀ ਪਿੰਡ ਆਉਣੇ ਸ਼ੁਰੂ ਹੋ ਜਾਂਦੇ ਸਨ ਪਰ ਹੁਣ ਘਰ ਘਰ ਗੱਡੀ ਅਤੇ ਹੋਰ ਦੋ ਪਹੀਆ ਵਾਹਨਾਂ ਨੇ ਇਹ ਰੌਣਕਾਂ ਖਤਮ ਕਰ ਦਿੱਤੀਆਂ। ਮੇਲੇ ਵਿੱਚ ਬੈਲ ਗੱਡੀਆਂ ਦੀਆਂ ਦੌੜਾਂ ਬੰਦ ਹੋਣ ਕਾਰਨ ਵੀ ਉਹ ਜਿਹੀਆਂ ਰੌਣਕਾਂ ਨਹੀਂ ਰਹੀਆਂ। ਭਾਵੇਂ ਬੈਲ ਗੱਡੀਆਂ ਦੀਆਂ ਦੌੜਾਂ ਨਹੀਂ ਹੁੰਦੀਆਂ ਪਰ ਉਹ ਇਹ ਦੌੜ ਦੁਬਾਰਾ ਸ਼ੁਰੂ ਹੋਣ ਦੀ ਆਸ ਵਿੱਚ ਪਿਛਲੇ ਕਈ ਸਾਲਾਂ ਤੋਂ ਮੈਦਾਨ ਦੇ ਉਸ ਪਾਸੇ ਵਾਲੀਆਂ ਪੌੜੀਆਂ ’ਤੇ ਆ ਕਿ ਬੈਠਦਾ ਹੈ ਜਿੱਧਰ ਬੈਲ ਗੱਡੀਆਂ ਦੀ ਦੌੜ ਖਤਮ ਹੁੰਦੀ ਸੀ। ਉਹ ਕਰੀਬ 20 ਕੁ ਸਾਲ ਦਾ ਸੀ ਜਦੋਂ ਕਿਲ੍ਹਾ ਰਾਏਪੁਰ ਦਾ ਖੇਡ ਮੇਲਾ ਦੇਖਣ ਆਇਆ ਅਤੇ ਹੁਣ ਉਸ ਦੀ ਉਮਰ 70 ਤੋਂ ਵੀ ਪਾਰ ਹੋ ਗਈ ਹੈ। ਦਰਸ਼ਨ ਸਿੰਘ ਨੇ ਦੱਸਿਆ ਕਿ ਪਹਿਲਾਂ ਪਿੰਡ ਵਿੱਚ ਖੇਤੀ ਲਈ ਊਠ ਵੀ ਰੱਖੇ ਹੁੰਦੇ ਸਨ, ਜਿਸ ਕਰਕੇ ਇਨ੍ਹਾਂ ਖੇਡਾਂ ਦੇ ਸ਼ੁਰੂ ਵਿੱਚ ਊਠਾਂ ਨੂੰ ਵੀ ਦੌੜਾਇਆ ਜਾਂਦਾ ਸੀ ਪਰ ਹੌਲੀ-ਹੌਲੀ ਬੈਲਾਂ ਨੂੰ ਭਜਾਉਣਾ ਸ਼ੁਰੂ ਕਰ ਦਿੱਤਾ ਅਤੇ ਹੁਣ ਉਹ ਵੀ ਖਤਮ ਹੋ ਗਈਆਂ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ