ਗਗਨਦੀਪ ਅਰੋੜਾ
ਲੁਧਿਆਣਾ, 8 ਜੁਲਾਈ
ਥਾਣਾ ਡਵੀਜ਼ਨ ਨੰਬਰ 6 ਦੇ ਗੁਰੂ ਗੋਬਿੰਦ ਸਿੰਘ ਨਗਰ ਇਲਾਕੇ ’ਚ ਸਿਲਾਈ ਮਸ਼ੀਨ ਦੀ ਫੈਕਟਰੀ ’ਚ ਕੰਮ ਕਰਨ ਵਾਲੇ ਇੱਕ ਫੋਰਮੈਨ ਨੂੰ ਉਸ ਦੀ ਫੈਕਟਰੀ ਦੇ ਮੁਲਾਜ਼ਮ ਨੇ ਸਿਰ ’ਤੇ ਰਾਡ ਮਾਰ ਕੇ ਕਤਲ ਕਰ ਦਿੱਤਾ। ਕਤਲ ਕਰਨ ਮਗਰੋਂ ਮੁਲਜ਼ਮ ਨੇ ਡਰਾਮਾ ਰਚਿਆ ਕਿ ਮ੍ਰਿਤਕ ਦੇ ਦੋਸਤ ਉਸ ਨੂੰ ਮਿਲਣ ਲਈ ਆਏ ਸਨ, ਜਿਨ੍ਹਾਂ ਨੇ ਉਸ ਦਾ ਕਤਲ ਕਰ ਦਿੱਤਾ ਤੇ ਫ਼ਰਾਰ ਹੋ ਗਏ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਦੇ ਉੱਚ ਅਧਿਕਾਰੀ ਤੇ ਥਾਣਾ ਡਵੀਜ਼ਨ ਨੰਬਰ 6 ਦੀ ਪੁਲੀਸ ਮੌਕੇ ’ਤੇ ਪੁੱਜ ਗਈ।
ਥਾਣਾ ਡਵੀਜ਼ਨ ਨੰਬਰ 6 ਦੇ ਐੱਸਐੱਚਓ ਇੰਸਪੈਕਟਰ ਅਮਰਜੀਤ ਸਿੰਘ ਨੇ ਦੱਸਿਆ ਕਿ ਦਵਿੰਦਰ ਸਿੰਘ ਮੂਲ ਰੂਪ ’ਚ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਬਸਤੀ ਦਾ ਰਹਿਣ ਵਾਲਾ ਸੀ। ਉੱਥੇ ਉਹ ਤਿੰਨ ਮਕੈਨੀਕਲ ਵਰਕਸ ’ਚ ਬਤੌਰ ਫੋਰਮੈਨ ਕੰਮ ਕਰਦਾ ਸੀ। ਉਹ ਫੈਕਟਰੀ ਦੇ ਉਪਰ ਬਣੇ ਕਮਰੇ ’ਚ ਹੀ ਰਹਿੰਦਾ ਸੀ ਤੇ ਬਾਕੀ ਸਾਥੀ ਵੀ ਆਸ-ਪਾਸ ਬਣੇ ਕਮਰੇ ’ਚ ਰਹਿੰਦੇ ਸਨ। ਦੋ ਦਿਨ ਪਹਿਲਾਂ ਨਾਨਾ ਸ਼ਰਾਬ ਪੀਣ ਮਗਰੋਂ ਫੈਕਟਰੀ ’ਚ ਆ ਗਿਆ, ਜਿਸ ਦਾ ਦਵਿੰਦਰ ਨੇ ਕਾਫ਼ੀ ਵਿਰੋਧ ਕੀਤਾ ਤੇ ਉਸ ਨੂੰ ਫੈਕਟਰੀ ਤੋਂ ਜਾਣ ਲਈ ਆਖ ਦਿੱਤਾ। ਨਾਨਾ ਇਸੇ ਗੱਲ ਦੀ ਰੰਜਿਸ਼ ਪਾਲੀ ਬੈਠਾ ਸੀ। ਮੰਗਲਵਾਰ ਦੀ ਰਾਤ ਉਸ ਨੇ ਕਮਰੇ ’ਚ ਬੈਠੈ ਦਵਿੰਦਰ ਸਿੰਘ ਦੇ ਸਿਰ ’ਤੇ ਲੋਹੇ ਦੀ ਰਾੜ ਨਾਲ ਦੋ ਤਿੰਨ ਵਾਰ ਕੀਤੇ, ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਤੇ ਬੇਹੋਸ਼ ਹੋ ਗਿਆ। ਕੁਝ ਸਮੇਂ ਬਾਅਦ ਨਾਨਾ ਨੇ ਖੁਦ ਹੀ ਰੌਲਾ ਪਾ ਦਿੱਤਾ ਕਿ ਦਵਿੰਦਰ ਦੇ ਦੋ ਦੋਸਤਾਂ ਨੇ ਉਸ ਦਾ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਮੁਲਜ਼ਮ ਫ਼ਰਾਰ ਹੋ ਗਏ। ਜ਼ਖ਼ਮੀ ਨੂੰ ਇਲਾਜ ਦੇ ਲਈ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮਿਲਣ ਮਗਰੋਂ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਦੇ ਪੁੱਜਣ ਤੋਂ ਪਹਿਲਾਂ ਹੀ ਨਾਨਾ ਉਥੋਂ ਫ਼ਰਾਰ ਹੋ ਗਿਆ ਸੀ। ਐੱਸਐੱਚਓ ਅਮਰਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਨਾਨਾ ਹਾਲੇ ਫ਼ਰਾਰ ਹੈ, ਉਸ ਦੀ ਭਾਲ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦੀ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਲਾਸ਼ ਸਿਵਲ ਹਸਪਤਾਲ ਭੇਜ ਦਿੱਤੀ ਗਈ ਹੈ, ਜਿੱਥੇ ਪਰਿਵਾਰ ਦੇ ਆਉਣ ਤੋਂ ਬਾਅਦ ਪੋਸਟਮਾਰਟਮ ਕਰਵਾਇਆ ਜਾਵੇਗਾ।
ਦੋਸਤ ਦੇ ਕਤਲ ਮਗਰੋਂ ਘਰ ਵਾਲਿਆਂ ਤੋਂ ਮੰਗੀ ਫਿਰੌਤੀ
ਲੁਧਿਆਣਾ: ਜੱਸੀਆਂ ਇਲਾਕੇ ’ਚ ਰਹਿਣ ਵਾਲੇ ਪ੍ਰੀਤ ਵਰਮਾ ਨੂੰ ਉਸ ਦੇ ਦੋਸਤਾਂ ਨੇ ਘਰੋਂ ਬੁਲਾਇਆ ਅਤੇ ਇੱਟਾਂ ਮਾਰ ਕੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਥਾਣਾ ਸਲੇਮ ਟਾਬਰੀ ਦੇ ਐੱਸਐੱਚ ਇੰਸਪੈਕਟਰ ਕ੍ਰਿਸ਼ਨ ਗੋਪਾਲ ਨੇ ਦੱਸਿਆ ਕਿ ਪ੍ਰੀਤ ਵਰਮਾ ਸੋਮਵਾਰ ਨੂੰ ਘਰ ਹੀ ਸੀ। ਇਸੇ ਦੌਰਾਨ ਉਸ ਨੂੰ ਇੱਕ ਫੋਨ ਆਇਆ ਤੇ ਉਹ ਘਰ ਤੋਂ ਚਲਾ ਗਿਆ। ਕਾਫ਼ੀ ਸੰਪਰਕ ਕਰਨ ’ਤੇ ਵੀ ਪ੍ਰੀਤ ਨਾਲ ਸੰਪਰਕ ਨਹੀਂ ਹੋ ਸਕਿਆ। ਪਰਿਵਾਰ ਵਾਲਿਆਂ ਨੇ ਪੁਲੀਸ ਨੂੰ ਸੂਚਨਾ ਦਿੱਤੀ ਤੇ ਪੁਲੀਸ ਨੇ ਧਾਰਾ 346 ਦੇ ਅਧੀਨ ਕੇਸ ਦਰਜ ਕਰ ਲਿਆ। ਮੰਗਲਵਾਰ ਦੀ ਦੇਰ ਦੁਪਹਿਰ ਨੂੰ ਪ੍ਰੀਤ ਦੇ ਫੋਨ ਤੋਂ ਹੀ ਪਿਤਾ ਦਸ਼ਰਥ ਨੂੰ ਫੋਨ ਆਇਆ ਕਿ ਉਹ ਆਪਣੇ ਲੜਕੇ ਨੂੰ ਜੇਕਰ ਸਹੀ ਸਲਾਮਤ ਚਾਹੁੰਦੇ ਹਨ ਤਾਂ 50 ਹਜ਼ਾਰ ਰੁਪਏ ਦੇਣ। ਪੈਸੇ ਮੰਗਣ ਵਾਲੇ ਨੇ ਪ੍ਰੀਤ ਦੇ ਪਿਤਾ ਨੂੰ ਬੁੱਕਸ ਮਾਰਕੀਟ ਕੋਲ ਬੁਲਾਇਆ। ਪ੍ਰੀਤ ਦੇ ਪਿਤਾ ਨੇ ਸਾਰੀ ਜਾਣਕਾਰੀ ਪੁਲੀਸ ਨੂੰ ਦਿੱਤੀ। ਪੁਲੀਸ ਨੇ ਮੁਲਜ਼ਮ ਲਈ ਜਾਲ ਵਿਛਾਇਆ। ਜਿਵੇਂ ਹੀ ਪੈਸੇ ਦੇਣ ਲੱਗੇ ਤਾਂ ਪੁਲੀਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਤੇ ਪਤਾ ਲੱਗਿਆ ਕਿ ਮੁਲਜ਼ਮਾਂ ਨੇ ਉਸ ਦਾ ਕਤਲ ਕਰ ਦਿੱਤਾ ਹੈ ਤੇ ਕਤਲ ਮਗਰੋਂ ਲਾਸ਼ ਉਸਾਰੀ ਅਧੀਨ ਇਮਾਰਤ ’ਚ ਸੁੱਟ ਦਿੱਤੀ ਹੈ। ਪੁਲੀਸ ਨੇ ਇਸ ਮਾਮਲੇ ’ਚ ਪ੍ਰੀਤ ਦੇ ਦੋਸਤ ਵਿਜੈ ਤੇ ਉਸ ਦੇ ਦੂਜੇ ਦੋਸਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇੰਸਪੈਕਟਰ ਕ੍ਰਿਸ਼ਨ ਗ਼ੋਪਾਲ ਨੇ ਦੱਸਿਆ ਕਿ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਲਾਸ਼ ਬਰਾਮਦ ਕਰ ਪੋਸਟਮਾਰਟਮ ਲਈ ਹਸਪਤਾਲ ਭੇਜ ਗਈ ਹੈ।
ਕਲਾਲਮਾਜਰਾ ਕਤਲ ਕਾਂਡ ਦਾ ਦੋਸ਼ੀ ਗ੍ਰਿਫ਼ਤਾਰ
ਖੰਨਾ (ਜੋਗਿੰਦਰ ਸਿੰਘ ਓਬਰਾਏ): ਤਿੰਨ ਦਿਨ ਪਹਿਲਾ ਨੇੜਲੇ ਪਿੰਡ ਕਲਾਲਮਾਜਰਾ ਵਿੱਚ ਇਕ ਵਿਅਕਤੀ ਜਗਮੇਲ ਸਿੰਘ ਦਾ ਕਤਲ ਹੋ ਗਿਆ ਸੀ। ਐੱਸਐੱਸਪੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਕਲਾਲਮਾਜਰਾ ਦੇ ਹੀ ਹਰਪ੍ਰੀਤ ਸਿੰਘ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦੇ ਜਗਮੇਲ ਸਿੰਘ ਨਾਲ ਨਾਜਾਇਜ਼ ਸਬੰਧ ਹਨ, ਜਿਸ ਤੋਂ ਦੁਖੀ ਹੋ ਕੇ ਉਸ ਨੇ ਆਪਣੇ ਪੁੱਤਰ ਜਸਪ੍ਰੀਤ ਸਿੰਘ ਨਾਲ 5-6 ਜੁਲਾਈ ਦੀ ਰਾਤ ਨੂੰ ਪਸ਼ੂਆਂ ਦੇ ਵਾੜੇ ਵਿੱਚ ਸੁੱਤੇ ਜਗਮੇਲ ਸਿੰਘ ਦਾ ਲੋਹੇ ਦੀ ਗੰਡਾਸੀ ਨਾਲ ਕਤਲ ਕਰ ਦਿੱਤਾ। ਐੱਸਐੱਸਪੀ ਅਨੁਸਾਰ ਮੁਲਜ਼ਮ ਹਰਪ੍ਰੀਤ ਸਿੰਘ ਨੂੰ ਹਥਿਆਰ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਜਸਪ੍ਰੀਤ ਸਿੰਘ ਫਰਾਰ ਹੈ।