ਪੱਤਰ ਪ੍ਰੇਰਕ
ਮਾਛੀਵਾੜਾ, 5 ਸਤੰਬਰ
ਸਥਾਨਕ ਬੱਸ ਸਟੈਂਡ ਨੇੜੇ ਸਥਿਤ ਗੁੱਗਾ ਮਾੜੀ ਦੀ ਪ੍ਰਬੰਧਕ ਕਮੇਟੀ ਵੱਲੋਂ ਦਸਹਿਰਾ ਮੈਦਾਨ ਵਿਚ ਸਾਲਾਨਾ ਦੰਗਲ ਮੇਲਾ ਕਰਵਾਇਆ ਗਿਆ। ਸਵੇਰ ਸਮੇਂ ਸਾਬਕਾ ਕੌਂਸਲਰ ਮਨਜੀਤ ਸਿੰਘ ਮੱਕੜ ਨੇ ਪ੍ਰਬੰਧਕ ਕਮੇਟੀ ਨਾਲ ਮਿਲ ਕੇ ਮਜ਼ਾਰ ’ਤੇ ਚਾਦਰ ਚੜ੍ਹਾਈ ਅਤੇ ਲੰਗਰ ਦੀ ਸ਼ੁਰੂਆਤ ਕਰਵਾਈ। ਸ਼ਾਮ ਸਮੇਂ ਦਸਹਿਰਾ ਮੈਦਾਨ ਵਿਚ ਦੰਗਲ ਮੇਲਾ ਕਰਵਾਇਆ ਗਿਆ। ਇਸ ਵਿਚ 50 ਤੋਂ ਵੱਧ ਪਹਿਲਵਾਨਾਂ ਨੇ ਕੁਸ਼ਤੀ ਦੇ ਜੌਹਰ ਦਿਖਾਏ। ਦੰਗਲ ਮੇਲੇ ’ਚ ਝੰਡੀ ਦੀ ਕੁਸ਼ਤੀ ਪੰਡਿਤ ਮਾਛੀਵਾੜਾ ਨੇ ਬਾਬਾ ਦੋਰਾਹਾ ਨੂੰ ਹਰਾ ਕੇ ਜਿੱਤੀ ਜਦਕਿ ਦੂਸਰੇ ਨੰਬਰ ਦੀ ਕੁਸ਼ਤੀ ਵਿਚ ਕਰਨ ਦੋਰਾਹਾ ਨੇ ਜੱਸਾ ਧੂਰੀ ਨੂੰ ਹਰਾਇਆ। ਜੇਤੂ ਪਹਿਲਵਾਨਾਂ ਨੂੰ ਮੱਕੜ ਪਰਿਵਾਰ ਵਲੋਂ ਇਲਾਕੇ ਦੇ ਪ੍ਰਸਿੱਧ ਪੱਤਰਕਾਰ ਸਵ. ਜਗਮੋਹਨ ਸਿੰਘ ਮੱਕੜ ਦੀ ਯਾਦ ਵਿਚ ਮਨਜੀਤ ਸਿੰਘ ਮੱਕੜ, ਸੁਖਵਿੰਦਰ ਸਿੰਘ ਮੱਕੜ ਵਲੋਂ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਾਬਕਾ ਪ੍ਰਧਾਨ ਸੁਰਿੰਦਰ ਕੁੰਦਰਾ, ਸਾਬਕਾ ਚੇਅਰਮੈਨ ਰੁਪਿੰਦਰ ਸਿੰਘ ਬੈਨੀਪਾਲ, ਸ਼ਹਿਰੀ ਪ੍ਰਧਾਨ ਜਸਪਾਲ ਸਿੰਘ ਜੱਜ, ਗੁੱਗਾ ਮਾੜੀ ਦੇ ਸੇਵਾਦਾਰ ਜਗਰੂਪ ਸਿੰਘ, ਪਾਰਸ ਬਾਲੀ ਮੌਜੂਦ ਸਨ। ਦੰਗਲ ਦਾ ਅੱਖੀਂ ਡਿੱਠਾ ਹਾਲ ਡਾਇਰਕੈਟਰ ਗੁਰਮੁੱਖ ਦੀਪ ਨੇ ਸੁਣਾਇਆ। ਪਹਿਲਵਾਨਾਂ ਅਤੇ ਦਰਸ਼ਕਾਂ ਦਾ ਮਨਜੀਤ ਸਿੰਘ ਮੱਕੜ ਨੇ ਧੰਨਵਾਦ ਕੀਤਾ।