ਘਰੋਂ ਪੰਜ ਤੋਲਾ ਸੋਨਾ ਅਤੇ ਵਿਦੇਸ਼ੀ ਕਰੰਸੀ ਚੋਰੀ
ਵੱਖ ਵੱਖ ਇਲਾਕਿਆਂ ਵਿੱਚ ਲੱਖਾਂ ਰੁਪਏ ਦੇ ਗਹਿਣੇ, ਨਗਦੀ, ਵਾਹਨ ਅਤੇ ਹੋਰ ਸਾਮਾਨ ਚੋਰੀ ਹੋ ਗਿਆ। ਥਾਣਾ ਦਰੇਸੀ ਦੇ ਇਲਾਕੇ ਮੁਹੱਲਾ ਬਾਲ ਸਿੰਘ ਨਗਰ ਦੇ ਇੱਕ ਘਰ ਵਿੱਚ ਅਣਪਛਾਤੇ ਵਿਅਕਤੀ ਤਾਲੇ ਤੋੜ ਕੇ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਕੇ...
ਵੱਖ ਵੱਖ ਇਲਾਕਿਆਂ ਵਿੱਚ ਲੱਖਾਂ ਰੁਪਏ ਦੇ ਗਹਿਣੇ, ਨਗਦੀ, ਵਾਹਨ ਅਤੇ ਹੋਰ ਸਾਮਾਨ ਚੋਰੀ ਹੋ ਗਿਆ। ਥਾਣਾ ਦਰੇਸੀ ਦੇ ਇਲਾਕੇ ਮੁਹੱਲਾ ਬਾਲ ਸਿੰਘ ਨਗਰ ਦੇ ਇੱਕ ਘਰ ਵਿੱਚ ਅਣਪਛਾਤੇ ਵਿਅਕਤੀ ਤਾਲੇ ਤੋੜ ਕੇ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਕੇ ਲੈ ਗਏ ਹਨ।
ਇਸ ਸਬੰਧੀ ਸੁਖਵਿੰਦਰ ਪਾਲ ਨੇ ਦੱਸਿਆ ਕਿ ਉਸ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਰਹਿੰਦਾ ਹੈ। ਉਹ ਘਰ ਨੂੰ ਤਾਲਾ ਲਗਾ ਕੇ ਦਫ਼ਤਰ ਚਲਾ ਗਿਆ ਸੀ। ਉਹ ਜਦੋਂ ਘਰ ਆਇਆ ਤਾਂ ਅਲਮਾਰੀ ਵਿੱਚੋਂ ਉਸ ਦੀ ਪਤਨੀ ਦੇ ਸੋਨੇ ਦੇ ਗਹਿਣੇ 5 ਤੋਲੇ ਅਤੇ 5 ਲੱਖ ਰੁਪਏ, 2 ਮੁੰਦਰੀਆਂ ਸੋਨੇ ਦੀਆਂ, 600 ਡਾਲਰ ਕੈਨੇਡੀਅਨ, 150 ਪੌਂਡ, ਇੱਕ ਵਿਦੇਸ਼ੀ ਘੜੀ, ਪਾਸਪੋਰਟ ਗਾਇਬ ਸੀ। ਘਰ ਵਿੱਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਦਾ ਡੀ ਵੀ ਆਰ ਉਹ ਚੋਰੀ ਕਰ ਕੇ ਲੈ ਗਏ ਸਨ। ਪੁਲੀਸ ਨੇ ਸਰਵਨ ਕੁਮਾਰ ਵਾਸੀ ਮੁਹੱਲਾ ਬਾਲਾ ਜੀ ਐਨਕਲੇਵ, ਸ਼ੁਸ਼ੀਲ ਕੁਮਾਰ ਵਾਸੀ ਸ਼ਿਮਲਾ ਕਲੋਨੀ, ਮੁਹੰਮਦ ਸੈਫ ਵਾਸੀ ਨਿਊ ਵਿਸ਼ਾਲ ਕਲੋਨੀ ਅਤੇ ਬਿੱਟੂ ਕੁਮਾਰ ਵਾਸੀ ਕੁਲਦੀਪ ਨਗਰ ਨੂੰ ਗ੍ਰਿਫ਼ਤਾਰ ਲਿਆ ਹੈ। ਇਸੇ ਤਰ੍ਹਾਂ ਡਿਵੀਜ਼ਨ ਨੰਬਰ 8 ਦੀ ਪੁਲੀਸ ਨੂੰ ਨਿਸਚਿੰਤ ਵੋਹਰਾ ਵਾਸੀ ਕਾਲਜ ਰੋਡ ਸਿਵਲ ਲਾਇਨ ਨੇ ਦੱਸਿਆ ਕਿ ਰਾਤ ਨੂੰ ਕੋਈ ਅਣਪਛਾਤਾ ਵਿਅਕਤੀ ਘਰ ਅੰਦਰ ਦਾਖ਼ਲ ਹੋ ਕੇ ਮੋਬਾਈਲ ਫੋਨ ਅਤੇ ਪਰਸ ਜਿਸ ਵਿੱਚ ਕਰੀਬ 5 ਹਜ਼ਾਰ ਰੁਪਏ ਅਤੇ ਜ਼ਰੂਰੀ ਕਾਗਜ਼ਾਤ ਅਤੇ ਘਰ ਦੇ ਬਾਹਰੋਂ ਕਾਰ ਮਾਰੂਤੀ ਸਜ਼ੂਕੀ ਐੱਸ ਕਰੋਸ ਕੋਈ ਵਿਅਕਤੀ ਚੋਰੀ ਕਰ ਕੇ ਲੈ ਗਿਆ ਹੈ।
ਇੱਕ ਹੋਰ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲੀਸ ਨੂੰ ਅਸ਼ੋਕ ਧਵਨ ਵਾਸੀ ਇਲੈਕਟ੍ਰਾਨਿਕਸ ਵੀਡੀਓ ਮਾਰਕੀਟ ਸਿਵਲ ਸਟਰੀਟ ਘੁਮਾਰ ਮੰਡੀ ਨੇ ਦੱਸਿਆ ਕਿ ਉਸ ਕੋਲ ਅਰਵਿੰਦਰ ਕੁਮਾਰ ਵਾਸੀ ਗੁਰਪਾਲ ਨਗਰ ਮਿਲਰ ਗੰਜ ਬਤੌਰ ਅਸਿਸਟੈਂਟ ਅਕਾਊਟੈਂਟ ਨੌਕਰੀ ਕਰਦਾ ਸੀ। ਉਹ ਸ਼ੋਅਰੂਮ ਦੇ ਕਾਊਂਟਰ ਵਿੱਚੋਂ 20 ਹਜ਼ਾਰ 800 ਰੁਪਏ ਚੋਰੀ ਕਰ ਕੇ ਲੈ ਗਿਆ ਅਤੇ ਅਗਲੇ ਦਿਨ ਤੋਂ ਕੰਮ ’ਤੇ ਨਹੀਂ ਆਇਆ। ਇਸੇ ਤਰ੍ਹਾਂ ਮਾਡਲ ਟਾਊਨ ਦੀ ਪੁਲੀਸ ਨੂੰ ਕਮਲਦੀਪ ਸਿੰਘ ਕਟਾਰੀ ਵਾਸੀ ਬਸੰਤ ਐਵੀਨਿਊ ਨੇ ਦੱਸਿਆ ਕਿ ਉਸ ਦੇ ਜਿਊਲਰੀ ਸ਼ੋਅਰੂਮ ਵਿੱਚ ਨਿਯਮਿਤ ਸਟਾਕ ਗਿਣਤੀ ਹੋਣ ’ਤੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਚੈਕ ਕੀਤੀ ਤਾਂ ਪਤਾ ਲੱਗਾ ਕਿ ਕੋਈ ਵਿਅਕਤੀ ਲੇਡੀਜ਼ ਰਿੰਗ ਕੁੱਲ ਵਜਨ 4.777 ਗ੍ਰਾਮ ਅਤੇ ਨੈੱਟ ਵਜ਼ਨ 4.535 ਗ੍ਰਾਮ ਚੋਰੀ ਕਰ ਕੇ ਲੈ ਗਿਆ ਹੈ।

