ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 6 ਅਕਤੂਬਰ
ਸਨਅਤੀ ਸਹਿਰ ਵਿੱਚ ਦਸਹਿਰੇ ਤੋਂ ਬਾਅਦ ਹੁਣ ਦੀਵਾਲੀ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸ ਸਾਲ ਵੀ ਸ਼ਹਿਰ ’ਚ 6 ਥਾਵਾਂ ’ਤੇ ਪਟਾਕਿਆਂ ਦੀਆਂ 37 ਦੇ ਕਰੀਬ ਦੁਕਾਨਾਂ ਲੱਗਣਗੀਆਂ। ਜਿਨ੍ਹਾਂ ਦੀ ਅਲਾਟਮੈਂਟ 7 ਅਕਤੂਬਰ ਤੋਂ ਫਾਰਮ ਦੇਣ ਨਾਲ ਸ਼ੁਰੂ ਹੋਵੇਗੀ। ਇਹ ਫਾਰਮ ਕਮਿਸ਼ਨਰੇਟ ਪੁਲੀਸ ਦੀ ਲਾਇਸੈਂਸਿੰਗ ਯੂਨਿਟ ਤੋਂ ਮਿਲਣਗੇ। ਇਸ ਤੋਂ ਇਲਾਵਾ ਕਮਿਸ਼ਨਰੇਟ ਪੁਲੀਸ ਦੀ ਵੈਬਸਾਈਟ ’ਤੇ ਪੰਜਾਬੀ ਤੇ ਅੰਗਰੇਜ਼ੀ ’ਚ ਇਹ ਫਾਰਮ ਡਾਊਨਲੋਡ ਕੀਤੇ ਜਾ ਸਕਣਗੇ। ਪੁਲੀਸ ਨੇ ਦੱਸਿਆ ਕਿ ਦਸਤਾਵੇਜ਼ਾਂ ਸੰਬੰਧੀ ਸਾਰੀ ਕਾਰਵਾਈ ਪੂਰੀ ਕਰਨ ਤੋਂ ਬਾਅਦ 10 ਤੇ 11 ਅਕਤੂਬਰ ਦੀ ਸ਼ਾਮ 5 ਵਜੇ ਤੱਕ ਫਾਰਮ ਜਮ੍ਹਾਂ ਕਰਵਾਏ ਜਾ ਸਕਣਗੇ। ਚੁਣੇ ਹੋਏ ਯੋਗ ਉਮੀਦਵਾਰਾਂ ਦੀ ਸੂਚੀ 13 ਅਕਤੂਬਰ ਨੂੰ ਜਾਰੀ ਕਰ ਦਿੱਤੀ ਜਾਵੇਗੀ। 14 ਅਕਤੂਬਰ ਦੇ ਦਿਨ ਬੱਚਤ ਭਵਨ ’ਚ ਸਾਰੀਆਂ ਸਾਈਟਾਂ ਲਈ ਡਰਾਅ ਕੱਢੇ ਜਾਣਗੇ। ਡਰਾਅ ’ਚ ਲਾਇਸੈਂਸ ਹਾਸਲ ਕਰਨ ਵਾਲੇ ਦੁਕਾਨਦਾਰ 15 ਤੋਂ 16 ਅਕਤੂਬਰ ਦੇ ਵਿੱਚ ਆਪਣੀਆਂ ਦੁਕਾਨਾਂ ਤਿਆਰ ਕਰਨਗੇ। ਉਸ ਤੋਂ ਬਾਅਦ 17 ਅਕਤੂਬਰ ਤੋਂ ਪਟਾਕਿਆਂ ਦੀ ਵਿਕਰੀ ਸ਼ੁਰੂ ਕੀਤੀ ਜਾ ਸਕੇਗੀ। ਜੋ ਦੀਵਾਲੀ ਵਾਲੀ ਰਾਤ ਤੱਕ ਚੱਲੇਗੀ।
ਇਨ੍ਹਾਂ ਥਾਵਾਂ ’ਤੇ ਲੱਗਣਗੀਆਂ ਦੁਕਾਨਾਂ
ਜਲੰਧਰ ਬਾਈਪਾਸ ਦਾਣਾ ਮੰਡੀ – 13
ਸਿੱਧਵਾਂ ਨਹਿਰ ਦੇ ਕੋਲ – 5
ਦੁੱਗਰੀ ਫੇਸ-2 ਪੁਲੀਸ ਸਟੇਸ਼ਨ ਦੇ ਸਾਹਮਣੇ – 4
ਚੰਡੀਗੜ੍ਹ ਰੋਡ ਸਥਿਤ ਗਲਾਡਾ ਗਰਾਊਂਡ – 9
ਹੰਬੜਾ ਰੋਡ ਚਾਰਾ ਮੰਡੀ ਹੈਬੋਵਾਲ – 3
ਲੋਧੀ ਕਲੱਬ ਸਥਿਤ 200 ਫੁੱਟ ਰੋਡ ਗਰਾਊਂਡ -3