ਸ਼ਹਿਰ ਦੇ ਕੰਗਣਵਾਲ ਇਲਾਕੇ ਵਿੱਚ ਸਕਰੈਪ ਟਾਇਰਾਂ ਦੇ ਗੁਦਾਮ ਵਿੱਚ ਮੰਗਲਵਾਰ ਸਵੇਰੇ ਅਚਾਨਕ ਅੱਗ ਲੱਗ ਗਈ। ਅੱਗ ਨੇ ਕੁਝ ਹੀ ਸਮੇਂ ਵਿੱਚ ਭਿਆਨਕ ਰੂਪ ਧਾਰਨ ਕਰ ਲਿਆ। ਅੱਗ ਇੰਨੀ ਫੈਲ ਗਈ ਕਿ ਆਲੇ-ਦੁਆਲੇ ਦੇ ਇਲਾਕੇ ਵਿੱਚ ਕਾਲਾ ਧੂੰਆਂ ਦੂਰ-ਦੂਰ ਤੱਕ ਦਿਖਾਈ ਦੇ ਰਿਹਾ ਸੀ। ਆਸ-ਪਾਸ ਦੇ ਲੋਕਾਂ ਨੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਫਲ ਨਹੀਂ ਹੋ ਸਕੇ। ਕਿਸੇ ਨੇ ਇਸ ਬਾਰੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ਤੋਂ ਬਾਅਦ ਇੱਕ-ਇੱਕ ਕਰ ਕੇ ਫਾਇਰ ਬ੍ਰਿਗੇਡ ਦੀਆਂ ਛੇ ਗੱਡੀਆਂ ਘਟਨਾ ਸਥਾਨ ’ਤੇ ਪਹੁੰਚੀਆਂ। ਇਸ ਦੌਰਾਨ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਤਿੰਨ ਤੋਂ ਚਾਰ ਘੰਟਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਜਾ ਸਕਿਆ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਇਹ ਵੀ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੋ ਸਕਦੀ ਹੈ।
ਇਲਾਕਾ ਵਾਸੀਆਂ ਨੇ ਦੱਸਿਆ ਕਿ ਸਵੇਰੇ ਅੱਠ ਵਜੇ ਦੇ ਕਰੀਬ ਗੁਦਾਮ ਵਿੱਚੋਂ ਅਚਾਨਕ ਧੂੰਆਂ ਉੱਠਣਾ ਸ਼ੁਰੂ ਹੋ ਗਿਆ ਅਤੇ ਦੇਖਦਿਆਂ ਹੀ ਦੇਖਦਿਆਂ ਕੁੱਝ ਸਕਿੰਟਾਂ ਵਿੱਚ ਹੀ ਅੱਗ ਦੀਆਂ ਲਪਟਾਂ ਉੱਪਰ ਉੱਠਣ ਲੱਗ ਗਈਆਂ। ਸੜਦੇ ਟਾਇਰਾਂ ਵਿੱਚੋਂ ਕਾਲਾ ਧੂੰਆਂ ਕਈ ਕਿਲੋਮੀਟਰ ਦੂਰ ਤੋਂ ਦਿਖਾਈ ਦੇ ਰਿਹਾ ਸੀ। ਇਸ ਕਾਰਨ ਨੇੜਲੀਆਂ ਫੈਕਟਰੀਆਂ ਦੇ ਮਜ਼ਦੂਰ ਅਤੇ ਰਿਹਾਇਸ਼ੀ ਖੇਤਰ ਦੇ ਵਸਨੀਕ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ। ਲੋਕਾਂ ਨੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਅਸਫਲ ਰਹੇ। ਫਿਰ ਉਨ੍ਹਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਦਿੱਤੀ।
ਇੱਥੇ ਕੀਤੀ ਮੁੱਢਲੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਗੁਦਾਮ ਪੁਰਾਣੇ ਸਕ੍ਰੈਪ ਟਾਇਰਾਂ ਨੂੰ ਸਾੜ ਕੇ ਤੇਲ ਕੱਢਣ ਲਈ ਵਰਤਿਆ ਜਾਂਦਾ ਸੀ। ਟਾਇਰਾਂ ਵਿੱਚ ਤੇਲ ਅਤੇ ਰਸਾਇਣਾਂ ਦੀ ਮੌਜੂਦਗੀ ਨੇ ਅੱਗ ਨੂੰ ਤੇਜ਼ੀ ਨਾਲ ਫੈਲਾਅ ਦਿੱਤਾ।
ਤਿੰਨ-ਚਾਰ ਘੰਟਿਆਂ ਮਗਰੋਂ ਅੱਗ ਬੁਝਾਈ: ਦਿਨੇਸ਼ ਕੁਮਾਰ
ਫਾਇਰ ਅਫ਼ਸਰ ਦਿਨੇਸ਼ ਕੁਮਾਰ ਨੇ ਦੱਸਿਆ ਕਿ ਅੱਗ ਦੀ ਸੂਚਨਾ ਮਿਲਦਿਆਂ ਹੀ ਵਾਹਨਾਂ ਨੂੰ ਅੱਗ ਬੁਝਾਊ ਵਾਹਨਾਂ ਨੂੰ ਰਵਾਨਾ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਤਿੰਨ ਤੋਂ ਚਾਰ ਘੰਟਿਆਂ ਦੀ ਜੱਦੋ-ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਲੱਖਾਂ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਇੱਥੇ ਪਏ ਟਾਇਰ ਪੂਰੀ ਤਰ੍ਹਾਂ ਸੜ ਗਏ ਸਨ। ਅੱਗ ਕਿਵੇਂ ਲੱਗੀ ਇਸ ਬਾਰੇ ਹੋਰ ਜਾਂਚ ਕੀਤੀ ਜਾ ਰਹੀ ਹੈ।

