ਹੰਬੋਵਾਲ ਸਕੂਲ ਦੇ ਲੋੜਵੰਦ ਵਿਦਿਆਰਥੀਆਂ ਦੀ ਫੀਸ ਭਰੀ
ਪੱਤਰ ਪ੍ਰੇਰਕ
ਮਾਛੀਵਾੜਾ, 31 ਮਈ
ਬਾਬਾ ਸੁੱਧ ਸਿੰਘ ਟੂਸੇ ਵਾਲਿਆਂ ਨੇ ਸਰਕਾਰੀ ਸਕੂਲਾਂ ਦੇ ਲੋੜਵੰਦ ਵਿਦਿਆਰਥੀਆਂ ਦੀ ਫੀਸ ਭਰਨ ਦੀ ਆਰੰਭੀ ਮੁਹਿੰਮ ਤਹਿਤ ਅੱਜ ਪਿੰਡ ਹੰਬੋਵਾਲ ਦੇ ਵਿਦਿਆਰਥੀਆਂ ਦੀ ਫੀਸ ਭਰੀ। ਬਾਬਾ ਸੁੱਧ ਸਿੰਘ ਟੂਸੇ ਵਾਲਿਆਂ ਨੇ ਕਿਹਾ ਕਿ ਬੇਸ਼ੱਕ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ ਵਧੀਆ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਪਰ ਗਿਆਰ੍ਹਵੀਂ ਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ ਸਾਲਾਨਾ 2 ਤੋਂ 3 ਹਜ਼ਾਰ ਰੁਪਏ ਮਹੀਨਾ ਸਰਕਾਰੀ ਫੀਸ ਅਦਾ ਕਰਨੀ ਪੈਂਦੀ ਹੈ। ਉਨ੍ਹਾਂ ਦੱਸਿਆ ਕਿ ਕਈ ਗਰੀਬ ਮਾਪੇ ਇਹ ਫੀਸ ਅਦਾ ਕਰਨ ਤੋਂ ਅਸਮਰੱਥ ਹੁੰਦੇ ਹਨ ਇਸ ਲਈ ਉਨ੍ਹਾਂ ਵੱਲੋਂ ਅੱਜ ਹੰਬੋਵਾਲ ਸਕੂਲ ਦੇ ਕਰੀਬ 35 ਲੋੜਵੰਦ ਵਿਦਿਆਰਥੀਆਂ ਦੀ ਸਾਲਾਨਾ ਫੀਸ ਅਦਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਇਹ ਵਿਦਿਆਰਥੀ ਮੁਫ਼ਤ ਵਿੱਦਿਆ ਹਾਸਲ ਕਰ ਸਕਣਗੇ।
ਬਾਬਾ ਸੁੱਧ ਸਿੰਘ ਟੂਸੇ ਵਾਲਿਆਂ ਨੇ ਕਿਹਾ ਕਿ ਜੇਕ ਕਿਸੇ ਵੀ ਵਿਦਿਆਰਥੀ ਨੂੰ ਕਿਤਾਬਾਂ ਜਾਂ ਹੋਰ ਵਸਤੂ ਦੀ ਜ਼ਰੂਰਤ ਹੋਵੇ ਤਾਂ ਸੰਗਤਾਂ ਦੇ ਸਹਿਯੋਗ ਨਾਲ ਉਹ ਵੀ ਵਿਦਿਆਰਥੀ ਨੂੰ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਭਾਈ ਸੁਰਜੀਤ ਸਿੰਘ, ਬੀਬੀ ਹਰਵਿੰਦਰ ਕੌਰ, ਭਾਈ ਚਰਨਜੀਤ ਸਿੰਘ ਰਾਜਾ ਵਲੋਂ ਇਨ੍ਹਾਂ ਵਿਦਿਆਰਥੀਆਂ ਦੀ ਫੀਸ ਅਦਾ ਕਰਨ ਵਿਚ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ। ਸਕੂਲ ਪ੍ਰਿੰਸੀਪਲ ਅਤੇ ਸਟਾਫ਼ ਮੈਂਬਰਾਂ ਨੇ ਬਾਬਾ ਸੁੱਧ ਸਿੰਘ ਟੂਸੇ ਵਾਲਿਆਂ ਦੇ ਕਾਰਜ ਦੀ ਸ਼ਲਾਘਾ ਕਰਦਿਆਂ ਧੰਨਵਾਦ ਪ੍ਰਗਟਾਇਆ।