ਹੜ੍ਹ ਦੇ ਖ਼ਤਰੇ ਕਾਰਨ ਬੁੱਢੇ ਦਰਿਆ ਕੰਢੇ ਰਹਿ ਰਹੇ ਲੋਕਾਂ ’ਚ ਸਹਿਮ
ਗੁਰਿੰਦਰ ਸਿੰਘ
ਲੁਧਿਆਣਾ, 2 ਜੁਲਾਈ
ਮੋਸਮ ਅਨੁਮਾਨ ਵਿਭਾਗ ਵੱਲੋਂ ਅਗਲੇ ਦਿਨਾਂ ਦੌਰਾਨ ਭਾਰੀ ਮੀਂਹ ਹੋਣ ਦੀ ਕੀਤੀ ਭਵਿੱਖਬਾਣੀ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜ੍ਹਾਂ ਦੀ ਰੋਕਥਾਮ ਸਬੰਧੀ ਚੁੱਕੇ ਕਦਮਾਂ ਨੂੰ ਵੇਖਦਿਆਂ ਬੁੱਢੇ ਦਰਿਆ ਕਿਨਾਰੇ ਰਹਿ ਰਹੇ ਲੋਕਾਂ ਵਿੱਚ ਡਰ ਅਤੇ ਸਹਿਮ ਪਾਇਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਵੱਲੋਂ ਹੜ੍ਹ ਦੀ ਸਥਿਤੀ ਨਾਲ ਨਿਪਟਣ ਲਈ ਪ੍ਰਬੰਧਕੀ ਕੰਪਲੈਕਸ ਸਮੇਤ 8 ਥਾਵਾਂ 'ਤੇ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ ਅਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ 24x7 ਫਲੱਡ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ।
ਇਸ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਦੋਸ਼ ਲਗਾਇਆ ਹੈ ਕਿ ਨਗਰ ਨਿਗਮ ਵੱਲੋਂ ਬੁੱਢਾ ਦਰਿਆ ਦੀ ਚੌੜਾਈ ਨੂੰ ਲਾਪਰਵਾਹੀ ਨਾਲ ਘਟਾਇਆ ਗਿਆ ਹੈ ਜਿਸ ਨਾਲ ਦਰਿਆ ਵਿੱਚ ਹੜ੍ਹ ਦਾ ਖ਼ਤਰਾ ਬਣਿਆ ਹੋਇਆ ਹੈ। ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਅਤੇ ਪੰਜਾਬ ਭਾਜਪਾ ਦੇ ਮੀਡੀਆ ਪੈਨਲਿਸਟ ਪਰਮਿੰਦਰ ਮਹਿਤਾ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਯਾਦ ਦਿਵਾਇਆ ਹੈ ਕਿ ਪਿਛਲੇ ਸਾਲ ਜਦੋਂ ਨਗਰ ਨਿਗਮ ਨੇ ਬੁੱਢਾ ਦਰਿਆ ਦੇ ਕੰਢੇ ਨਿਊ ਕੁੰਦਨਪੁਰੀ ਤੋਂ ਹੈਬੋਵਾਲ ਤੱਕ ਸੜਕ ਨਿਰਮਾਣ ਦਾ ਕੰਮ ਸ਼ੁਰੂ ਕੀਤਾ ਸੀ, ਉਦੋਂ ਵੀ ਭਾਜਪਾ ਨੇ ਸੜਕ ਨਿਰਮਾਣ ਵਿੱਚ ਚੁਣ-ਚੁਣ ਕੇ ਕਈ ਥਾਵਾਂ ’ਤੇ ਨਦੀ ਦਾ ਆਕਾਰ ਘਟਾਉਣ ਅਤੇ ਸੱਪ ਵਰਗੀਆਂ ਸੜਕਾਂ ਬਣਾਉਣ ਦਾ ਵਿਰੋਧ ਕੀਤਾ ਸੀ। ਉਨ੍ਹਾਂ ਕਿਹਾ ਕਿ ਨਿਗਮ ਅਧਿਕਾਰੀਆਂ ਵੱਲੋਂ ਕੀਤੀ ਗਈ ਇਸ ਵੱਡੀ ਲਾਪਰਵਾਹੀ ਨਾਲ ਪਿਛਲੇ ਸਾਲ ਉਕਤ ਖੇਤਰਾਂ ਵਿੱਚ ਬਰਸਾਤ ਦੇ ਮੌਸਮ ਦੌਰਾਨ ਬੁੱਢੇ ਦਰਿਆ ਨੂੰ ਨੁਕਸਾਨ ਪਹੁੰਚਿਆ ਸੀ। ਦਰਿਆ ਦੇ ਗੰਦੇ ਪਾਣੀ ਨੇ ਜ਼ਿਆਦਾਤਰ ਆਬਾਦੀ ਨੂੰ ਭਾਰੀ ਨੁਕਸਾਨ ਪਹੁੰਚਾਇਆ ਸੀ।
ਭਾਜਪਾ ਆਗੂਆਂ ਨੇ ਗੁੱਸਾ ਪ੍ਰਗਟ ਕਰਦਿਆਂ ਕਿਹਾ ਕਿ ਬੁੱਢੇ ਦਰਿਆ ਦੀ ਚੌੜਾਈ ਘਟਾਉਣ ਲਈ ਨਾ ਸਿਰਫ਼ ਨਿਗਮ ਅਧਿਕਾਰੀ ਹੀ ਜ਼ਿੰਮੇਵਾਰ ਹਨ, ਸਗੋਂ ਇਸ ਵਿੱਚ ਸਿਆਸਤਦਾਨ ਅਤੇ ਮੰਤਰੀ ਵੀ ਦੋਸ਼ੀ ਹਨ ਜਿਨ੍ਹਾਂ ਨੇ ਨਿਯਮਾਂ ਨੂੰ ਨਜ਼ਰਅੰਦਾਜ਼ ਕਰਕੇ ਬਣਾਈਆਂ ਗਈਆਂ ਸੜਕਾਂ ਦਾ ਉਦਘਾਟਨ ਕੀਤਾ।
ਉਨ੍ਹਾਂ ਕਿਹਾ ਕਿ ਦਰਿਆ ਦੀ ਚੌੜਾਈ 58 ਫੁੱਟ ਤੋਂ ਘਟਾ ਕੇ 35 ਫੁੱਟ ਕਰਨਾ ਇੱਕ ਵੱਡੀ ਗਲਤੀ ਹੈ, ਜਿਸ ਕਾਰਨ ਨਿਊ ਕੁੰਦਨਪੁਰੀ ਤੋਂ ਹੈਬੋਵਾਲ ਤੱਕ ਦਰਿਆ ਦੇ ਆਲੇ-ਦੁਆਲੇ ਦੀ ਆਬਾਦੀ ਵਿੱਚ ਹੜ੍ਹ ਵਰਗੀ ਸਥਿਤੀ ਦਾ ਖ਼ਤਰਾ ਵੱਧ ਗਿਆ ਹੈ ਜਦਕਿ ਦਰਿਆ ਦੀ ਸਮੇਂ ਸਿਰ ਸਫ਼ਾਈ ਨਾ ਹੋਣ ਕਾਰਨ, ਦਰਿਆ ਦਾ ਗੰਦਾ ਪਾਣੀ ਬਰਸਾਤ ਦੇ ਮੌਸਮ ਦੌਰਾਨ ਦਰਿਆ ਦੀ ਪੂਰੀ ਚੌੜਾਈ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਮਾਰ ਕਰਦਾ ਆ ਰਿਹਾ ਹੈ। ਉਨ੍ਹਾਂ ਚਿੰਤਾ ਪ੍ਰਗਟ ਕੀਤੀ ਹੈ ਕਿ ਇਸ ਵਾਰ ਬਾਰਸ਼ ਸਮੇਂ ਤੋਂ ਪਹਿਲਾਂ ਸ਼ੁਰੂ ਹੋ ਗਈ ਹੈ ਅਤੇ ਮੌਸਮ ਵਿਭਾਗ ਅਨੁਸਾਰ, ਪਿਛਲੇ ਸਾਲ ਨਾਲੋਂ ਵੱਧ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਸਰਕਾਰ ਨੂੰ ਦਰਿਆ ਦੇ ਨੇੜੇ ਰਹਿਣ ਵਾਲੀ ਆਬਾਦੀ ਨੂੰ ਮੀਂਹ ਦੇ ਪਾਣੀ ਦੇ ਹਮਲੇ ਤੋਂ ਬਚਾਉਣ ਲਈ ਜੰਗੀ ਪੱਧਰ 'ਤੇ ਢੁਕਵੇਂ ਪ੍ਰਬੰਧ ਕਰਨੇ ਚਾਹੀਦੇ ਹਨ।