F&CC Meeting: ਸੜਕਾਂ ਦੇ ਸਫ਼ਾਈ ਤੇ ਧੁਆਈ ਪ੍ਰਾਜੈਕਟ ਸਬੰਧੀ ਹੰਗਾਮਾ
ਕਾਂਗਰਸੀਆਂ ਨੇ ਮੇਅਰ ਕੈਂਪ ਆਫਿਸ ਬਾਹਰ ਧਰਨਾ ਲਾਇਆ; ਪੰਜ ਏਜੰਡੇ ਪੰਜ ਮਿੰਟਾਂ ’ਚ ਨਿਬੇਡ਼ੇ
ਸ਼ਹਿਰ ਦੀਆਂ ਲੁੱਕ ਵਾਲੀਆਂ ਸੜਕਾਂ ਦੀ ਹਾਈ-ਪ੍ਰੈਸ਼ਰ ਵਾਸ਼ਿੰਗ ਦੇ ਪ੍ਰਾਜੈਕਟ ਨੂੰ ਲੈ ਕੇ ਵਿੱਤ ਅਤੇ ਠੇਕਾ ਕਮੇਟੀ (ਐੱਫ ਐਂਡ ਸੀ ਸੀ) ਦੀ ਮੀਟਿੰਗ ਦੌਰਾਨ ਮਾਹੌਲ ਮੁੜ ਭਖ ਗਿਆ। ਮੇਅਰ ਕੈਂਪ ਹਾਊਸ ਵਿੱਚ ਬੁੱਧਵਾਰ ਦੁਪਹਿਰ ਕਰੀਬ ਢਾਈ ਵਜੇ ਐੱਫ ਐਂਡ ਸੀ ਸੀ ਦੀ ਮੀਟਿੰਗ ਸੱਦੀ ਗਈ ਸੀ।
ਮੀਟਿੰਗ ਵਿੱਚ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ, ਨਿਗਮ ਕਮਿਸ਼ਨਰ ਓਜਸਵੀ ਅਲੰਕਾਰ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ, ਡਿਪਟੀ ਮੇਅਰ ਪ੍ਰਿੰਸ ਜੌਹਰ, ਕਮੇਟੀ ਮੈਂਬਰ ਯੁਵਰਾਜ ਸਿੱਧੂ ਅਤੇ ਗੌਰਵ ਭੱਟੀ ਸਣੇ ਵੱਖ-ਵੱਖ ਸ਼ਾਖਾਵਾਂ ਦੇ ਉੱਚ ਅਧਿਕਾਰੀ ਸ਼ਾਮਲ ਹੋਏ। ਮੀਟਿੰਗ ਦੌਰਾਨ ਬਾਕੀ ਏਜੰਡਿਆਂ ’ਤੇ ਮਹਿਜ਼ ਪੰਜ ਮਿੰਟਾਂ ਵਿੱਚ ਚਰਚਾ ਨਿਬੇੜ ਦਿੱਤੀ ਗਈ, ਪਰ ਕਰੀਬ 81.54 ਕਰੋੜ ਰੁਪਏ ਦੀ ਲਾਗਤ ਵਾਲੇ ਮਕੈਨੀਕਲ ਸਵੀਪਿੰਗ ਅਤੇ ਰੋਡ ਕਲੀਨਿੰਗ ਪ੍ਰਾਜੈਕਟ ’ਤੇ ਲਗਪਗ ਡੇਢ ਘੰਟਾ ਬਹਿਸ ਹੋਈ। ਬਹੁਤੇ ਮੈਂਬਰ ਇਸ ਪ੍ਰਸਤਾਵ ਨੂੰ ਪਾਸ ਕਰਵਾਉਣ ਦੇ ਹੱਕ ਵਿੱਚ ਸਨ, ਪਰ ਕੌਂਸਲਰ ਗੌਰਵ ਭੱਟੀ ਵੱਲੋਂ ਇਸ ਦਾ ਡਟਵਾਂ ਵਿਰੋਧ ਜਾਰੀ ਰਿਹਾ। ਉਨ੍ਹਾਂ ਦਾ ਤਰਕ ਸੀ ਕਿ ਜਦੋਂ ਮੰਗਲਵਾਰ ਦੀ ਮੀਟਿੰਗ ਵਿੱਚ ਇਹ ਪ੍ਰਸਤਾਵ ਰੱਦ ਕੀਤਾ ਜਾ ਚੁੱਕਾ ਸੀ ਤਾਂ ਇਸ ਨੂੰ ਮੁੜ ਏਜੰਡੇ ਵਿੱਚ ਕਿਉਂ ਸ਼ਾਮਲ ਕੀਤਾ ਗਿਆ। ਮੰਗਲਵਾਰ ਵਾਲੀ ਮੀਟਿੰਗ ਵਿੱਚ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਅਤੇ ਗੌਰਵ ਭੱਟੀ ਨੇ ਸਾਂਝੇ ਤੌਰ ’ਤੇ ਇਤਰਾਜ਼ ਜਤਾਉਂਦਿਆਂ ਇਸ ਪ੍ਰਾਜੈਕਟ ਨੂੰ ਰੱਦ ਕਰਵਾ ਦਿੱਤਾ ਸੀ। ਪ੍ਰੰਤੂ ਬੁੱਧਵਾਰ ਦੀ ਮੀਟਿੰਗ ਵਿੱਚ ਨਵਾਂ ਮੋੜ ਉਦੋਂ ਆਇਆ ਜਦੋਂ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਨੇ ਆਪਣਾ ਰੁਖ਼ ਬਦਲਦਿਆਂ ਸਭ ਦੀ ਹਾਂ ਵਿੱਚ ਹਾਂ ਮਿਲਾ ਦਿੱਤੀ। ਇਸ ਤਰ੍ਹਾਂ 4 ਮੈਂਬਰਾਂ ਦੇ ਬਹੁਮਤ ਨਾਲ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਗਈ।
ਮੇਅਰ ਕੈਂਪ ਆਫਿਸ ਦੇ ਬਾਹਰ ਧਰਨਾ ਸ਼ੁਰੂ, ਕਾਂਗਰਸੀ ਕੌਂਸਲਰ ਵੀ ਪੁੱਜੇ
ਜਦੋਂ ਇਸ ਮੁੱਦੇ ’ਤੇ ਸੱਤਾਧਾਰੀਆਂ ਨੇ ਧੱਕੇ ਨਾਲ ਮਤਾ ਪਾਸ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਾਂਗਰਸੀ ਕੌਂਸਲਰ ਗੌਰਵ ਭੱਟੀ ਦਰੀ ਵਿਛਾ ਕੇ ਮੇਅਰ ਕੈਂਪ ਆਫਿਸ ਦੇ ਬਾਹਰ ਹੀ ਧਰਨੇ ’ਤੇ ਬੈਠ ਗਏ। ਧਰਨੇ ’ਤੇ ਬੈਠੇ ਕੌਂਸਲਰ ਗੌਰਵ ਭੱਟੀ ਨੇ ਦੋਸ਼ ਲਾਇਆ ਕਿ ਲੁੱਕ ਅਤੇ ਪਾਣੀ ਦਾ ਆਪਸੀ ਵੈਰ ਹੈ; ਜਦੋਂ ਲੁੱਕ ਵਾਲੀਆਂ ਸੜਕਾਂ ਨੂੰ ਤੇਜ਼ ਪ੍ਰੈਸ਼ਰ ਵਾਲੇ ਪਾਣੀ ਨਾਲ ਧੋਤਾ ਜਾਵੇਗਾ ਤਾਂ ਸੜਕਾਂ ਖ਼ਰਾਬ ਹੋ ਕੇ ਜਲਦੀ ਟੁੱਟ ਜਾਣਗੀਆਂ। ਉਨ੍ਹਾਂ ਆਖਿਆ ਕਿ ਇਹ ਬੇਲੋੜਾ ਪ੍ਰਾਜੈਕਟ ਲਿਆ ਕੇ ਆਮ ਜਨਤਾ ’ਤੇ ਵਾਧੂ ਵਿੱਤੀ ਬੋਝ ਪਾਇਆ ਜਾ ਰਿਹਾ ਹੈ। ਮੁਹਾਲੀ ਵਿੱਚ ਵੀ ਇਹ ਤਜਵੀਜ਼ ਰੱਦ ਕੀਤੀ ਜਾ ਚੁੱਕੀ ਹੈ, ਇਸ ਲਈ ਲੁਧਿਆਣਾ ਵਿੱਚ ਵੀ ਇਸ ਨੂੰ ਰੱਦ ਕੀਤਾ ਜਾਣਾ ਚਾਹੀਦਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਇਹ ਸਭ ‘ਦਿੱਲੀ ਵਾਲਿਆਂ’ ਨੂੰ ਖ਼ੁਸ਼ ਕਰਨ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪ੍ਰੋਸੀਡਿੰਗਜ਼ ਵਿੱਚ ਉਨ੍ਹਾਂ ਦਾ ਲਿਖਤੀ ਇਤਰਾਜ਼ ਦਰਜ ਨਹੀਂ ਕੀਤਾ ਜਾਂਦਾ, ਉਹ ਧਰਨੇ ਤੋਂ ਨਹੀਂ ਉੱਠਣਗੇ। ਇਸ ਤੋਂ ਬਾਅਦ ਮੌਕੇ ’ਤੇ ਬਾਕੀ ਕਾਂਗਰਸੀ ਕੌਂਸਲਰ ਵੀ ਪੁੱਜ ਗਏ, ਖ਼ਬਰ ਲਿਖੇ ਜਾਣ ਤੱਕ ਮੇਅਰ ਕੈਂਪ ਆਫਿਸ ਦੇ ਬਾਹਰ ਧਰਨਾ ਜਾਰੀ ਸੀ।

