Khanna Land Registration Scam Exposed: ਜਾਅਲੀ ਰਜਿਸਟਰੀਆਂ ਦੇ ਦੋਸ਼ ਹੇਠ ਪਿਓ-ਪੁੱਤ ਨਾਮਜ਼ਦ
ਵਸੀਕਾ ਨਵੀਸ ਤੇ ਸਰਪੰਚ ਖ਼ਿਲਾਫ਼ ਵੀ ਕੇਸ ਦਰਜ
ਖੰਨਾ ਵਿੱਚ ਫਰਜ਼ੀ ਐੱਨ ਓ ਸੀ ਅਤੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਰਜਿਸਟਰੀਆਂ ਕਰਵਾ ਕੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਾਉਣ ਅਤੇ ਲੋਕਾਂ ਨਾਲ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਖੰਨਾ ਦੀ ਐੱਸ ਡੀ ਐੱਮ ਸਵਾਤੀ ਟਿਵਾਣਾ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਥਾਣਾ ਸਿਟੀ-2 ਦੀ ਪੁਲੀਸ ਨੇ ਵਸੀਕਾ ਨਵੀਸ ਅਤੇ ਸਾਬਕਾ ਸਰਪੰਚ ਸਮੇਤ ਪਿਓ-ਪੁੱਤ ਖ਼ਿਲਾਫ਼ ਧੋਖਾਧੜੀ ਦਾ ਮੁਕੱਦਮਾ ਦਰਜ ਕੀਤਾ ਹੈ। ਨਾਮਜ਼ਦ ਮੁਲਜ਼ਮਾਂ ਵਿੱਚ ਵਸੀਕਾ ਨਵੀਸ ਰਵਿੰਦਰ ਸਿੰਘ, ਗੁਰਦੀਪ ਸਿੰਘ, ਵਿਕਾਸ ਉਰਫ਼ ਵਿੱਕੀ ਅਤੇ ਖੰਨਾ ਖੁਰਦ ਦੇ ਸਾਬਕਾ ਸਰਪੰਚ ਪਰਮਜੀਤ ਸਿੰਘ ਸ਼ਾਮਲ ਹਨ, ਜਿਨ੍ਹਾਂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਐੱਸ ਡੀ ਐੱਮ ਟਿਵਾਣਾ ਨੇ ਦੱਸਿਆ ਕਿ ਉਨ੍ਹਾਂ ਨੂੰ ਸਬ-ਰਜਿਸਟਰਾਰ ਦਫ਼ਤਰ ਵਿੱਚ ਜਾਅਲੀ ਦਸਤਾਵੇਜ਼ਾਂ ਰਾਹੀਂ ਜ਼ਮੀਨਾਂ ਦੀਆਂ ਰਜਿਸਟਰੀਆਂ ਹੋਣ ਦੀ ਸ਼ਿਕਾਇਤ ਮਿਲੀ ਸੀ। ਮੁੱਢਲੀ ਜਾਂਚ ਵਿੱਚ ਖੁਲਾਸਾ ਹੋਇਆ ਕਿ 35 ਰਜਿਸਟਰੀਆਂ ਵਿੱਚ ਜਾਅਲੀ ਐੱਨ ਓ ਸੀ ਲਾਈ ਗਈ ਸੀ। ਇਸ ਤੋਂ ਇਲਾਵਾ 18 ਰਜਿਸਟਰੀਆਂ ਮੈਨੂਅਲ ਐੱਨ ਓ ਸੀ ਰਾਹੀਂ ਕੀਤੀਆਂ ਗਈਆਂ ਸਨ, ਜਿਨ੍ਹਾਂ ਦੀ ਜਾਂਚ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ (ਈ ਓ) ਵੱਲੋਂ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਤਹਿਸੀਲ ਵਿੱਚ ਲਗਪਗ 83 ਰਜਿਸਟਰੀਆਂ ਸ਼ੱਕ ਦੇ ਘੇਰੇ ਵਿੱਚ ਹਨ। ਜਾਂਚ ਵਿੱਚ ਪਤਾ ਲੱਗਾ ਕਿ ਕੌਂਸਲ ਵੱਲੋਂ ਜਾਰੀ ਐੱਨ ਓ ਸੀ ਨੰਬਰ ਫਰਜ਼ੀ ਸਨ ਅਤੇ ਕਈ ਰਜਿਸਟਰੀਆਂ ਉੱਤੇ ਇੱਕੋ ਹੀ ਐੱਨ ਓ ਸੀ ਨੰਬਰ ਵਾਰ-ਵਾਰ ਵਰਤਿਆ ਗਿਆ ਸੀ। ਐੱਸ ਡੀ ਐੱਮ ਅਨੁਸਾਰ ਬਾਕੀ ਰਜਿਸਟਰੀਆਂ ਦੀ ਪੜਤਾਲ ਵੀ ਕੀਤੀ ਜਾ ਰਹੀ ਹੈ।
