DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਿਲਰਗੰਜ ਇਲਾਕੇ ਵਿੱਚ ਪਿਉ-ਪੁੱਤ ’ਤੇ ਹਮਲਾ

ਗੱਡੀ ਕੱਢਣ ਨੂੰ ਲੈ ਕੇ ਹੋਏ ਮਾਮੂਲੀ ਵਿਵਾਦ ਨੇ ਧਾਰਿਆ ਖ਼ੂਨੀ ਰੂਪ

  • fb
  • twitter
  • whatsapp
  • whatsapp
Advertisement
ਸਨਅਤੀ ਸ਼ਹਿਰ ਦੇ ਮਿਲਰਗੰਜ ਇਲਾਕੇ ਵਿੱਚ ਮਾਮੂਲੀ ਬਹਿਸ ਨੇ ਉਸ ਵੇਲੇ ਖ਼ੂਨੀ ਸੰਘਰਸ਼ ਦਾ ਰੂਪ ਲੈ ਲਿਆ, ਜਦੋਂ ਘਰ ਦੇ ਬਾਹਰ ਗੱਡੀ ਕੱਢਣ ਨੂੰ ਲੈ ਕੇ ਹੋਏ ਝਗੜੇ ਵਿੱਚ ਹਮਲਾਵਰਾਂ ਨੇ ਇੱਕ ਪਰਿਵਾਰ ’ਤੇ ਜਾਨਲੇਵਾ ਹਮਲਾ ਕਰ ਦਿੱਤਾ। ਮੁਹੱਲਾ ਪ੍ਰੀਤ ਨਗਰ ਸੇਵਕਪੁਰਾ ਵਿੱਚ ਹੋਈ ਇਸ ਵਾਰਦਾਤ ਦੌਰਾਨ ਹਮਲਾਵਰਾਂ ਨੇ ਪਿਉ-ਪੁੱਤ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਪਿਸਤੌਲ ਦੇ ਬੱਟ ਮਾਰ ਕੇ ਉਨ੍ਹਾਂ ਨੂੰ ਲਹੂ-ਲੁਹਾਨ ਕਰ ਦਿੱਤਾ। ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ 6 ਦੀ ਪੁਲੀਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਪੁਲੀਸ ਨੇ ਸਿਮਰਨਜੋਤ ਸਿੰਘ ਦੀ ਸ਼ਿਕਾਇਤ ’ਤੇ ਸਾਹਿਲ ਕਪੂਰ, ਉਦਿਤ ਕਪੂਰ, ਸੁਨੀਲ ਕਪੂਰ ਅਤੇ ਕਮਲ ਸਣੇ 8 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਘਟਨਾ ਦੀ ਇੱਕ ਸੀ ਸੀ ਟੀ ਵੀ ਫੁਟੇਜ ਵੀ ਸਾਹਮਣੇ ਆਈ ਹੈ। ਵੀਡੀਓ ਮੁਤਾਬਕ ਹਮਲਾਵਰ ਪੀੜਤ ਦੇ ਘਰ ਦੇ ਬਾਹਰ ਸ਼ਰੇਆਮ ਗਾਲੀ-ਗਲੋਚ ਕਰ ਰਹੇ ਹਨ। ਇਨ੍ਹਾਂ ਵਿੱਚੋਂ ਇੱਕ ਨੌਜਵਾਨ ਦੇ ਹੱਥ ਵਿੱਚ ਪਿਸਤੌਲ ਵੀ ਹੈ। ਗਾਲੀ-ਗਲੋਚ ਤੋਂ ਬਾਅਦ ਮੁਲਜ਼ਮ ਜ਼ਬਰਦਸਤੀ ਘਰ ਦੇ ਅੰਦਰ ਦਾਖਲ ਹੋਏ ਅਤੇ ਭੰਨਤੋੜ ਤੇ ਕੁੱਟਮਾਰ ਸ਼ੁਰੂ ਕਰ ਦਿੱਤੀ। ਪੁਲੀਸ ਹੁਣ ਇਸੇ ਫੁਟੇਜ ਦੇ ਆਧਾਰ ’ਤੇ ਫ਼ਰਾਰ ਮੁਲਜ਼ਮਾਂ ਦੀ ਸ਼ਨਾਖਤ ਕਰਨ ਵਿੱਚ ਜੁੱਟੀ ਹੋਈ ਹੈ।

Advertisement

ਪੀੜਤ ਸਿਮਰਨਜੋਤ ਸਿੰਘ ਨੇ ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ 26 ਫਰਵਰੀ ਦੀ ਸਵੇਰ ਕਰੀਬ 11 ਵਜੇ ਉਹ ਆਪਣੀ ਆਈ-20 ਕਾਰ ਘਰੋਂ ਬਾਹਰ ਕੱਢ ਰਿਹਾ ਸੀ। ਇਸ ਦੌਰਾਨ ਸਾਹਿਲ ਅਤੇ ਉਦਿਤ ਕਪੂਰ ਨੇ ਆਪਣੀ ਸਕੂਟੀ ਉਸ ਦੀ ਕਾਰ ਵਿੱਚ ਮਾਰ ਦਿੱਤੀ। ਜਦੋਂ ਸਿਮਰਨਜੋਤ ਨੇ ਇਸ ਦਾ ਵਿਰੋਧ ਕੀਤਾ ਤਾਂ ਮੁਲਜ਼ਮ ਬਹਿਸ ਕਰਨ ਲੱਗੇ। ਵਿਵਾਦ ਦੇ 15-20 ਮਿੰਟ ਬਾਅਦ ਹੀ ਮੁਲਜ਼ਮ ਇੱਕ ਗੱਡੀ ਵਿੱਚ ਆਪਣੇ 5-6 ਹੋਰ ਸਾਥੀਆਂ ਸਣੇ ਹਥਿਆਰਾਂ ਨਾਲ ਲੈਸ ਹੋ ਕੇ ਪਰਤੇ ਅਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਸਿਮਰਨਜੋਤ ਦੇ ਨੱਕ ’ਤੇ ਪਿਸਤੌਲ ਦੇ ਬੱਟ ਨਾਲ ਜ਼ੋਰਦਾਰ ਵਾਰ ਕੀਤਾ, ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਬਚਾਅ ਕਰਨ ਆਏ ਉਸ ਦੇ ਪਿਤਾ ਨੂੰ ਵੀ ਨਹੀਂ ਬਖ਼ਸ਼ਿਆ ਗਿਆ। ਰੌਲਾ ਸੁਣ ਕੇ ਜਦੋਂ ਆਸ-ਪਾਸ ਦੇ ਲੋਕ ਇਕੱਠੇ ਹੋਣ ਲੱਗੇ, ਤਾਂ ਮੁਲਜ਼ਮ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। ਇਸ ਖਿੱਚ-ਧੂਹ ਦੌਰਾਨ ਪੀੜਤ ਦੀ ਦੋ ਤੋਲੇ ਦੀ ਸੋਨੇ ਦੀ ਚੇਨ ਵੀ ਗਾਇਬ ਹੋ ਗਈ ਹੈ। ਪੁਲੀਸ ਮੁਤਾਬਕ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।

Advertisement

Advertisement
×