ਘੁਲਾਲ ਟੌਲ ਪਲਾਜ਼ਾ ਦੇ ਮੈਨੇਜਰ ’ਤੇ ਜਾਨਲੇਵਾ ਹਮਲਾ
ਪੁਰਾਣੀ ਰੰਜਿਸ਼ ਕਾਰਨ ਕਾਰ ਸਵਾਰਾਂ ਨੇ ਗੋਲੀਅਾਂ ਚਲਾਈਅਾਂ
Advertisement
ਇਥੇ ਅੱਜ ਦੁਪਹਿਰ ਕਰੀਬ 3.30 ਵਜੇ ਲੁਧਿਆਣਾ-ਚੰਡੀਗੜ੍ਹ ਕੌਮੀ ਮਾਰਗ ’ਤੇ ਸਥਿਤ ਪਿੰਡ ਘੁਲਾਲ ਟੌਲ ਪਲਾਜ਼ਾ ਦੇ ਮੈਨੇਜਰ ਨੂੰ ਅੱਜ ਕਾਰ ਸਵਾਰ ਕੁਝ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਹੈ। ਮੈਨੇਜਰ ਦੀ ਲੱਤ ਵਿੱਚ ਗੋਲੀ ਵੱਜੀ ਹੈ, ਜਦਕਿ ਇਕ ਹੋਰ ਗੋਲੀ ਉਸ ਨੂੰ ਛੂਹ ਕੇ ਲੰਘ ਗਈ। ਮੈਨੇਜਰ ਦੀ ਪਛਾਣ ਯਾਦਵਿੰਦਰ ਸਿੰਘ ਵਜੋਂ ਹੋਈ ਹੈ। ਉਸ ਨੂੰ ਐੱਨ ਐੱਚ ਏ ਦੀ ਹਾਈਵੇਅ ਐਬੂਲੈਂਸ ਵੱਲੋਂ ਤੁਰੰਤ ਸਿਵਲ ਹਸਪਤਾਲ ਸਮਰਾਲਾ ਵਿੱਚ ਪਹੁੰਚਾਇਆ ਗਿਆ। ਘਟਨਾ ਦੀ ਜਾਣਕਾਰੀ ਮਿਲਣ ’ਤੇ ਡੀ ਐੱਸ ਪੀ ਸਮਰਾਲਾ ਅਤੇ ਹੋਰ ਪੁਲੀਸ ਅਧਿਕਾਰੀ ਮੌਕੇ ’ਤੇ ਪਹੁੰਚੇ ਗਏ। ਜਾਣਕਾਰੀ ਮੁਤਾਬਕ ਟੌਲ ਪਲਾਜ਼ਾ ਦਾ ਮੈਨੇਜਰ ਯਾਦਵਿੰਦਰ ਸਿੰਘ (45) ਘਟਨਾ ਵੇਲੇ ਆਪਣੀ ਡਿਊਟੀ ’ਤੇ ਹਾਜ਼ਰ ਸਨ। ਇਸੇ ਦੌਰਾਨ ਇਕ ਡਿਜ਼ਾਇਰ ਕਾਰ ’ਚ ਸਵਾਰ ਕਰੀਬ ਚਾਰ ਵਿਅਕਤੀ ਆਏ ਅਤੇ ਉਨ੍ਹਾਂ ਆਉਂਦੇ ਹੀ ਮੈਨੇਜਰ ’ਤੇ ਗੋਲੀਆਂ ਚਲਾ ਦਿੱਤੀਆਂ। ਲੱਤ ’ਚ ਗੋਲੀ ਲੱਗਣ ਕਾਰਨ ਮੈਨੇਜਰ ਗੰਭੀਰ ਜ਼ਖਮੀ ਹੋ ਗਿਆ। ਡੀ ਐੱਸ ਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਕਿਸੇ ਪੁਰਾਣੀ ਰੰਜਿਸ਼ ਦੇ ਚਲਦੇ ਹੀ ਇਸ ਘਟਨਾ ਨੂੰ ਅੱਜ ਅੰਜਾਮ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਖਮੀ ਹੋਇਆ ਮੈਨੇਜਰ ਇਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਢਿੱਲਵਾਂ ਟੌਲ ਪਲਾਜ਼ਾ ’ਤੇ ਕੰਮ ਕਰਦਾ ਸੀ। ਉੱਥੇ ਹੀ ਕਿਸੇ ਗੱਲ ਨੂੰ ਲੈ ਕੇ ਪੈਦਾ ਹੋਈ ਰਜਿੰਸ਼ ਤੋਂ ਬਾਅਦ ਕਥਿਤ ਤੌਰ ’ਤੇ ਕਪੂਰਥਲਾ ਵਸਨੀਕ ਇਕ ਵਿਅਕਤੀ ਨੇ ਆਪਣੇ ਤਿੰਨ ਹੋਰ ਸਾਥੀਆਂ ਸਣੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਡੀ ਐੱਸ ਪੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਲੱਤ ’ਚ ਫਸੀ ਗੋਲੀ ਕੱਢਣ ਲਈ ਜ਼ਖਮੀ ਨੂੰ ਚੰਡੀਗੜ੍ਹ ਰੈਫਰ ਕੀਤਾ: ਡਾਕਟਰ
Advertisement
ਸਿਵਲ ਹਸਪਤਾਲ ਵਿੱਚ ਐਮਰਜੈਂਸੀ ਵਿਭਾਗ ਦੇ ਡਾਕਟਰ ਨੇ ਦੱਸਿਆ ਕਿ ਗੋਲੀ ਲੱਗਣ ਕਾਰਨ ਜ਼ਖ਼ਮੀ ਹਾਲਤ ਵਿੱਚ ਆਏ ਟੌਲ ਪਲਾਜ਼ਾ ਦੇ ਮੈਨੇਜਰ ਯਾਦਵਿੰਦਰ ਸਿੰਘ ਦੀ ਸੱਜੀ ਲੱਤ ਵਿੱਚ ਗੋਲੀ ਫਸੀ ਹੋਈ ਹੈ। ਇੱਕ ਹੋਰ ਗੋਲੀ ਉਸ ਨੂੰ ਛੂਹ ਕੇ ਲੰਘ ਗਈ, ਜਿਸ ਕਾਰਨ ਭਾਵੇਂ ਉਸ ਦੀ ਹਾਲਤ ਤਾ ਸਥਿਰ ਹੈ ਪਰ ਲੱਤ ’ਚ ਫਸੀ ਗੋਲੀ ਕੱਢਣ ਲਈ ਉਸ ਨੂੰ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ।
Advertisement
