ਕਿਸਾਨ ਸੰਘਰਸ਼: ਲਾਡੋਵਾਲ ਟੌਲ ਪਲਾਜ਼ਾ ਦਾ ਰੋਜ਼ਾਨਾ 50 ਲੱਖ ਦਾ ਨੁਕਸਾਨ

ਬੀਬੀਆਂ ਦੀ ਹਾਜ਼ਰੀ ਵਧੀ; ਜ਼ਮੀਨੀ ਘੋਲ ਦੇ ਨਾਇਕ ਬਾਬਾ ਬੰਦਾ ਸਿੰਘ ਬਹਾਦਰ ਤੇ ਸ਼ਹੀਦ ਜਤਿੰਦਰ ਨਾਥ ਨੂੰ ਯਾਦ ਕੀਤਾ

ਕਿਸਾਨ ਸੰਘਰਸ਼: ਲਾਡੋਵਾਲ ਟੌਲ ਪਲਾਜ਼ਾ ਦਾ ਰੋਜ਼ਾਨਾ 50 ਲੱਖ ਦਾ ਨੁਕਸਾਨ

ਜਗਰਾਉਂ ਵਿਚ ਪਲੇਟਫਾਰਮ ’ਤੇ ਧਰਨਾਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਬੂਟਾ ਸਿੰਘ ਬੁਰਜ ਗਿੱਲ।

ਗਗਨਦੀਪ ਅਰੋੜਾ
ਲੁਧਿਆਣਾ, 28 ਅਕਤੂਬਰ

21 ਦਿਨਾਂ ਤੋਂ ਲਗਾਤਾਰ ਦਿਨ-ਰਾਤ ਖੇਤੀ ਕਾਨੂੰਨਾਂ ਖ਼ਿਲਾਫ਼ ਲਾਡੋਵਾਲ ਟੌਲ ਪਲਾਜ਼ਾ ’ਤੇ ਕਿਸਾਨ ਪੱਕੇ ਡੇਰੇ ਲਗਾ ਕੇ ਬੈਠੇ ਹੋਏ ਹਨ। ਇੱਥੇ ਦਿਨ-ਰਾਤ ਦਾ ਮੋਰਚਾ ਲਾ ਕੇ ਬੈਠੇ ਭਾਵੇਂ ਕਿਸਾਨਾਂ ਨੂੰ ਹਾਲੇ ਕੋਈ ਫ਼ਾਇਦਾ ਨਹੀਂ ਹੋ ਰਿਹਾ ਹੈ, ਪਰ ਕਿਸਾਨ ਪਿਛਲੇ 21 ਦਿਨਾਂ ਤੋਂ ਹੀ ਰੋਜ਼ਾਨਾ ਲੋਕਾਂ ਦੇ 50 ਲੱਖ ਰੁਪਏ ਬਚਾ ਰਹੇ ਹਨ। ਜ਼ਿਕਰਯੋਗ ਹੈ ਕਿ ਇਹ ਟੌਲ ਪਲਾਜ਼ਾ ਸੂਬੇ ਦਾ ਸਭ ਤੋਂ ਮਹਿੰਗਾ ਟੌਲ ਪਲਾਜ਼ਾ ਹੈ। ਇੱਥੇ 24 ਘੰਟੇ ਵਿਚ 50 ਲੱਖ ਰੁਪਏ ਦੇ ਆਸ-ਪਾਸ ਟੌਲ ਟੈਕਸ ਵਸੂਲਿਆ ਜਾਂਦਾ ਹੈ। ਇਸ ਨੂੰ ਕਿਸਾਨਾਂ ਵੱਲੋਂ 7 ਅਕਤੂਬਰ ਤੋਂ ਬੰਦ ਕਰਵਾਇਆ ਹੋਇਆ ਹੈ। ਇਸ ਦਾ ਸਿੱਧਾ ਫ਼ਾਇਦਾ ਆਮ ਲੋਕਾਂ ਨੂੰ ਹੋ ਰਿਹਾ ਹੈ ਤੇ ਟੌਲ ਕੰਪਨੀ ਦੀ ਨੀਂਦ ਉੱਡੀ ਹੋਈ ਹੈ।

ਦਰਅਸਲ, ਖੇਤੀ ਕਾਨੂੰਨਾਂ ਦੇ ਵਿਰੋਧ ’ਚ ਕਿਸਾਨ ਜਥੇਬੰਦੀਆਂ ਨੇ ਅਕਤੂਬਰ ਮਹੀਨੇ ਦੀ ਸ਼ੁਰੂਆਤ ਤੋਂ ਹੀ ਸੂਬੇ ਦੇ ਸਾਰੇ ਟੌਲ ਪਲਾਜ਼ਾ ’ਤੇ ਮੋਰਚੇ ਖੋਲ੍ਹੇ ਸਨ। ਇਸੇ ਤਹਿਤ ਲਾਡੋਵਾਲ ਸਤਲੁਜ ਦਰਿਆ ਦੇ ਪੁਲ ਤੋਂ ਪਹਿਲਾਂ ਸੂਬੇ ਦੇ ਸਭ ਤੋਂ ਮਹਿੰਗੇ ਟੌਲ ਪਲਾਜ਼ਾ ’ਤੇ ਕਿਸਾਨਾਂ ਨੇ ਮੋਰਚਾਬੰਦੀ ਦੀ ਸ਼ੁਰੂਆਤ ਕੀਤੀ। 7 ਅਕਤੂਬਰ ਦੁਪਹਿਰ ਤੋਂ ਹੀ ਕਿਸਾਨ ਜਥੇਬੰਦੀਆਂ ਇੱਥੇ ਪੱਕੇ ਮੋਰਚੇ ਲਗਾ ਕੇ ਬੈਠੀਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਟੌਲ ਪਲਾਜ਼ਾ ਭਾਜਪਾ ਦੇ ਵੱਡੇ ਆਗੂਆਂ ਦੇ ਪੁੱਤਰਾਂ ਦਾ ਹੈ।

ਕਿਸਾਨ ਯੂਨੀਅਨ ਦੇ ਆਗੂ ਸੰਤੋਖ ਸਿੰਘ ਨੇ ਕਿਹਾ ਕਿ ਕਿਸਾਨਾਂ ਦੇ ਨਾਲ ਮੋਦੀ ਸਰਕਾਰ ਸ਼ਰ੍ਹੇਆਮ ਧੱਕਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਕਿਸਾਨਾਂ ਲਈ ਕੋਈ ਨਵਾਂ ਕਾਨੂੰਨ ਲਿਆਉਣਾ ਸੀ ਤਾਂ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸਿੱਧੇ ਤੌਰ ’ਤੇ ਕਿਸਾਨਾਂ ਦੇ ਵਿਰੋਧ ’ਚ ਖੜ੍ਹ ਗਈ ਹੈ, ਹੁਣ ਕਿਸਾਨ ਮੋਰਚਾ ਉਦੋਂ ਹੀ ਚੁੱਕਣਗੇ ਜਦੋਂ ਕਾਲੇ ਕਾਨੂੰਨ ਰੱਦ ਹੋਣਗੇ। ਉਨ੍ਹਾਂ ਕਿਹਾ ਕਿ ਟੌਲ ਪਲਾਜ਼ਾ ਕੰਪਨੀ ਦੇ ਨੁਕਸਾਨ ਲਈ ਕਿਸਾਨ ਨਹੀਂ ਕੇਂਦਰ ਸਰਕਾਰ ਜ਼ਿੰਮੇਵਾਰ ਹੈ।

ਉਧਰ, ਟੌਲ ਪਲਾਜ਼ਾ ਕੰਪਨੀ ਦੇ ਮੈਨੇਜਰ ਸੀਐੱਸ ਰਾਠੌਰ ਨੇ ਕਿਹਾ ਕਿ 7 ਅਕਤੂੂਬਰ ਤੋਂ ਕਿਸਾਨ ਮੋਰਚੇ ਕਾਰਨ ਟੌਲ ਪਲਾਜ਼ਾ ’ਤੇ ਕੁਲੈਕਸ਼ਨ ਨਹੀਂ ਕੀਤੀ ਜਾ ਰਹੀ। ਇਸ ਟੌਲ ਪਲਾਜ਼ਾ ਤੋਂ ਰੋਜ਼ਾਨਾ 50 ਲੱਖ ਰੁਪਏ ਦਾ ਟੌਲ ਇਕੱਠਾ ਹੁੰਦਾ ਸੀ, ਜੋ ਫ਼ਿਲਹਾਲ ਬੰਦ ਹੈ।

ਜਗਰਾਉਂ (ਚਰਨਜੀਤ ਸਿੰਘ ਢਿੱਲੋਂ): ਇੱਥੇ ਰੇਲਵੇ ਪਲੇਟਫਾਰਮ ’ਤੇ ਚੱਲ ਰਹੇ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪੱਧਰੀ ਕਿਸਾਨ ਆਗੂ ਬੂਟਾ ਸਿੰਘ ਬੁਰਜ਼ਗਿੱਲ ਨੇ ਕਿਹਾ ਕਿ ਕਿਸਾਨਾਂ ਦੀ ਅਗਵਾਈ ਕਰ ਰਹੀਆਂ 250 ਕਿਸਾਨ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਗੁਰਦੁਆਰਾ ਰਕਾਬ ਗੰਜ ਸਾਹਿਬ ਹੋਈ। ਇਸ ਵਿੱਚ ਕੇਂਦਰ ਖ਼ਿਲਾਫ਼ ਦੇਸ਼ ਪੱਧਰੀ ਸੰਘਰਸ਼ ਦੀ ਰੂਪ-ਰੇਖਾ ਤਿਆਰ ਕੀਤੀ ਜਾ ਰਹੀ ਹੈ, ਜੋ ਆਉਂਦੇ ਦਿਨਾਂ ਵਿਚ ਰੰਗ ਦਿਖਾਵੇਗੀ। ਉਨ੍ਹਾਂ ਕਿਹਾ ਕਿ ਮਹੀਨੇ ਤੋਂ ਚੱਲ ਰਿਹਾ ਸੰਘਰਸ਼ ਸਿਆਸੀ ਪਾਰਟੀਆਂ ਨੂੰ ਮੂਹਰੇ ਲਾਉਣ ’ਚ ਕਾਮਯਾਬ ਰਿਹਾ ਹੈ। ਧਰਨੇ ਦੌਰਾਨ ਜ਼ਮੀਨੀ ਘੋਲ ਦੇ ਨਾਇਕ ਬਾਬਾ ਬੰਦਾ ਸਿੰਘ ਬਹਾਦਰ ਅਤੇ ਸ਼ਹੀਦ ਜਤਿੰਦਰ ਨਾਥ ਦੇ ਜਨਮ ਦਿਹਾੜੇ ’ਤੇ ਉਨ੍ਹਾਂ ਨੂੰ ਯਾਦ ਕੀਤਾ। ਧਰਨੇ ’ਚ ਵਿਸ਼ੇਸ ਤੌਰ ’ਤੇ ਪਟਿਆਲੇ ਤੋਂ ਪੀਪਲ’ਜ ਆਰਟ ਥੀਏਟਰ ਦੀ ਟੀਮ ਨੇ ਨਾਟਕ ‘ਇਹ ਜ਼ਮੀਨ ਅਸਾਡੀ ਹੈ’ ਖੇਡਿਆ।

ਉਨ੍ਹਾਂ ਕਿਹਾ ਕਿ ਇਸ ਮੌਕੇ ਇਲਾਕੇ ਦੇ 36 ਪਿੰਡਾਂ ’ਚੋਂ ਆਪਣੇ-ਆਪਣੇ ਸਾਧਨਾਂ ਰਾਹੀਂ ਕਿਰਤੀ ਧਰਨੇ ਵਿਚ ਪੁੱਜ ਰਹੇ ਹਨ। ਇਨ੍ਹਾਂ ਵਿਚ ਬੀਬੀਆਂ ਵੀ ਸ਼ਾਮਲ ਹਨ। ਸ੍ਰੀ ਬੁਰਜ਼ਗਿੱਲ ਨੇ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਬਲਕਿ ਇੱਕਜੁਟ ਹੋ ਕੇ ਅਜੇ ਹੋਰ ਸੰਘਰਸ਼ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਏਕੇ ਨੇ ਜਿੱਤ ਯਕੀਨੀ ਬਣਾ ਦੇਣੀ ਹੈ।

ਅੰਗਰੇਜ਼ ਭਜਾਉਣ ਵਾਲੇ ਕਾਰਪੋਰੇਟਾਂ ਨੂੰ ਵੀ ਮੂਹਰੇ ਲਾਉਣਗੇ: ਘੁਡਾਣੀ

ਪਾਇਲ (ਦੇਵਿੰਦਰ ਸਿੰਘ ਜੱਗੀ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ, ਸੁਰਿੰਦਰ ਸਿੰਘ ਗੋਪਾਲਪੁਰ, ਰਵਨਦੀਪ ਸਿੰਘ ਘਲੋਟੀ ਅਤੇ ਜੀਵਨ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਮਾਲ ਗੱਡੀਆਂ ਜਾਣਬੁੱਝ ਕੇ ਬੰਦ ਕਰਨ ਦੀ ਕੋਝੀ ਚਾਲ ਨਾਲ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਆਪਣਾ ਸੰਘਰਸ਼ ਸ਼ਾਂਤਮਈ ਰੱਖ ਕੇ ਹੋਰ ਤੇਜ਼ ਕਰਨਗੀਆਂ। ਉਨ੍ਹਾਂ ਕਿਹਾ ਕਿ 5 ਨਵੰਬਰ ਨੂੰ ਭਾਰਤ ਬੰਦ ਦੌਰਾਨ ਬੀਕੇਯੂ ਉਗਰਾਹਾਂ ਵੱਲੋਂ ਸੜਕਾਂ ਜਾਮ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਲੋਕ ਸ਼ਕਤੀ ਨੇ ਅੰਗਰੇਜ਼ਾਂ ਨੂੰ ਦੇਸ਼ ਵਿਚੋਂ ਬਾਹਰ ਕੱਢ ਦਿੱਤਾ ਤੇ ਹੁਣ ਕਾਰਪੋਰੇਟ ਘਰਾਣਿਆਂ ਦੇ ਖੇਤਾਂ ਦੇ ਦਾਖ਼ਲੇ ਬੰਦ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਹੁਣ ਦਿੱਲੀ ਵੱਲ ਨੂੰ ਕੂਚ ਕਰਨਗੀਆਂ ਅਤੇ ਇਹ ਸੰਘਰਸ਼ ਸਾਰੇ ਦੇਸ਼ ਵਿੱਚ ਫੈਲੇਗਾ। ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਲਾਗੂ ਨਹੀਂ ਹੋਣ ਦੇਵਾਂਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਨਾਲ ਮੁਲਕ ਭਰ ਵਿਚ ਸਾਰੇ ਵਰਗਾਂ ਦਾ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਸਮਾਂ ਹੈ ਕਿ ਇੱਕਜੁਟ ਹੋ ਕੇ ਕਾਰਪੋਰੇਟਾਂ ਦੀ ਲੁੱਟ ਦਾ ਰਾਹ ਖੁੱਲ੍ਹਣ ਤੋਂ ਰੋਕੀਏ। ਇਸ ਸਮੇਂ ਹਰਦੀਪ ਸਿੰਘ ਕਟਾਹਰੀ, ਗੁਰਦੀਪ ਸਿੰਘ, ਜਰਨੈਲ ਸਿੰਘ ਵੀ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All