ਕਿਸਾਨ ਸੰਸਦ ’ਚ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਪਾੜੀਆਂ

ਕਿਸਾਨ ਸੰਸਦ ’ਚ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਪਾੜੀਆਂ

ਕਿਲ੍ਹਾ ਰਾਏਪੁਰ ਦੀ ‘ਕਿਸਾਨ ਸੰਸਦ’ ਵਿੱਚ ਸਪੀਕਰ ਅੱਗੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸੁੱਟਦੀ ਹੋਈ ਵਿਰੋਧੀ ਧਿਰ।

ਸੰਤੋਖ ਗਿੱਲ

ਗੁਰੂਸਰ ਸੁਧਾਰ, 4 ਅਗਸਤ

ਦਿੱਲੀ ਛਾਉਣੀ ਦੇ ਪਿੰਡ ਪੁਰਾਣਾ ਨੰਗਲ ਦੇ ਸ਼ਮਸ਼ਾਨਘਾਟ ਵਿਚ 9 ਸਾਲਾਂ ਦੀ ਦਲਿਤ ਬੱਚੀ ਨਾਲ ਚਾਰ ਜਣਿਆਂ ਵੱਲੋਂ ਜਬਰ-ਜਨਾਹ ਕਰਨ ਮਗਰੋਂ ਸਬੂਤ ਮਿਟਾਉਣ ਲਈ ਮਾਸੂਮ ਦਾ ਕਤਲ ਕਰ ਕੇ ਮਾਪਿਆਂ ਦੀ ਮਰਜ਼ੀ ਬਿਨਾ ਅੰਤਿਮ ਸਸਕਾਰ ਕਰ ਦੇਣ ਦੇ ਮਾਮਲੇ ਵਿਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਸਤੀਫ਼ੇ ਦੀ ਮੰਗ ਅੱਜ ਕਿਲ੍ਹਾ ਰਾਏਪੁਰ ਵਿਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਚੱਲ ਰਹੀ ਕਿਸਾਨ ਸੰਸਦ ਵਿਚ ਜ਼ੋਰਦਾਰ ਢੰਗ ਨਾਲ ਉਠਾਈ ਗਈ। ਕਿਸਾਨ ਸੰਸਦ ਵਿਚ ਵਿਰੋਧੀ ਧਿਰ ਦੇ ਕਿਸਾਨ ਆਗੂਆਂ ਜਗਤਾਰ ਸਿੰਘ ਚਕੋਹੀ, ਹਰਨੇਕ ਸਿੰਘ ਗੁੱਜਰਵਾਲ, ਸੁਰਜੀਤ ਸਿੰਘ ਸੀਲੋ ਅਤੇ ਅਮਰੀਕ ਸਿੰਘ ਜੜਤੌਲੀ ਨੇ ਕਿਹਾ ਕਿ ਮਾਸੂਮ ਬੱਚੀ ਸ਼ਮਸ਼ਾਨਘਾਟ ਵਿਚ ਠੰਢਾ ਪਾਣੀ ਲੈਣ ਗਈ ਸੀ, ਹੈਵਾਨੀਅਤ ਦਾ ਸ਼ਿਕਾਰ ਹੋਈ ਧੀ ਦੇ ਅੱਧ ਮੱਚੇ ਪੈਰ ਹੀ ਮਾਪਿਆਂ ਦੇ ਹੱਥ ਆਏ ਹਨ।ਇਸ ਦੌਰਾਨ ਮਾਸੂਮ ਦਲਿਤ ਧੀ ਦੇ ਕਤਲ ਦਾ ਇਨਸਾਫ਼ ਅਤੇ ਕਾਲੇ ਕਾਨੂੰਨ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਕਿਸਾਨ ਆਗੂਆਂ ਨੇ ਸੰਸਦ ਵਿਚ ਜ਼ਬਰਦਸਤ ਹੰਗਾਮਾ ਕੀਤਾ। ਮਹਿੰਦਰ ਕੌਰ ਦੇ ਸਪੀਕਰ ਅਤੇ ਰਜਿੰਦਰ ਕੌਰ ਦੇ ਡਿਪਟੀ ਸਪੀਕਰ ਚੁਣੇ ਜਾਣ ਤੋਂ ਬਾਅਦ ਹੀ ਦਲਿਤ ਬੱਚੀ ਲਈ ਇਨਸਾਫ਼ ਦੀ ਮੰਗ ਵਾਸਤੇ ਕਿਸਾਨ ਨੁਮਾਇੰਦਿਆਂ ਨੇ ਆਵਾਜ਼ ਬੁਲੰਦ ਕਰਨੀ ਸ਼ੁਰੂ ਕਰ ਦਿੱਤੀ ਸੀ, ਪਰ ਜਦੋਂ ਮੈਂਬਰਾਂ ਦੀ ਗੱਲ ਨਾ ਸੁਣੀ ਗਈ ਤਾਂ ਉਹ ਸਪੀਕਰ ਦੀ ਕੁਰਸੀ ਦੇ ਸਾਹਮਣੇ ਇਕੱਠੇ ਹੋ ਕੇ ਕਾਲੇ ਕਾਨੂੰਨ ਵਾਪਸ ਲੈਣ ਲਈ ਨਾਅਰੇ ਮਾਰਦੇ ਇਨਸਾਫ਼ ਦੀ ਮੰਗ ਕਰਦੇ ਰਹੇ। ਸਪੀਕਰ ਦੇ ਅੜੀਅਲ ਰਵੱਈਏ ਕਾਰਨ ਵਿਰੋਧੀ ਧਿਰ ਨੇ ਕਾਨੂੰਨ ਦੀਆਂ ਕਾਪੀਆਂ ਪਾੜ ਕੇ ਸਪੀਕਰ ਦੇ ਆਸਣ ਵੱਲ ਸੁੱਟੀਆਂ ਤਾਂ ਸਪੀਕਰ ਨੇ ਦਿਨ ਭਰ ਲਈ ਸੰਸਦ ਮੁਲਤਵੀ ਕਰ ਦਿੱਤੀ। ਕਿਸਾਨ ਸੰਸਦ ਵਿੱਚ ਜਨਵਾਦੀ ਇਸਤਰੀ ਸਭਾ ਦੀ ਆਗੂ ਅਮਨਦੀਪ ਕੌਰ, ਮਨਜੀਤ ਕੌਰ, ਜਮਹੂਰੀ ਕਿਸਾਨ ਸਭਾ ਦੇ ਆਗੂ ਰਘਵੀਰ ਸਿੰਘ ਬੈਨੀਪਾਲ, ਬਲਦੇਵ ਸਿੰਘ ਧੂਰਕੋਟ ਨੇ ਵੀ ਬਹਿਸ ਵਿਚ ਭਾਗ ਲਿਆ। ਕਿਸਾਨ ਆਗੂਆਂ ਨੇ ਕਿਹਾ ਕਿ ਦੇਸ਼ ਦੀ ਰਾਜਧਾਨੀ ਹੁਣ ਬਲਾਤਕਾਰਾਂ ਦੀ ਰਾਜਧਾਨੀ ਬਣ ਗਈ ਹੈ। ਉਨ੍ਹਾਂ ਕਿਹਾ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਰੋਧੀ ਆਗੂਆਂ, ਕਿਸਾਨ ਨੇਤਾਵਾਂ, ਅਫ਼ਸਰਸ਼ਾਹੀ, ਪੱਤਰਕਾਰਾਂ ਅਤੇ ਜੱਜਾਂ ਦੀ ਜਸੂਸੀ ਕਰਨ ਵਿਚ ਮਗਨ ਹਨ, ਪਰ ਉਹ ਮਾਸੂਮ ਧੀਆਂ ਦੀ ਰਾਖੀ ਕਰਨ ਵਿਚ ਅਸਫਲ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਸ਼ਾਹ ਤੋਂ ਲੋਕਾਂ ਦਾ ਭਰੋਸਾ ਉੱਠ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਭੈਅ ਦਾ ਸਾਮਰਾਜ

ਭੈਅ ਦਾ ਸਾਮਰਾਜ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਸ਼ਹਿਰ

View All