ਕਿਸਾਨਾਂ ਨੇ ਮੀਂਹ ਕਾਰਨ ਨੁਕਸਾਨੀ ਫ਼ਸਲ ਦਾ ਮੁਆਵਜ਼ਾ ਮੰਗਿਆ
ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਨੇ ਮੱਕੀ ਅਤੇ ਝੋਨੇ ਦੀ ਬਿਜਾਈ ਲਈ ਖਾਦਾਂ ਦੇ ਅਗੇਤੇ ਪ੍ਰਬੰਧਾਂ ’ਤੇ ਦਿੱਤਾ ਜ਼ੋਰ
ਹਾਊਸਿੰਗ ਬੋਰਡ ਕਲੋਨੀ ਭਾਈ ਰਣਧੀਰ ਸਿੰਘ ਨਗਰ ਸਥਿਤ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿੱਚ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਨੇ ਪੰਜਾਬ ਸਰਕਾਰ ਤੋਂ ਸੂਬੇ ਵਿੱਚ ਬੇਮੌਸਮੀ ਗੜੇਮਾਰੀ ਕਾਰਨ ਪੱਕੀਆਂ ਕਣਕਾਂ ਦੇ ਹੋਏ ਭਾਰੀ ਨੁਕਸਾਨ ਦੀ ਭਰਪਾਈ ਲਈ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ੇ ਦਾ ਤੁਰੰਤ ਐਲਾਨ ਕਰਨ ਦੀ ਮੰਗ ਕੀਤੀ ਹੈ।
ਮੀਟਿੰਗ ਦੌਰਾਨ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਕੁਦਰਤੀ ਆਫ਼ਤ ਕਾਰਨ ਕਿਸਾਨ ਆਰਥਿਕ ਮੰਦਹਾਲੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਗੜੇਮਾਰੀ ਪ੍ਰਭਾਵਿਤ ਕਿਸਾਨਾਂ ਦੇ ਕਰਜ਼ੇ ਦਾ ਵਿਆਜ਼ ਮੁਆਫ਼ ਕੀਤਾ ਜਾਵੇ ਅਤੇ ਕਰਜ਼ੇ ਦੀਆਂ ਕਿਸ਼ਤਾਂ ਛੇ ਮਹੀਨੇ ਅੱਗੇ ਪਾਈਆਂ ਜਾਣ। ਕਿਸਾਨ ਆਗੂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਸਾਰੀਆਂ ਨਹਿਰਾਂ, ਸੂਏ ਅਤੇ ਕੱਸੀਆਂ ਵਿੱਚ ਤੁਰੰਤ ਨਹਿਰੀ ਪਾਣੀ ਛੱਡਿਆ ਜਾਵੇ। ਉਨ੍ਹਾਂ ਦਲੀਲ ਦਿੱਤੀ ਕਿ ਕਣਕ ਦੀ ਕਟਾਈ ਮੌਕੇ ਅੱਗ ਲੱਗਣ ਦੀਆਂ ਘਟਨਾਵਾਂ ਵਧ ਜਾਂਦੀਆਂ ਹਨ ਅਤੇ ਪਾਣੀ ਦੀ ਘਾਟ ਕਾਰਨ ਫਾਇਰ ਬ੍ਰਿਗੇਡ ਤੇ ਕਿਸਾਨ ਅੱਗ ’ਤੇ ਕਾਬੂ ਪਾਉਣ ਵਿੱਚ ਅਸਮਰੱਥ ਹੁੰਦੇ ਹਨ।
ਯੂਨੀਅਨ ਨੇ ਮੱਕੀ ਅਤੇ ਝੋਨੇ ਦੀ ਅਗਲੀ ਫ਼ਸਲ ਲਈ ਡੀ ਏ ਪੀ ਅਤੇ ਯੂਰੀਆ ਖਾਦਾਂ ਦਾ ਪ੍ਰਬੰਧ ਛੇਤੀ ਕਰਨ ਦੀ ਮੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਕਣਕ ਦੀ ਖ਼ਰੀਦ ਪ੍ਰਕਿਰਿਆ ਦੌਰਾਨ ਕਿਸਾਨਾਂ ਨੂੰ ਮੰਡੀਆਂ ਵਿੱਚ ਦਿੱਕਤ ਨਾ ਆਵੇ, ਇਸ ਲਈ ਪੇਂਡੂ ਖ਼ਰੀਦ ਕੇਂਦਰਾਂ ਦੀ ਸਫ਼ਾਈ, ਰੌਸ਼ਨੀ ਅਤੇ ਪੀਣ ਵਾਲੇ ਸਾਫ਼ ਪਾਣੀ ਦੇ ਪੁਖ਼ਤਾ ਇੰਤਜ਼ਾਮ ਕੀਤੇ ਜਾਣ। ਅਖ਼ੀਰ ਵਿੱਚ ਉਨ੍ਹਾਂ ਨੇ ਜ਼ਿਲ੍ਹਾ ਕਿਸਾਨ ਪੰਚਾਇਤਾਂ ਨੂੰ ਸਫ਼ਲ ਬਣਾਉਣ ਲਈ ਵੱਡੀ ਗਿਣਤੀ ਵਿੱਚ ਪੁੱਜੇ ਕਿਸਾਨਾਂ ਦਾ ਧੰਨਵਾਦ ਕੀਤਾ।

