ਫ਼ਸਲ ਦੀ ਖਰੀਦ ਯਕੀਨੀ ਬਣਾਉਣ ਲਈ ਕਮੇਟੀ ’ਚ ਕਿਸਾਨਾਂ ਦੇ ਨੁਮਾਇੰਦੇ ਲਏ ਜਾਣ: ਲੱਖੋਵਾਲ
ਗੁਰਿੰਦਰ ਸਿੰਘ
ਲੁਧਿਆਣਾ, 24 ਜੂਨ
ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਦੀਆਂ ਫ਼ਸਲਾਂ ਨੂੰ ਸਹੀ ਢੰਗ ਤਰੀਕੇ ਨਾਲ ਖਰੀਦਣ ਲਈ ਗਠਿਤ ਕਮੇਟੀ ਵਿੱਚ ਕਿਸਾਨਾਂ ਦੇ ਨੁਮਾਇੰਦੇ ਵੀ ਸ਼ਾਮਿਲ ਕੀਤੇ ਜਾਣ।
ਇੱਥੇ ਗੱਲਬਾਤ ਕਰਦਿਆਂ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਪੰਜਾਬ ਸਰਕਾਰ ਦੀ ਕਮੇਟੀ ਨੂੰ ਮੁੱਢ ਤੋਂ ਨਕਾਰਦਿਆਂ ਕਿਹਾ ਕਿ ਸਰਕਾਰ ਨੇ ਆਪਣੇ ਮੰਤਰੀ ਤੇ ਸ਼ੈਲਰ ਮਾਲਕਾਂ ਦੇ ਨੁਮਾਇੰਦੇ ਇਸ ਕਮੇਟੀ ਵਿੱਚ ਸ਼ਾਮਿਲ ਕੀਤੇ ਹਨ ਪਰ ਇਸ ਵਿੱਚ ਕਿਸਾਨਾਂ ਦੇ ਪ੍ਰਤੀਨਿਧ ਸ਼ਾਮਿਲ ਕੀਤੇ ਜਾਣੇ ਚਾਹੀਦੇ ਹਨ ਜੋ ਕਿਸਾਨ ਦੀਆਂ ਮੁਸ਼ਕਿਲਾਂ ਬਾਰੇ ਚੰਗੀ ਤਰ੍ਹਾਂ ਦੱਸ ਸਕਦੇ ਹਨ।
ਸ੍ਰੀ ਲੱਖੋਵਾਲ ਨੇ ਦੱਸਿਆ ਕਿ ਕਿਸਾਨਾਂ ਦੀ ਹਿਤੈਸ਼ੀ ਕਹਾਉਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਵਿੱਚ ਖੰਡ ਮਿੱਲਾਂ ਵੱਲ ਕਿਸਾਨਾਂ ਦਾ ਬਕਾਇਆ 203 ਕਰੋੜ ਰੁਪਏ ਖੜਾ ਹੈ ਪਰ ਸਰਕਾਰ ਦਾਅਵੇ ਕਰਦੀ ਹੈ ਕਿ ਉਹ 48 ਘੰਟਿਆਂ ਦੇ ਅੰਦਰ ਅੰਦਰ ਕਿਸਾਨਾਂ ਨੂੰ ਸਾਰੀ ਪੇਮੈਂਟ ਕਰੇਗੀ ਪਰ ਕਿਸਾਨਾਂ ਦੁਆਰਾ ਗੰਨਾ ਵੇਚੇ ਨੂੰ ਚਾਰ ਮਹੀਨੇ ਬੀਤ ਗਏ ਹਨ ਪਰ ਉਨ੍ਹਾਂ ਦੀ ਰਕਮ ਅਜੇ ਤੱਕ ਉਨ੍ਹਾਂ ਦੇ ਖਾਤਿਆਂ ਵਿੱਚ ਨਹੀਂ ਆਈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਅਗਲੀ ਫ਼ਸਲ ਲਈ ਲਿਮਟਾਂ ਉਤਾਰ ਕੇ ਖਾਦ ਬੀਜ ਦਾ ਪ੍ਰਬੰਧ ਵੀ ਕਰਨਾ ਹੈ ਪਰ ਪੈਸੇ ਨਾ ਆਉਣ ਕਾਰਨ ਕਿਸਾਨ ਇਸ ਸਮੇਂ ਵੱਡੇ ਆਰਥਿਕ ਸੰਕਟ ਵਿੱਚੋਂ ਲੰਘ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਜਲਦੀ ਤੋਂ ਜਲਦੀ ਕਿਸਾਨਾਂ ਦੀ ਰਕਮ ਉਨ੍ਹਾਂ ਦੇ ਖਾਤਿਆਂ ਵਿੱਚ ਪਾਵੇ ਨਾ ਕਿ ਅਖਬਾਰਾਂ ਅਤੇ ਟੀਵੀ ਉੱਪਰ ਝੂਠੇ ਦਾਅਵੇ ਕਰੇ ਕਿ 48 ਘੰਟੇ ਦੇ ਅੰਦਰ ਫ਼ਸਲ ਦੀ ਅਦਾਇਗੀ ਕੀਤੀ ਜਾ ਰਹੀ ਹੈ।
ਲੱਖੋਵਾਲ ਨੇ ਅੱਗੇ ਕਿਹਾ ਕਿ ਪੰਜਾਬ ਦੀਆਂ ਮੰਡੀਆਂ ਵਿੱਚ ਮੂੰਗੀ ਅਤੇ ਮੱਕੀ ਦੀ ਫ਼ਸਲ ਵੱਡੇ ਪੱਧਰ ’ਤੇ ਆ ਚੁੱਕੀ ਹੈ ਪਰ ਮੰਡੀਆਂ ਅੰਦਰ ਕਿਸਾਨਾਂ ਦੀ ਲੁੱਟ ਪਿਛਲੀਆਂ ਸਰਕਾਰਾਂ ਵਾਂਗ ਜਾਰੀ ਹੈ। ਕਿਸਾਨਾਂ ਦੀ ਮੂੰਗੀ ਦੀ ਫ਼ਸਲ 2000 ਰੁਪਏ ਐਮਐਸਪੀ ਤੋਂ ਘੱਟ ’ਤੇ ਖਰੀਦ ਕੀਤੀ ਜਾ ਰਹੀ ਹੈ ਜਦਕਿ ਮੱਕੀ ਦੀ ਐਮਐਸਪੀ ਤੋਂ ਕਿਸਾਨਾਂ ਦੀ ਫ਼ਸਲ 300 ਤੋਂ 400 ਰੁਪਏ ਤੱਕ ਦੇ ਘਾਟੇ ਨਾਲ ਵਪਾਰੀਆਂ ਵੱਲੋਂ ਖਰੀਦੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਫੌਰੀ ਤੌਰ ’ਤੇ ਇਨ੍ਹਾਂ ਫ਼ਸਲਾਂ ਨੂੰ ਐਮਐਸਪੀ ’ਤੇ ਖਰੀਦਣ ਦਾ ਪ੍ਰਬੰਧ ਕਰੇ ਤੇ ਖਰੀਦ ਚੁੱਕੀ ਫਸਲ ਦੇ ਹੋਏ ਨੁਕਸਾਨ ਦੀ ਪੂਰਤੀ ਵੀ ਜਲਦੀ ਤੋਂ ਜਲਦੀ ਪੂਰੀ ਕੀਤੀ ਜਾਵੇ।