ਖੇਤੀ ਬਿੱਲ ਵਾਪਸ ਕਰਵਾਉਣ ਲਈ ਮੋਦੀ ਸਰਕਾਰ ਖ਼ਿਲਾਫ਼ ਗਰਜੇ ਕਿਸਾਨ

ਖੇਤੀ ਬਿੱਲ ਵਾਪਸ ਕਰਵਾਉਣ ਲਈ ਮੋਦੀ ਸਰਕਾਰ ਖ਼ਿਲਾਫ਼ ਗਰਜੇ ਕਿਸਾਨ

ਝੋਰੜਾਂ ਵਿੱਚ ਕੇਂਦਰ ਸਰਕਾਰ ਦੀ ਅਰਥੀ ਫੂਕਦੇ ਹੋਏ ਕਿਸਾਨ।

ਸੰਤੋਖ ਗਿੱਲ 
ਗੁਰੂਸਰ ਸੁਧਾਰ, 21 ਸਤੰਬਰ

ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਬੇਟ ਇਲਾਕੇ ਦੇ ਪੁੜੈਣ, ਭੱਠਧੂਹਾ, ਬਲੀਏਵਾਲ, ਬਲੀਪੁਰ ਕਲਾਂ, ਹੰਬੜਾਂ ਅਤੇ ਬੈਂਸ ਪਿੰਡਾਂ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਵਿਚ ਕਿਸਾਨਾਂ ਦੇ ਇਕੱਠ ਕਰ ਕੇ ਮੋਦੀ ਸਰਕਾਰ ਦੀ ਬਦਖੋਈ ਕੀਤੀ ਅਤੇ ਬਾਅਦ ਵਿਚ ਪੁਤਲੇ ਵੀ ਫੂਕੇ। ਕਿਸਾਨ ਆਗੂਆਂ ਨੇ 25 ਸਤੰਬਰ ਨੂੰ ਸਭ ਕਾਰੋਬਾਰ, ਸੜਕਾਂ ਅਤੇ ਰੇਲਾਂ ਬੰਦ ਕਰਨ ਲਈ ਲੋਕਾਂ ਤੋਂ ਸਹਿਯੋਗ ਮੰਗਿਆ। 

ਖੰਨਾ (ਜੋਗਿੰਦਰ ਸਿੰਘ ਓਬਰਾਏ): ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਬਿੱਲਾਂ ਦੇ ਵਿਰੋਧ ’ਚ ਕਿਸਾਨਾਂ ਦਾ ਰੋਸਾ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਇਸ ਸਬੰਧੀ ਇਥੋਂ ਦੇ ਐਸ.ਡੀ.ਐਮ ਦਫ਼ਤਰ ਅੱਗੇ ਕਿਸਾਨ ਯੂਨੀਅਨ (ਲੱਖੋਵਾਲ) ਦੇ ਸੀਨੀਅਰ ਮੀਤ ਪ੍ਰਧਾਨ ਜਸਵੰਤ ਸਿੰਘ ਬੀਜਾ ਅਤੇ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠਾਂ ਕਿਸਾਨਾਂ ਨੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। 

ਰਾਏਕੋਟ (ਰਾਮ ਗੋਪਾਲ ਰਾਏਕੋਟੀ): ਕਿਸਾਨ ਜੱਥੇਬੰਦੀਆਂ ਦੇ ਸਾਂਝੇ ਧੜੇ ਵੱਲੋਂ ਨੇੜਲੇ ਪਿੰਡ ਝੋਰੜਾਂ ਵਿਖੇ ਦਿੱਤੇ ਸੱਦੇ ਤਹਿਤ ਕੇਂਦਰ ਸਰਕਾਰ ਦੀ ਅਰਥੀ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਮੰਗ ਕੀਤੀ ਗਈ ਕਿ ਖੇਤੀ ਸੁਧਾਰ ਦੇ ਨਾਂ ’ਤੇ ਪਾਸ ਕੀਤੇ ਕਾਲੇ ਕਾਨੂੰਨ ਰੱਦ ਕੀਤੇ ਜਾਣ।              

ਮਾਛੀਵਾੜਾ ( ਗੁਰਦੀਪ ਸਿੰਘ ਟੱਕਰ): ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਕੇਂਦਰ ਸਰਕਾਰ ਵਲੋਂ ਖੇਤੀਬਾੜੀ ਆਰਡੀਨੈਂਸ ਪਾਸ ਕਰਨ ਦੇ ਵਿਰੋਧ ਵਿਚ ਮਾਛੀਵਾੜਾ ਦੇ ਆੜ੍ਹਤੀਆਂ, ਕਿਸਾਨਾਂ ਤੇ ਮਜ਼ਦੂਰਾਂ ਨੂੰ ਨਾਲ ਲੈ ਕੇ ਰੋਸ ਮਾਰਚ ਕੀਤਾ ਅਤੇ ਇਨ੍ਹਾਂ ਆਰਡੀਨੈਂਸਾਂ ਨੂੰ ਰੱਦ ਕਰਨ ਦੀ ਮੰਗ ਕੀਤੀ। ਦੂਜੇ ਪਾਸੇ  ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਦੀ ਅਗਵਾਈ ਹੇਠ ਕਿਸਾਨ ਪਿੰਡ ਲੱਖੋਵਾਲ ਦੇ ਗੁਰਦੁਆਰਾ ਸਾਹਿਬ ਵਿਚ ਇਕੱਠੇ ਹੋਏ। ਉਨਾਂ ਕਿਹਾ ਕਿ ਕੱਲ੍ਹ ਦਾ ਦਿਨ ਇਤਿਹਾਸ ਵਿਚ ‘ਕਾਲੇ ਦਿਨ’ ਵਜੋਂ ਯਾਦ ਕੀਤਾ ਜਾਵੇਗਾ ਜਦੋਂ ਮੋਦੀ ਸਰਕਾਰ ਵੱਲੋਂ ਧੱਕੇ ਨਾਲ ਕਿਸਾਨ ਤੇ ਖਪਤਕਾਰ ਮਾਰੂ ਬਿੱਲ ਪਾਸ ਕੀਤਾ ਗਿਆ। 

ਜਗਰਾਉਂ (ਚਰਨਜੀਤ ਸਿੰਘ ਢਿੱਲੋਂ): ਕਿਰਤੀ ਕਿਸਾਨ ਯੂਨੀਅਨ ਦੇ ਆਗੂ ਤਰਲੋਚਨ ਝੋਰੜਾਂ ਨੇ ਸਾਥੀ ਕਿਸਾਨਾਂ ਭਾਈਵਾਲ ਜਥੇਬੰਦੀਆਂ ਦੀ ਭਰਵੀਂ ਹਾਜ਼ਰੀ ’ਚ ਇਲਾਕੇ ਭਰ ਦੇ 9 ਪਿੰਡਾਂ ’ਚ ਰੋਸ ਮਾਰਚ ਕਰਨ ਉਪਰੰਤ ਪਿੰਡ ਸਿੱਧਵਾਂ ਕਲਾਂ ’ਚ ਕੇਂਦਰ ਦਾ ਪੁਤਲਾ ਫੂਕਿਆ।

ਟਰਾਂਸਪੋਰਟਰਾਂ ਤੇ ਬਸਪਾ ਵੱਲੋਂ ‘ਪੰਜਾਬ ਬੰਦ’ ਦੀ ਹਮਾਇਤ ਦਾ ਐਲਾਨ

ਲੁਧਿਆਣਾ (ਗੁਰਿੰਦਰ ਸਿੰਘ): ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਅਤੇ ਲੁਧਿਆਣਾ ਗੁਡਜ਼ ਟਰਾਂਸਪੋਰਟ ਐਸੋਸੀਏਸ਼ਨ ਨੇ ਖੇਤੀ ਬਿੱਲਾਂ ਨੂੰ ਲੈ ਕੇ ਵੱਖ ਵੱਖ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ 25 ਸਤੰਬਰ ਦੇ ਪੰਜਾਬ ਬੰਦ ਦੀ ਹਮਾਇਤ ਦਾ ਐਲਾਨ ਕੀਤਾ ਹੈ। ਅੱਜ ਇੱਥੇ ਟਰਾਂਸਪੋਰਟ ਕਾਂਗਰਸ ਦੇ ਚੇਅਰਮੈਨ ਚਰਨ ਸਿੰਘ ਲੁਹਾਰਾ ਅਤੇ ਟਰਾਂਸਪੋਰਟ ਐਸੋਸੀਏਸ਼ਨ ਦੇ ਪ੍ਰਧਾਨ ਦੀਦਾਰ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਖੇਤੀ ਸੁਧਾਰਾਂ ਦੇ ਨਾਮ ਹੇਠ ਲਿਆਂਦੇ ਜਾ ਰਹੇ ਇਹ ਖੇਤੀ ਬਿੱਲ ਕਿਸਾਨ ਵਿਰੋਧੀ ਹੀ ਨਹੀ ਬਲਕਿ ਪੰਜਾਬ ਵਿਰੋਧੀ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਸਹਾਇਕ ਧੰਦਾ ਟਰਾਂਸਪੋਰਟ ਹੈ ਅਤੇ ਬਹੁਤੇ ਕਿਸਾਨ ਟਰੱਕਾਂ, ਟੈਂਪੂਆਂ ਅਤੇ ਹੋਰ ਵਾਹਨਾਂ ਦੇ ਮਾਲਕ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਟਰਾਂਸਪੋਰਟ ਉਦਯੋਗ ਪਹਿਲਾਂ ਹੀ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ ਪਰ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਨੇ ਸਾਰਾ ਕਾਰੋਬਾਰ ਠੱਪ ਕਰਕੇ ਰੱਖ ਦੇਣਾ ਹੈ।  ਬਹੁਜਨ ਸਮਾਜ ਪਾਰਟੀ ਨੇ ਖੇਤੀ ਬਿਲਾਂ ਖ਼ਿਲਾਫ਼ ਕਿਸਾਨਾਂ ਵੱਲੋਂ 25 ਸਤੰਬਰ ਨੂੰ ਦਿੱਤੇ ਬੰਦ ਦੇ ਸੱਦੇ ਦੀ ਹਮਾਇਤ ਕਰਦਿਆਂ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਕਰਨ ਦਾ ਐਲਾਨ ਕੀਤਾ ਹੈ। ਇਹ ਫ਼ੈਸਲਾ ਅੱਜ ਜਮਾਲਪੁਰ ਵਿੱਖੇ ਬਸਪਾ ਦੇ ਸੀਨੀਅਰ ਆਗੂ ਮਾਸਟਰ ਰਾਮਾਨੰਦ ਅਤੇ ਹਲਕਾ ਸਾਹਨੇਵਾਲ ਯੂਥ ਵਿੰਗ ਦੇ ਪ੍ਰਧਾਨ ਹਰਸ਼ਦੀਪ ਸਿੰਘ ਮਹਿਦੂਦਾਂ ਵੱਲੋਂ ਕਿਸਾਨਾਂ ਦੇ ਸੰਘਰਸ਼ ਨੂੰ ਹਮਾਇਤ ਦੇਣ ਲਈ ਰੱਖੀ ਗਈ ਮੀਟਿੰਗ ਵਿੱਚ ਕੀਤਾ ਗਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All