ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 27 ਫਰਵਰੀ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਸੰਗਰੂਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਦੀ ਅਗਵਾਈ ਹੇਠ ਇਥੋਂ ਦੇ ਗੁਰਦੁਆਰਾ ਸੱਚਖੰਡ ਸਾਹਿਬ ਵਿੱਚ ਹੋਈ। ਮੀਟਿੰਗ ਦੌਰਾਨ ਆਗੂਆਂ ਨੇ ਚੰਡੀਗੜ੍ਹ ਵਿੱਚ ਲੱਗਣ ਵਾਲੇ ਪੱਕੇ ਮੋਰਚੇ ਦੀਆਂ ਤਿਆਰੀਆਂ ਨੂੰ ਅੱਜ ਅੰਤਿਮ ਛੋਹਾਂ ਦਿੱਤੀਆਂ। ਮੀਟਿੰਗ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਕਿਸਾਨਾਂ ਮਜ਼ਦੂਰਾਂ ਦੀਆਂ ਅਹਿਮ ਮੰਗਾਂ ਮੰਨਵਾਉਣ ਲਈ 5 ਮਾਰਚ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਲੱਗਣ ਵਾਲੇ ਇਸ ਪੱਕੇ ਮੋਰਚੇ ਦੇ ਦਬਾਅ ਸਦਕਾ ਪੰਜਾਬ ਸਰਕਾਰ ਨੇ ਕੇਂਦਰ ਦੇ ਨਵੀਂ ਖੇਤੀ ਨੀਤੀ ਦੇ ਖਰੜੇ ਨੂੰ ਵਿਧਾਨ ਸਭਾ ਵਿੱਚ ਰੱਦ ਕਰ ਦਿੱਤਾ ਹੈ ਪਰ ਸਰਕਾਰ ਨੇ ਆਪਣਾ ਖੇਤੀਬਾੜੀ ਖਰੜਾ ਵਿਧਾਨ ਸਭਾ ਵਿੱਚ ਪਾਸ ਨਹੀਂ ਕੀਤਾ। ਆਗੂਆਂ ਨੇ ਦੱਸਿਆ ਕਿ ਇਹ ਮੋਰਚਾ ਪੰਜਾਬ ਸਰਕਾਰ ਵਲੋਂ ਨਵੇਂ ਖੇਤੀਬਾੜੀ ਖਰੜੇ ਨੂੰ ਵਿਧਾਨ ਸਭਾ ’ਚ ਪਾਸ ਕਰਵਾਉਣ, ਜ਼ਮੀਨਾਂ ਦੇ ਮਾਲਕੀ ਹੱਕ ਲੈਣ, ਕਿਸਾਨਾਂ ਮਜ਼ਦੂਰਾਂ ਦੀ ਸੰਪੂਰਨ ਕਰਜ਼ਾ ਮੁਕਤੀ, ਨਹਿਰੀ ਪਾਣੀ ਦੀ ਘਾਟ ਨੂੰ ਪੂਰੀ ਕਰਨ ਜਿਹੇ ਮੁੱਦਿਆਂ ਨੂੰ ਲੈਕੇ ਲੜਿਆ ਜਾਵੇਗਾ। ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਇਸ ਮੋਰਚੇ ਵਿੱਚ ਜ਼ਿਲ੍ਹਾ ਸੰਗਰੂਰ ਵੱਲੋਂ 150 ਟਰਾਲੀਆਂ ਲੰਗਰਾਂ ਸਮੇਤ ਅਤੇ ਬੱਸਾਂ ਦੇ ਵੱਡੇ ਕਾਫਲੇ ਚੰਡੀਗੜ੍ਹ ਵੱਲੋਂ ਰਵਾਨਾ ਹੋਣਗੀਆਂ। ਇਸ ਮੌਕੇ ਸੂਬਾ ਆਗੂ ਜਨਕ ਸਿੰਘ, ਜਗਤਾਰ ਸਿੰਘ ਕਾਲਾ ਝਾੜ ਨੇ ਵਿਸ਼ੇਸ਼ ਤੌਰ ਤੇ ਅੱਜ ਦੀ ਮੀਟਿੰਗ ਨੂੰ ਸੰਬੋਧਨ ਕੀਤਾ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ, ਬਹਾਲ ਸਿੰਘ ਢੀਂਡਸਾ ਤੇ ਦਰਸ਼ਨ ਸਿੰਘ ਚੰਗਾਲੀ ਵਾਲਾ ਆਦਿ ਹਾਜ਼ਰ ਸਨ।

