ਕਿਸਾਨ ਜਥੇਬੰਦੀ ਵੱਲੋਂ ਜ਼ਮੀਨ ਨਿਲਾਮੀ ਖ਼ਿਲਾਫ਼ ਪ੍ਰਦਰਸ਼ਨ
ਐੱਸ ਬੀ ਆਈ ਦੇ 9 ਕਿੱਲੇ ਜ਼ਮੀਨ ਦੀ ਨਿਲਾਮੀ ਦੇ ਨੋਟਿਸ ਦਾ ਵਿਰੋਧ
ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਵੱਲੋਂ ਪਿੰਡ ਅੱਬੂਵਾਲ ਵਿੱਚ ਕਿਸਾਨ ਰਜਿੰਦਰ ਸਿੰਘ ਤੋਂ ਕਰਜ਼ ਵਸੂਲੀ ਲਈ ਜ਼ਮੀਨ ਦੀ ਨਿਲਾਮੀ ਖ਼ਿਲਾਫ਼ ਉਸ ਦੇ ਖੇਤਾਂ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਨੇ ਐੱਸ ਬੀ ਆਈ ਸੁਧਾਰ ਬਰਾਂਚ ਵੱਲੋਂ ਜਾਰੀ ਨਿਲਾਮੀ ਨੋਟਿਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ ਨੇ ਕਿਹਾ ਕਿ ਕਿਸਾਨ ਰਾਜਿੰਦਰ ਸਿੰਘ ਨੇ ਕਰੀਬ 9 ਕਿੱਲੇ ਜ਼ਮੀਨ ’ਤੇ 50 ਲੱਖ ਰੁਪਏ ਕਰਜ਼ਾ ਲਿਆ ਸੀ। ਕਿਸਾਨ ਨੇ ਰਵਾਇਤੀ ਫ਼ਸਲਾਂ ਦੀ ਬਜਾਏ ਬਾਗ਼ਬਾਨੀ ਰਾਹੀਂ ਆਮਦਨ ਵਧਾਉਣ ਦੀ ਕੋਸ਼ਿਸ਼ ਕੀਤੀ ਅਤੇ ਖੇਤ ਵਿੱਚ ਕੇਲਿਆਂ ਦੀ ਫ਼ਸਲ ਵੀ ਲਾਈ ਸੀ ਪਰ ਭਾਰੀ ਮੀਂਹ ਕਾਰਨ ਮੂੰਗੀ ਦੀ ਫ਼ਸਲ ਖ਼ਰਾਬ ਹੋ ਗਈ। ਇਸ ਤੋਂ ਬਾਅਦ ਮੱਕੀ ਦੀ ਫ਼ਸਲ ਲਾਉਣ ’ਤੇ ਵੀ ਝਾੜ ਘਟਣ ਕਾਰਨ ਕਿਸਾਨ ਨੂੰ ਭਾਰੀ ਨੁਕਸਾਨ ਝੱਲਣਾ ਪਿਆ। ਲਗਾਤਾਰ ਫ਼ਸਲੀ ਨੁਕਸਾਨ ਕਾਰਨ ਉਹ ਕਰਜ਼ੇ ਦੀਆਂ ਕਿਸ਼ਤਾਂ ਅਦਾ ਕਰਨ ਤੋਂ ਅਸਮਰੱਥ ਹੋ ਗਿਆ ਸੀ।
ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਆਪਣੀ ਜ਼ਮੀਨ ਗਹਿਣੇ ਰੱਖ ਕੇ ਕਰਜ਼ਾ ਲੈਂਦਾ ਹੈ ਅਤੇ ਫ਼ਸਲਾਂ ਦੇ ਨੁਕਸਾਨ ਦੀ ਸੂਰਤ ਵਿੱਚ ਉਸ ’ਤੇ ਕਰਜ਼ੇ ਦੀ ਵਾਪਸੀ ਦਾ ਦਬਾਅ ਹੋਰ ਵਧ ਜਾਂਦਾ ਹੈ। ਯੂਨੀਅਨ ਆਗੂਆਂ ਨੇ ਮੰਗ ਕੀਤੀ ਕਿ ਕਿਸਾਨਾਂ ਦੀਆਂ ਜ਼ਮੀਨਾਂ ਦੀ ਨਿਲਾਮੀ ਦੀ ਕਾਰਵਾਈ ਰੋਕੀ ਜਾਵੇ ਅਤੇ ਕਰਜ਼ੇ ਦੇ ਸੰਕਟ ਦਾ ਸਰਕਾਰੀ ਪੱਧਰ ’ਤੇ ਹੱਲ ਕੀਤਾ ਜਾਵੇ।
ਸੁਦਾਗਰ ਸਿੰਘ ਘੁਡਾਣੀ ਅਤੇ ਮਨਜੀਤ ਸਿੰਘ ਬੁਢੇਲ ਨੇ ਕਿਹਾ ਕਿ ਕਿਸਾਨਾਂ ਨੂੰ ਕਰਜ਼ਾ ਦੇਣ ਸਮੇਂ ਜ਼ਮੀਨਾਂ ਗਹਿਣੇ ਰੱਖੀਆਂ ਜਾਂਦੀਆਂ ਹਨ, ਜਦਕਿ ਵੱਡੀਆਂ ਕੰਪਨੀਆਂ ਅਤੇ ਕਾਰਪੋਰੇਟ ਅਦਾਰਿਆਂ ਨੂੰ ਕਰੋੜਾਂ ਰੁਪਏ ਦੇ ਕਰਜ਼ੇ ਦਿੱਤੇ ਜਾਣ ਅਤੇ ਬਾਅਦ ਵਿੱਚ ਕਰਜ਼ਾ ਨਾ ਮੋੜਨ ਦੀ ਸੂਰਤ ਵਿੱਚ ਰਾਹਤ ਮਿਲਣ ਦੇ ਮੁੱਦੇ ’ਤੇ ਸਰਕਾਰਾਂ ਨੂੰ ਸਪੱਸ਼ਟ ਨੀਤੀ ਬਣਾਉਣੀ ਚਾਹੀਦੀ ਹੈ। ਕਿਸਾਨ ਆਗੂਆਂ ਨੇ ਰੋਸ ਪ੍ਰਗਟਾਇਆ ਕਿ ਨਿਲਾਮੀ ਦੇ ਮਾਮਲੇ ਸਬੰਧੀ ਮੌਕੇ ’ਤੇ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ। ਪ੍ਰਸ਼ਾਸਨ ਨੂੰ ਕਿਸਾਨ ਦੀ ਸਥਿਤੀ ਨੂੰ ਗੰਭੀਰਤਾ ਨਾਲ ਲੈਂਦਿਆਂ ਮਾਮਲੇ ਦਾ ਹੱਲ ਕੱਢਣਾ ਚਾਹੀਦਾ ਹੈ। ਇਸ ਮੌਕੇ ਦਰਸ਼ਨ ਸਿੰਘ ਫੱਲੇਵਾਲ, ਅਜੀਤ ਸਿੰਘ ਦਾਖਾ, ਤੀਰਥ ਸਿੰਘ ਤਲਵੰਡੀ, ਲਵਲੀ ਅਤੇ ਗੁਰਦੇਵ ਸਿੰਘ ਨਾਰੰਗਵਾਲ ਹਾਜ਼ਰ ਸਨ।

