Farmers Intensify Protest: ਪੱਕੇ ਮੋਰਚੇ ਦੇ ਤੀਜੇ ਦਿਨ ਵੱਡੀ ਗਿਣਤੀ ਕਿਸਾਨ ਪੁੱਜੇ
ਡੀ ਏ ਪੀ ਖਾਦ ਦੇ ਅਗਾਊਂ ਪ੍ਰਬੰਧਾਂ ਲਈ ਏ ਆਰ ਨੂੰ ਮੰਗ ਪੱਤਰ
ਭਾਰਤੀ ਕਿਸਾਨ ਯੂਨੀਅਨ (ਏਕਤਾ)-ਉਗਰਾਹਾਂ ਵੱਲੋਂ ਪੱਕੇ ਮੋਰਚੇ ਦੇ ਤੀਜੇ ਦਿਨ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਸ਼ਮੂਲੀਅਤ ਕਰਦਿਆਂ ਸਰਕਾਰ ਦੇ ਕਿਸਾਨਾਂ ਪ੍ਰਤੀ ਧਾਰਨ ਕੀਤੇ ਅਣਦੇਖੀ ਵਾਲੇ ਵਤੀਰੇ ਦੀ ਨਿੰਦਾ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ, ਸੁਦਾਗਰ ਸਿੰਘ ਘੁਡਾਣੀ, ਮਨੋਹਰ ਸਿੰਘ ਕਲਾਹੜ ਅਤੇ ਬਲਵੰਤ ਸਿੰਘ ਘੁਡਾਣੀ ਨੇ ਕਿਹਾ ਕਿ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਹਰ ਤਬਕੇ ਨਾਲ ਸਬੰਧਤ ਲੋਕਾਂ ਨੂੰ ਆਪਣੇ ਹੱਕ ਪ੍ਰਾਪਤ ਕਰਨ ਲਈ ਸੰਘਰਸ਼ ਦੇ ਰਾਹ ਤੁਰਨਾ ਪੈ ਰਿਹਾ ਹੈ। ਇਸ ਮੌਕੇ ਕਿਸਾਨ ਆਗੂਆਂ ਚਰਨਜੀਤ ਸਿੰਘ ਫੱਲੇਵਾਲ ਯੁਵਰਾਜ ਸਿੰਘ ਘੁਡਾਣੀ, ਜਗਮੀਤ ਸਿੰਘ ਕਲਾੜ ਅਤੇ ਜਸਵੀਰ ਸਿੰਘ ਅਸਕਰੀਪੁਰ ਨੇ ਸੰਬੋਧਨ ਕੀਤਾ।
ਇਸ ਮੌਕੇ ਕਿਸਾਨ ਆਗੂਆਂ ਦਵਿੰਦਰ ਸਿੰਘ ਸਿਰਥਲਾ, ਮਨਜੀਤ ਸਿੰਘ ਬੁਢੇਲ ਅਤੇ ਸੁਰਜੀਤ ਸਿੰਘ ਨੇ ਕਿਹਾ ਕਿ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਸਬੰਧੀ ਕੇਂਦਰ ਅਤੇ ਪੰਜਾਬ ਸਰਕਾਰ ਨੇ ਦੜ ਵੱਟ ਲਈ ਹੈ ਅਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਕਾਰਨ ਉਨ੍ਹਾਂ ਨੂੰ ਸੰਘਰਸ਼ ਦੇ ਰਾਹ ਤੁਰਨਾ ਪੈ ਰਿਹਾ ਹੈ। ਇਸ ਮੌਕੇ ਡੀ ਏ ਪੀ ਖਾਦ ਦੇ ਅਗਾਊਂ ਪ੍ਰਬੰਧ ਕਰਨ ਬਾਰੇ ਏ ਆਰ ਓ ਗੁਰਦੀਪ ਸਿੰਘ ਨੂੰ ਧਰਨੇ ਵਿੱਚ ਸੱਦ ਕੇ ਮੰਗ ਪੱਤਰ ਦਿੱਤਾ ਗਿਆ।
ਉਗਰਾਹਾਂ ਯੂਨੀਅਨ ਦਾ ਕਾਫ਼ਲਾ ਹੈੱਡਕੁਆਰਟਰ ਰਵਾਨਾ
ਪਾਇਲ (ਦੇਵਿੰਦਰ ਜੱਗੀ): ਭਾਰਤੀ ਕਿਸਾਨ ਯੂਨੀਅਨ (ਏਕਤਾ)-ਉਗਰਾਹਾਂ ਵੱਲੋਂ ਲੁਧਿਆਣਾ ਵਿੱਚ ਤਿੰਨ ਦਿਨਾਂ ਤੋਂ ਚੱਲ ਰਹੇ ਪੱਕੇ ਮੋਰਚੇ ਦੇ ਵਿੱਚ ਪਿੰਡ ਘੁਡਾਣੀ ਕਲਾਂ ਤੋਂ ਵੱਡਾ ਕਾਫਲਾ ਧਰਨੇ ਲਈ ਰਵਾਨਾ ਹੋਇਆ। ਇਸ ਮੌਕੇ ਕਿਸਾਨ ਆਗੂ ਸੁਦਾਗਰ ਸਿੰਘ ਘੁਡਾਣੀ, ਬਹਾਦਰ ਸਿੰਘ, ਸੁਖਬੀਰ ਸਿੰਘ, ਦਲਜੀਤ ਸਿੰਘ ਬਿੱਟੂ, ਜਗਮੋਹਨ ਸਿੰਘ, ਰਾਜਿੰਦਰ ਸਿੰਘ, ਕੁਲਦੀਪ ਸਿੰਘ, ਜਰਨੈਲ ਸਿੰਘ, ਚਰਨ ਸਿੰਘ, ਦਰਸ਼ਨ ਸਿੰਘ ਤੇ ਹੋਰ ਕਿਸਾਨ ਹਾਜ਼ਰ ਸਨ।
ਲੱਖੋਵਾਲ ਯੂਨੀਅਨ ਦੇ ਕਿਸਾਨ ਤੇ ਮਜ਼ਦੂਰ ਵੱਡੇ ਚੰਡੀਗੜ੍ਹ ਮੋਰਚੇ ’ਚ ਪੁੱਜੇ
ਸਮਰਾਲਾ (ਡੀ ਪੀ ਐੱਸ ਬੱਤਰਾ): ਸੰਯੁਕਤ ਕਿਸਾਨ ਮੋਰਚੇ ਵੱਲੋਂ ਉਲੀਕੇ ਪ੍ਰੋਗਰਾਮ ਤਹਿਤ ਚੰਡੀਗੜ੍ਹ ਵਿੱਚ ਅੱਜ ਤੋਂ ਸੱਤ ਸਤੰਬਰ ਤੱਕ ਲੱਗੇ ਕਿਸਾਨੀ ਮੋਰਚੇ ਵਿੱਚ ਸ਼ਾਮਲ ਹੋਣ ਲਈ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜ਼ਿਲ੍ਹਾ ਲੁਧਿਆਣਾ ਦੇ ਵੱਖ ਵੱਖ ਬਲਾਕਾਂ ਖੰਨਾ, ਸਮਰਾਲਾ, ਸਾਹਨੇਵਾਲ, ਦੋਰਾਹਾ, ਮਾਛੀਵਾੜਾ ਸਾਹਿਬ, ਮਾਂਗਟ, ਲੁਧਿਆਣਾ ਤੋਂ ਵੱਡੀ ਗਿਣਤੀ ਵਿੱਚ ਕਿਸਾਨ, ਮਜ਼ਦੂਰ ਟਰੈਕਟਰ, ਟਰਾਲੀਆਂ ਲੈ ਕੇ ਪਿੰਡ ਹੇਡੋਂ ਨਜ਼ਦੀਕ ਪੈਟਰੋਲ ਪੰਪ ਤੋਂ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਹੇਠ ਚੰਡੀਗੜ੍ਹ ਲਈ ਰਵਾਨਾ ਹੋਏ। ਕਿਸਾਨਾਂ ਦੇ ਵੱਡੇ ਕਾਫਲੇ ਦੀ ਅਗਵਾਈ ਕਰਦੇ ਹੋਏ ਅਵਤਾਰ ਸਿੰਘ ਮੇਹਲੋਂ ਸਰਪ੍ਰਸਤ ਪੰਜਾਬ, ਪਰਮਿੰਦਰ ਸਿੰਘ ਪਾਲਮਾਜਰਾ ਸੂਬਾ ਜਨਰਲ ਸਕੱਤਰ, ਮਨਜੀਤ ਸਿੰਘ ਢੀਂਡਸਾ ਜ਼ਿਲ੍ਹਾ ਲੁਧਿਆਣਾ ਪ੍ਰਧਾਨ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਹੁਣ ਕਿਸਾਨਾਂ ਦੇ ਸਬਰ ਦਾ ਬੰਨ੍ਹ ਟੁੱਟ ਚੁੱਕਾ ਹੈ।

