ਬਿਜਲੀ ਕੱਟਾਂ ਤੋਂ ਅੱਕੇ ਕਿਸਾਨਾਂ ਨੇ ਧਰਨਾ ਲਾਇਆ
ਇੱਥੇ ਜਗਰਾਉਂ-ਜਲੰਧਰ ਮੁੱਖ ਮਾਰਗ ’ਤੇ ਕਿਸਾਨਾਂ ਨੇ ਬਿਜਲੀ ਦੇ ਅਣਐਲਾਨੇ ਕੱਟਾਂ ਖ਼ਿਲਾਫ਼ ਧਰਨਾ ਲਾਇਆ। ਸਿੱਧਵਾਂ ਬੇਟ ਬਿਜਲੀ ਦਫ਼ਤਰ ਦੇ ਬਾਹਰ ਧਰਨਾ ਲਾ ਕੇ ਸਰਕਾਰ ਤੇ ਪਾਵਰਕੌਮ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਧਰਨਾਕਾਰੀਆਂ ਨੇ ਕਿਹਾ ਕਿ ਉਹ ਪਾਵਰਕੌਮ ਦਫ਼ਤਰ ਦੇ ਚੱਕਰ ਲਾ-ਲਾ...
ਇੱਥੇ ਜਗਰਾਉਂ-ਜਲੰਧਰ ਮੁੱਖ ਮਾਰਗ ’ਤੇ ਕਿਸਾਨਾਂ ਨੇ ਬਿਜਲੀ ਦੇ ਅਣਐਲਾਨੇ ਕੱਟਾਂ ਖ਼ਿਲਾਫ਼ ਧਰਨਾ ਲਾਇਆ। ਸਿੱਧਵਾਂ ਬੇਟ ਬਿਜਲੀ ਦਫ਼ਤਰ ਦੇ ਬਾਹਰ ਧਰਨਾ ਲਾ ਕੇ ਸਰਕਾਰ ਤੇ ਪਾਵਰਕੌਮ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਧਰਨਾਕਾਰੀਆਂ ਨੇ ਕਿਹਾ ਕਿ ਉਹ ਪਾਵਰਕੌਮ ਦਫ਼ਤਰ ਦੇ ਚੱਕਰ ਲਾ-ਲਾ ਕੇ ਅੱਕ ਤੇ ਥੱਕ ਚੁੱਕੇ ਹਨ। ਉਨ੍ਹਾਂ ਦੇ ਸਬਰ ਨੇ ਅੱਜ ਜਦੋਂ ਜਵਾਬ ਦੇ ਦਿੱਤਾ ਤਾਂ ਹੀ ਉਹ ਧਰਨਾ ਲਾਉਣ ਲਈ ਮਜਬੂਰ ਹੋਏ ਹਨ।
ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਚੰਨਪ੍ਰੀਤ ਸਿੰਘ ਚੀਮਨਾ, ਮਿੰਟੂ ਬੁਜਰਗ, ਜਗਜੀਤ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਖੇਤੀ ਮੋਟਰਾਂ ਨੂੰ ਬਿਜਲੀ ਦੀ ਸਪਲਾਈ ਦੀ ਪੂਰੀ ਸਪਲਾਈ ਨਹੀਂ ਮਿਲ ਰਹੀ ਹੈ। ਇਸੇ ਤਰ੍ਹਾਂ ਘਰੇਲੂ ਬਿਜਲੀ ਕੱਟ ਵੀ ਅਣਐਲਾਨੇ ਲੱਗ ਰਹੇ ਹਨ ਪਰ ਹੁਣ ਪਿਛਲੇ ਪੱਚੀ ਦਿਨਾਂ ਤੋਂ ਬਿਜਲੀ ਸੰਕਟ ਡੂੰਘਾ ਹੋ ਗਿਆ ਹੈ। ਨਿਰਵਿਘਨ ਅੱਠ ਘੰਟੇ ਬਿਜਲੀ ਦੀ ਮੰਗ ਕਰਦਿਆਂ ਧਰਨਾਕਾਰੀਆਂ ਕਿਹਾ ਕਿ ਪਿੰਡ ਚੀਮਨਾ ਤੋਂ ਬੁਜਰਗ ਤਕ ਨਿਰੀਖਣ ਕਰਨ ਦਾ ਸੱਦਾ ਦਿੱਤਾ ਜਿੱਥੇ ਖੇਤਾਂ ਵਿੱਚ ਖੜ੍ਹਾ ਝੋਨਾ ਬਿਜਲੀ ਦੀ ਕਿੱਲਤ ਕਰਕੇ ਪੈਦਾ ਪਾਣੀ ਦੇ ਸੰਕਟ ਕਾਰਨ ਸੁੱਕਣ ਲੱਗਾ ਹੈ। ਧਰਨਾਕਾਰੀਆਂ ਨੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਅਤੇ ਐਕਸੀਅਨ ਗੁਰਪ੍ਰੀਤ ਮਹਿੰਦਰ ਸਿੰਘ ਸਿੱਧੂ ਤੋਂ ਮੰਗ ਕੀਤੀ ਕਿ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ।
ਲੱਖੋਵਾਲ ਯੂਨੀਅਨ ਨੇ ਬਿਜਲੀ ਕੱਟਾਂ ’ਤੇ ਸਵਾਲ ਚੁੱਕੇ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਨੇ ਪੰਜਾਬ ਵਿੱਚ ਲੱਗ ਰਹੇ ਬਿਜਲੀ ਕੱਟਾਂ ਦੀ ਨਿੰਦਾ ਕਰਦਿਆਂ ਸਰਕਾਰ ਨੂੰ ਤੁਰੰਤ ਬਿਜਲੀ ਸਪਲਾਈ ਦੀ ਹਾਲਤ ਵਿੱਚ ਸੁਧਾਰ ਕਰਨ ਦੀ ਮੰਗ ਕੀਤੀ ਹੈ। ਅੱਜ ਇੱਥੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਬਿਜਲੀ ਸਪਲਾਈ ਦੇ ਮਾੜੇ ਹਾਲਾਤ ਨੇ ਸਰਕਾਰ ਦੇ ਬਿਜਲੀ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਈ-ਕਈ ਘੰਟਿਆਂ ਦੇ ਬਿਜਲੀ ਕੱਟਾਂ ਕਾਰਨ ਲੋਕ, ਕਿਸਾਨ ਅਤੇ ਛੋਟੇ ਵਪਾਰੀ ਪ੍ਰੇਸ਼ਾਨ ਹਨ, ਲੋਕਾਂ ਨੂੰ ਨਿਰਵਿਘਨ ਬਿਜਲੀ ਦੀ ਲੋੜ ਸਮੇਂ ਅਣਐਲਾਨੇ ਕੱਟ ਲਗਾਉਣਾ ਸਰਕਾਰ ਦੀ ਗੰਭੀਰ ਨਾਕਾਮੀ ਹੈ।

