ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰੇਲਾਂ ਰੋਕਣ ਤੋਂ ਪਹਿਲਾਂ ਹੀ ਕਿਸਾਨ ਹਿਰਾਸਤ ’ਚ ਲਏ

ਕਿਸਾਨ-ਮਜ਼ਦੂਰ ਮੋਰਚੇ ਵੱਲੋਂ ਅੱਜ ਰੇਲਾਂ ਰੋਕਣ ਦਾ ਦਿੱਤਾ ਗਿਆ ਸੀ ਸੱਦਾ
ਕਿਸਾਨ ਆਗੂ ਜਸਦੇਵ ਸਿੰਘ ਲਲਤੋਂ ਦੀ ਰਿਹਾਈ ਮੌਕੇ ਨਾਅਰੇ ਲਾਉਂਦੇ ਹੋਏ ਜਥੇਬੰਦੀਆਂ ਦੇ ਕਾਰਕੁਨ।
Advertisement

ਕਿਸਾਨਾਂ ਨੇ ਅੱਜ ਪੰਜਾਬ ਭਰ ਵਿੱਚ ਰੇਲ ਗੱਡੀਆਂ ਰੋਕਣ ਦਾ ਐਲਾਨ ਕੀਤਾ ਸੀ। ਕਈ ਥਾਵਾਂ ’ਤੇ ਪੁਲੀਸ ਅਤੇ ਕਿਸਾਨਾਂ ਵਿਚਕਾਰ ਝੜਪਾਂ ਵੀ ਹੋਈਆਂ। ਕਿਸਾਨਾਂ ਨੇ ਸ਼ਹਿਰ ਦੇ ਸਾਹਨੇਵਾਲ ਰੇਲਵੇ ਸਟੇਸ਼ਨ ਨੇੜੇ ਰੇਲ ਗੱਡੀਆਂ ਰੋਕਣ ਦਾ ਐਲਾਨ ਵੀ ਕੀਤਾ ਸੀ ਪਰ ਪੁਲੀਸ ਕਾਰਨ ਕਿਸਾਨ ਸ਼ਹਿਰ ਵਿੱਚ ਰੇਲ ਗੱਡੀਆਂ ਨਹੀਂ ਰੋਕ ਸਕੇ। ਇਸ ਤੋਂ ਪਹਿਲਾਂ ਵੀ ਪੁਲੀਸ ਵੱਲੋਂ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਕਿਸਾਨਾਂ ਨੂੰ ਦਿਨ ਭਰ ਵੱਖ-ਵੱਖ ਥਾਵਾਂ ’ਤੇ ਰੱਖਿਆ ਗਿਆ ਤਾਂ ਜੋ ਉਹ ਇਕੱਠੇ ਨਾ ਹੋ ਸਕਣ। ਸ਼ਾਮ 4 ਵਜੇ ਤੋਂ ਬਾਅਦ ਅਧਿਕਾਰੀਆਂ ਤੋਂ ਹੁਕਮ ਮਿਲਣ ’ਤੇ ਪੁਲੀਸ ਵੱਲੋਂ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।

ਕਿਸਾਨ ਆਗੂ ਦਿਲਬਾਗ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਯੂਨੀਅਨ ਨੇ ਰੇਲ ਰੋਕੂ ਐਲਾਨ ਕੀਤਾ ਸੀ। ਰੇਲਗੱਡੀ ਨੂੰ ਸ਼ਹਿਰ ਦੇ ਸਾਹਨੇਵਾਲ ਵਿੱਚ ਰੋਕਿਆ ਜਾਣਾ ਸੀ ਅਤੇ ਉਨ੍ਹਾਂ ਦੇ ਸਾਰੇ ਸਾਥੀਆਂ ਨੂੰ ਰੇਲਵੇ ਸਟੇਸ਼ਨ ਪਹੁੰਚਣ ਲਈ ਕਿਹਾ ਗਿਆ ਸੀ। ਦਿਲਬਾਗ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਰਾਤ ਨੂੰ ਪਤਾ ਲੱਗਾ ਕਿ ਪੁਲੀਸ ਸਰਕਾਰੀ ਹੁਕਮਾਂ ’ਤੇ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਰਹੀ ਹੈ, ਇਸੇ ਕਰਕੇ ਉਹ ਘਰੋਂ ਨਿਕਲ ਗਏ ਤਾਂ ਜੋ ਉਹ ਸਵੇਰੇ ਵਿਰੋਧ ਸਥਾਨ ’ਤੇ ਪਹੁੰਚ ਸਕਣ। ਦਿਲਬਾਗ ਸਿੰਘ ਨੇ ਕਿਹਾ ਕਿ ਕਈ ਕਿਸਾਨ ਆਗੂਆਂ ਨੂੰ ਪੁਲੀਸ ਨੇ ਰਾਤ ਨੂੰ ਹੀ ਹਿਰਾਸਤ ਵਿੱਚ ਲੈ ਲਿਆ ਸੀ, ਕਈਆਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਨਜ਼ਰਬੰਦ ਕੀਤਾ ਗਿਆ ਸੀ। ਕਈਆਂ ਨੂੰ ਸਵੇਰੇ ਵਿਰੋਧ ਸਥਾਨ ’ਤੇ ਜਾਂਦੇ ਸਮੇਂ ਫੜਿਆ ਗਿਆ ਅਤੇ ਵੱਖ-ਵੱਖ ਥਾਵਾਂ ’ਤੇ ਰੱਖਿਆ ਗਿਆ। ਦਿਲਬਾਗ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਸਾਹਨੇਵਾਲੇ ਨੇੜੇ ਉਨ੍ਹਾਂ ਦੀ ਗੱਡੀ ਵੀ ਰੋਕੀ, ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਅਤੇ ਕੋਹਾੜਾ ਲੈ ਗਈ, ਜਿੱਥੇ ਉਨ੍ਹਾਂ ਨੂੰ ਪੂਰਾ ਦਿਨ ਇੱਕ ਪ੍ਰਾਈਵੇਟ ਦਫ਼ਤਰ ਵਿੱਚ ਰੱਖਿਆ ਗਿਆ। ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਕੁਝ ਸਾਥੀਆਂ ਨੂੰ ਰਾਮਗੜ੍ਹ ਚੌਕੀ, ਕੁਮਕਲਾਂ, ਡੇਹਲੋ ਅਤੇ ਹੋਰ ਥਾਵਾਂ ’ਤੇ ਨਜ਼ਰਬੰਦ ਕੀਤਾ ਗਿਆ ਸੀ ਅਤੇ ਚਾਰ ਵਜੇ ਤੋਂ ਬਾਅਦ ਛੱਡ ਦਿੱਤਾ ਗਿਆ।

Advertisement

ਗੁਰੂਸਰ ਸੁਧਾਰ (ਸੰਤੋਖ ਗਿੱਲ): ਨਵੇਂ ਬਿਜਲੀ ਕਾਨੂੰਨ ਖ਼ਿਲਾਫ਼ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਦੋ ਘੰਟੇ ਰੇਲ ਰੋਕੋ ਐਕਸ਼ਨ ਨੂੰ ਅਸਫਲ ਕਰਨ ਲਈ ਹਿਰਾਸਤ ਵਿੱਚ ਲਏ ਕਿਸਾਨ ਆਗੂ ਜਸਦੇਵ ਸਿੰਘ ਲਲਤੋਂ ਅਤੇ ਗੁਰਦਿਆਲ ਸਿੰਘ ਤਲਵੰਡੀ ਨੂੰ ਸ਼ਾਮ ਚਾਰ ਵਜੇ ਰਿਹਾ ਕਰ ਦਿੱਤਾ ਗਿਆ ਹੈ, ਇਸ ਦੀ ਪੁਸ਼ਟੀ ਕਿਸਾਨ ਆਗੂ ਜਸਦੇਵ ਸਿੰਘ ਲਲਤੋਂ ਨੇ ਖ਼ੁਦ ਕੀਤੀ ਹੈ। ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੇ ਜ਼ਿਲ੍ਹਾ ਜਨਰਲ ਸਕੱਤਰ ਜਸਦੇਵ ਸਿੰਘ ਲਲਤੋਂ ਨੂੰ ਪੁਲੀਸ ਮੁਲਾਜ਼ਮਾਂ ਨੇ ਤੜਕਸਾਰ ਕਰੀਬ 4 ਵਜੇ ਘਰ ਤੋਂ ਹਿਰਾਸਤ ਵਿੱਚ ਲੈ ਕੇ ਲਲਤੋਂ ਕਲਾਂ ਪੁਲੀਸ ਚੌਕੀ ਵਿੱਚ ਬੰਦ ਕਰ ਦਿੱਤਾ ਸੀ। ਇਸੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਕਲਾਂ ਨੂੰ ਪੁਲੀਸ ਮੁਲਾਜ਼ਮਾਂ ਨੇ ਹਿਰਾਸਤ ਵਿੱਚ ਲੈ ਕੇ ਭੂੰਦੜੀ ਪੁਲੀਸ ਚੌਕੀ ਵਿੱਚ ਬੰਦ ਕਰ ਦਿੱਤਾ ਸੀ। ਕਾਬਲੇ-ਗ਼ੌਰ ਹੈ ਕਿ ਇਹ ਜਥੇਬੰਦੀ ਸਰਵਣ ਸਿੰਘ ਪੰਧੇਰ ਦੀ ਅਗਵਾਈ ਵਾਲੇ ਕਿਸਾਨ ਮਜ਼ਦੂਰ ਮੋਰਚੇ ਦੀ ਸਮਰਥਕ ਹੈ ਅਤੇ ਕਿਸਾਨ-ਮਜ਼ਦੂਰ ਮੋਰਚੇ ਦੇ ਆਗੂਆਂ ਨੇ ਬਿਜਲੀ ਕਾਨੂੰਨ 2025 ਸੰਸਦ ਵਿੱਚ ਲਿਆਂਦੇ ਜਾਣ ਵਿਰੁੱਧ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ 1 ਤੋਂ 3 ਵਜੇ ਤੱਕ ਰੇਲਾਂ ਰੋਕਣ ਦਾ ਐਲਾਨ ਕੀਤਾ ਗਿਆ ਸੀ। ਕਿਸਾਨ ਮਜ਼ਦੂਰ ਆਗੂਆਂ ਨੇ ਭਗਵੰਤ ਮਾਨ ਸਰਕਾਰ ਦੀ ਇਸ ਧੱਕੇਸ਼ਾਹੀ ਦੀ ਜ਼ੋਰਦਾਰ ਨਿੰਦਾ ਕੀਤੀ।

ਜਸਦੇਵ ਲਲਤੋਂ ਨੂੰ ਪੁਲੀਸ ਚੌਕੀ ਬਿਠਾਈ ਰੱਖਣ ਦੀ ਨਿਖੇਧੀ

ਲੁਧਿਆਣਾ (ਸਤਵਿੰਦਰ ਬਸਰਾ): ਅੱਜ ਸਵੇਰੇ 4 ਵਜੇ ਪੁਲੀਸ ਸਟੇਸ਼ਨ ਲਲਤੋਂ ਕਲਾਂ ਦੀ ਪੁਲੀਸ ਵੱਲੋਂ ਦਸਮੇਸ਼ ਕਿਸਾਨ ਯੂਨੀਅਨ ਦੇ ਆਗੂ ਮਸਟਰ ਜਸਦੇਵ ਲਲਤੋਂ ਨੂੰ ਸਵੇਰੇ ਤੜਕੇ ਘਰੋਂ ਚੁੱਕ ਕੇ ਪੁਲੀਸ ਚੌਕੀ ਬਿਠਾਈ ਰੱਖਣ ਦੀ ਜਮਹੂਰੀ, ਤਰਕਸ਼ੀਲ, ਵਕੀਲ ਜਥੇਬੰਦੀਆਂ ਨੇ ਸਖ਼ਤ ਨਿਖੇਧੀ ਕੀਤੀ ਹੈ। ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਜਦੋਂ ਪੁਲੀਸ ਚੌਕੀ ਜਾ ਕੇ ਇਸ ਤਰ੍ਹਾਂ ਕੀਤੀ ਧੱਕੇਸ਼ਾਹੀ ਬਾਰੇ ਗੱਲ ਕੀਤੀ ਤਾਂ ਮੌਕੇ ’ਤੇ ਹਾਜਰ ਮੁਲਾਜ਼ਮ ਨੇ ਦੱਸਿਆ ਕਿ ਅੱਜ ਰੇਲਾਂ ਦੇ ਬੰਦ ਕਰਨ ਦੇ ਕਿਸਾਨ ਯੂਨੀਅਨਾਂ ਦੇ ਸੱਦੇ ਕਾਰਨ ਇਹ ਕਰਨਾ ਪਿਆ ਹੈ। ਆਗੂਆਂ ਨੇ ਦੱਸਿਆ ਕਿ ਭਾਵੇਂ ਇਸ ਮੌਕੇ ਐੱਸ ਐੱਚ ਓ ਮੌਜੂਦ ਨਹੀਂ ਸਨ, ਪਰ ਜਦੋਂ ਫੋਨ ਰਾਹੀਂ ਉਨ੍ਹਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਇਹਨਾਂ ਨੂੰ ਸ਼ਾਮ ਸਮੇਂ ਘਰ ਭੇਜ ਦਿੱਤਾ ਜਾਵੇਗਾ। ਜਮਹੂਰੀ ਅਧਿਕਾਰ ਸਭਾ, ਡੈਮੋਕ੍ਰੈਟਿਕ ਲਾਇਰ ਐਸੋਸੀਏਸ਼ਨ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂਆਂ ਜਸਵੰਤ ਜ਼ੀਰਖ, ਉਜਾਗਰ ਬੱਦੋਵਾਲ, ਐਡਵੋਕੇਟ ਹਰਪ੍ਰੀਤ ਜ਼ੀਰਖ, ਬਲਵਿੰਦਰ ਸਿੰਘ, ਕਾਮਰੇਡ ਨਿਰਮਲ ਸਿੰਘ, ਜਗਧੀਰਜ ਜਿੰਘ ਨੇ ਪੁਲੀਸ ਦੀ ਇਸ ਗੈਰ ਸੰਵਿਧਾਨਕ ਕਾਰਵਾਈ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰੀ ਇਸ਼ਾਰਿਆਂ ’ਤੇ ਪੁਲੀਸ ਲੋਕਾਂ ਦੇ ਜਮਹੂਰੀ ਹੱਕਾਂ ਨੂੰ ਕੁਚਲ ਰਹੀ ਹੈ। ਜਸਦੇਵ ਲਲਤੋਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ, ਪਰ ਸਰਕਾਰ ਲੋਕਾਂ ਦੇ ਮਸਲੇ ਹੱਲ ਕਰਨ ਤੋਂ ਨਾਕਾਮ ਰਹਿਣ ਕਾਰਨ ਉਨ੍ਹਾਂ ਨੂੰ ਆਪਣੀ ਜਮਹੂਰੀ ਆਵਾਜ਼ ਬੰਦ ਕਰਨ ਲਈ ਪੁਲੀਸ ਦੀ ਵਰਤੋਂ ਕਰਕੇ ਸੰਵਿਧਾਨਿਕ ਜਮਹੂਰੀ ਹੱਕਾਂ ਨੂੰ ਨਹੀਂ ਦਬਾ ਸਕਦੀ।

Advertisement
Show comments