ਗਗਨਦੀਪ ਅਰੋੜਾ
ਲੁਧਿਆਣਾ, 18 ਅਕਤੂਬਰ
ਲਖੀਮਪੁਰ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦੇ ਖ਼ਿਲਾਫ਼ ਧਾਰਾ ਵਧਾਉਣ ਤੇ ਅਜੈ ਮਿਸ਼ਰਾ ਨੂੰ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਰੇਲ ਗੱਡੀਆਂ ਰੋਕੀਆਂ ਗਈਆਂ। ਸ਼ਹਿਰ ’ਚ ਕਿਸਾਨ ਆਗੂਆਂ ਦੇ ਵੱਲੋਂ ਰੇਲ ਰੋਕੋ ਰੈਲੀ ਕੀਤੀ ਗਈ, ਜਿਸ ’ਚ ਬੱਚੇ, ਔਰਤਾਂ ਤੇ ਬਜ਼ੁਰਗ ਵੀ ਸ਼ਾਮਲ ਹੋਏ। ਸ਼ਹਿਰ ’ਚ ਤਿੰਨ ਰੇਲ ਗੱਡੀਆਂ ਰੋਕੀਆਂ ਗਈਆਂ। ਜਿਸ ਕਾਰਨ ਯਾਤਰੀ ਰੇਲ ਗੱਡੀਆਂ ’ਚ ਬੈਠੇ ਰਹੇ। ਇਸ ਦੌਰਾਨ ਕੁਝ ਯਾਤਰੀ ਤਾਂ ਕਿਸਾਨਾਂ ਦਾ ਸਾਥ ਦਿੰਦੇ ਨਜ਼ਰ ਆਏ, ਪਰ ਕਈ ਯਾਤਰੀ ਇਸ ਅੰਦੋਲਨ ਕਾਰਨ ਪ੍ਰੇਸ਼ਾਨ ਵੀ ਵਿਖਾਈ ਦਿੱਤੇ। ਲੋਕਾਂ ਨੇ ਕਿਹਾ ਕਿ ਕਿਸਾਨ ਆਪਣਾ ਅੰਦੋਲਨ ਖਤਮ ਕਰਨ ਤਾਂ ਕਿ ਆਮ ਲੋਕਾਂ ਨੂੰ ਪ੍ਰੇਸ਼ਾਨੀ ਨਾ ਹੋਵੇ। ਉਧਰ, ਕੁਝ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰੇਸ਼ਾਨੀ ਜ਼ਰੂਰ ਹੈ, ਪਰ ਉਹ ਹਰ ਤਰ੍ਹਾਂ ਤੋਂ ਕਿਸਾਨਾਂ ਦੇ ਨਾਲ ਹਨ। ਪੰਜਾਬ ’ਚ ਸੰਯੁਕਤ ਕਿਸਾਨ ਮੋਰਚੇ ਦੀ ਅਪੀਲ ’ਤੇ ਅੱਜ ਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ। ਅੰਦੋਲਨ ਕਾਰਨ ਲੁਧਿਆਣਾ ਦੇ ਰੇਲਵੇ ਸਟੇਸ਼ਨ ’ਤੇ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਰੇਲਵੇ ਸਟੇਸ਼ਨ ’ਤੇ ਆਮ ਦਿਨਾਂ ਵਾਂਗ ਅੱਜ ਚਹਿਲ ਪਹਿਲ ਨਹੀਂ ਸੀ, ਪਰ ਤਿੰਨ ਰੇਲ ਗੱਡੀਆਂ ਨੂੰ ਰੇਲਵੇ ਸਟੇਸ਼ਨ ਲੁਧਿਆਣਾ ’ਚ ਹੀ ਕਿਸਾਨ ਨੇ ਰੋਕ ਲਿਆ। ਕਿਸਾਨ ਅੰਦੋਲਨ ਦੇ ਚੱਲਦੇ ਫਿਰੋਜ਼ਪੁਰ ਡਿਵੀਜ਼ਨ ਵੱਲੋਂ ਤਿੰਨ ਰੇਲ ਗੱਡੀਆਂ ਨੂੰ ਵੱਖ-ਵੱਖ ਸਟੇਸ਼ਨਾਂ ’ਤੇ ਹੀ ਰੋਕ ਦਿੱਤਾ ਗਿਆ, ਜਦੋਂ ਕਿ 2 ਗੱਡੀਆਂ ਫਿਰੋਜ਼ਪੁਰ ਤੋਂ ਹੀ ਰਵਾਨਾ ਨਹੀਂ ਹੋਈਆਂ। ਅਜਿਹੇ ਵਿੱਚ ਯਾਤਰੀਆਂ ਨੂੰ ਬੱਸਾਂ ਵਿੱਚ ਕਰਨਾ ਪਿਆ। ਲੁਧਿਆਣਾ ’ਚ ਰੋਕੀਆਂ ਗਈਆਂ ਰੇਲ ਗੱਡੀਆਂ ਫਿਰੋਜ਼ਪੁਰ ਚੰਡੀਗੜ੍ਹ ਐਸਕਪ੍ਰੈਸ, ਚੰਡੀਗੜ੍ਹ ਫਿਰੋਜ਼ਪੁਰ ਐਕਸਪ੍ਰੈੱਸ ਅਤੇ ਪੱਛਮੀ ਐਕਸਪ੍ਰੈੱਸ ਸਨ। ਇਨ੍ਹਾਂ ਰੇਲ ਗੱਡੀਆਂ ’ਚ ਜ਼ਿਆਦਾ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀ ਹੀ ਹੁੰਦੇ ਹਨ। ਅਜਿਹੇ ਵਿੱਚ ਕਈ ਕਰਮਚਾਰੀਆਂ ਨੂੰ ਵੀ ਆਪਣੀ ਮੰਜ਼ਿਲ ਤੱਕ ਪੁੱਜਣ ਲਈ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਜਗਰਾਉਂ ( ਜਸਬੀਰ ਸਿੰਘ ਸ਼ੇਤਰਾ): ਲਖੀਮਪੁਰ ਖੀਰੀ ਹਿੰਸਾ ਦੇ ਰੋਸ ਅਤੇ ਇਸ ਲਈ ਜ਼ਿੰਮੇਵਾਰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੀ ਬਰਖ਼ਾਸਤਗੀ ਅਤੇ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਜਗਰਾਉਂ ਅਤੇ ਚੌਕੀਮਾਨ ਵਿੱਚ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਰੇਲਵੇ ਲਾਈਨਾਂ ’ਤੇ ਧਰਨੇ ਦਿੱਤੇ ਗਏ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਜਗਰਾਉਂ ਦੋ ਥਾਵਾਂ ਰੇਲਵੇ ਸਟੇਸ਼ਨ ਅਤੇ ਰੇਲਵੇ ਪੁਲ ਹੇਠਾਂ ਅਤੇ ਚੌਕੀਮਾਨ ਰੇਲਵੇ ਸਟੇਸ਼ਨ ’ਤੇ ਧਰਨੇ ਲੱਗੇ। ਮਰਦ ਔਰਤਾਂ ਇਸ ਸਮੇਂ ਦੌਰਾਨ ਰੇਲਵੇ ਲਾਈਨਾਂ ’ਤੇ ਬੈਠੇ ਰਹੇ ਅਤੇ ਕੋਈ ਰੇਲ ਗੱਡੀ ਇਸ ਸਮੇਂ ਦੌਰਾਨ ਨਹੀਂ ਲੰਘੀ। ਧਰਨਾਕਾਰੀ ਕਿਸਾਨਾਂ ਨੇ ਲਖੀਮਪੁਰ ਖੀਰੀ ਮਾਮਲੇ ਤੋਂ ਇਲਾਵਾ ਤਿੰਨੋਂ ਖੇਤੀ ਕਾਨੂੰਨ ਰੱਦ ਕਰਨ ਅਤੇ ਬੀਐੱਸਐੱਫ ਨੂੰ ਵਧੇਰੇ ਅਧਿਕਾਰ ਦੇਣ ਖ਼ਿਲਾਫ਼ ਰੋਸ ਪ੍ਰਗਟਾਇਆ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਅਗਵਾਈ ਇਲਾਕੇ ਦੇ ਪਿੰਡਾਂ ’ਚੋਂ ਵੱਡੀ ਗਿਣਤੀ ਲੋਕ ਧਰਨੇ ’ਚ ਸ਼ਾਮਲ ਹੋਏ। ਕਿਸਾਨ ਆਗੂ ਮਹਿੰਦਰ ਸਿੰਘ ਕਮਾਲਪੁਰਾ, ਬਲਰਾਜ ਸਿੰਘ ਕੋਟਉਮਰਾ, ਇੰਦਰਜੀਤ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ ਸਿੱਧਵਾ ਨੇ ਕਿਹਾ ਕਿ ਕਿਸਾਨ ਅੰਦੋਲਨ ਨੇ ਕਾਰਪੋਰੇਟਾਂ ਅਤੇ ਭਾਜਪਾ, ਆਰਐੱਸਅੱਸ ਦੀ ਨੀਂਦ ਹਰਾਮ ਕਰ ਦਿੱਤੀ ਹੈ। ਕੰਵਲਜੀਤ ਖੰਨਾ ਨੇ ਕਿਹਾ ਕਿ ਸੰਸਾਰ ਭਰ ’ਚ ਅੱਜ ਕਿਰਤੀ ਲੋਕ ਸਾਮਰਾਜੀ ਲੁੱਟ ਖ਼ਿਲਾਫ਼ ਸੜਕਾਂ ’ਤੇ ਨਿਕਲੇ ਹੋਏ ਹਨ। ਬੁਲਾਰਿਆਂ ਨੇ 25 ਅਕਤੂਬਰ ਨੂੰ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਬੀਐੱਸਐੱਫ ਹਵਾਲੇ ਕਰਨ ਖ਼ਿਲਾਫ਼ ਰੋਸ ਪ੍ਰਦਰਸ਼ਨ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ।
ਦੋਰਾਹਾ (ਜੋਗਿੰਦਰ ਸਿੰਘ ਓਬਰਾਏ): ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ‘ਰੇਲ ਰੋਕੋ’ ਸੱਦੇ ਤਹਿਤ ਵੱਖ ਵੱਖ ਜੱਥੇਬੰਦੀਆਂ ਨੇ ਸਾਂਝੇ ਤੌਰ ਤੇ ਰੇਲਵੇ ਟ੍ਰੈਕ ਉੱਤੇ ਧਰਨਾ ਲਾਇਆ। ਇਸ ਵਿਚ ਆਲੇ-ਦੁਆਲੇ ਦੇ ਪਿੰਡਾਂ, ਦੁਕਾਨਦਾਰਾਂ, ਮਜ਼ਦੂਰਾਂ ਤੋਂ ਇਲਾਵਾ ਕਿਸਾਨ ਔਰਤਾਂ ਸ਼ਾਮਲ ਹੋਈਆਂ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਆਗੂਆਂ ਰਾਜਿੰਦਰ ਸਿੰਘ ਕੋਟ ਪਨੈਚ, ਸੁਦਾਗਰ ਸਿੰਘ ਘੁਡਾਣੀ ਨੇ ਮੰਗ ਕੀਤੀ ਕਿ ਕੇਂਦਰੀ ਮੰਤਰੀ ਨੂੰ ਬਰਖਾਸਤ ਕਰਕੇ ਗ੍ਰਿਫ਼ਤਾਰ ਕੀਤਾ ਜਾਵੇ, ਨਹੀਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
ਸਮਰਾਲਾ (ਡੀਪੀਐੱਸ ਬੱਤਰਾ): ਸੰਯੁਕਤ ਕਿਸਾਨ ਮੋਰਚੇ ਵੱਲੋ ਰੇਲਾਂ ਰੋਕਣ ਦੇ ਦਿੱਤੇ ਗਏ ਸੱਦੇ ’ਤੇ ਰੇਲਵੇ ਸਟੇਸ਼ਨ ਸਮਰਾਲਾ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ), ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਅਤੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਵੱਲੋ ਸਾਝੇ ਤੌਰ ਤੇ ਰੇਲਵੇ ਟਰੈਕ ’ਤੇ ਸਵੇਰੇ 10 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਧਰਨਾ ਲਗਾਇਆ ਗਿਆ। ਇਸ ਮੌਕੇ ਬੀਕੇਯੂ ਸਿੱਧੂਪੁਰ ਦੇ ਕਾਰਜਕਾਰੀ ਬਲਾਕ ਪ੍ਰਧਾਨ ਸੁਪਿੰਦਰ ਸਿੰਘ ਬੱਗਾ ਨੇ ਕਿਹਾ ਕਿ ਦੇਸ਼ ’ਚ ਚੱਲ ਰਿਹਾ ਕਿਸਾਨ ਅੰਦੋਲਨ ਕਿਸੇ ਇੱਕ ਸੂਬੇ ਜਾ ਕਿਸੇ ਇੱਕ ਵਰਗ ਦਾ ਨਹੀਂ ਹੈ, ਸਗੋਂ ਹਰ ਵਰਗ ਹੀ ਆਪਣੇ ਰੋਜ਼ੀ-ਰੋਟੀ ਅਤੇ ਬੱਚਿਆਂ ਦਾ ਭਵਿੱਖ ਬਚਾਉਣ ਲਈ ਅੰਦੋਲਨ ਵਿੱਚ ਹਿੱਸਾ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀ ਜਿੱਦ ਦੇ ਚਲਦੇ ਕਿਸਾਨਾਂ ਨੂੰ ਮਜਬੂਰੀ ਵਿੱਚ ਸੜਕਾਂ ਅਤੇ ਰੇਲਾਂ ਰੋਕਣੀਆਂ ਪੈ ਰਹੀਆਂ ਹਨ ਅਤੇ ਕਿਸਾਨ ਆਮ ਲੋਕਾਂ ਨੂੰ ਹੋਣ ਵਾਲੀ ਮੁਸ਼ਕਲ ਤੋਂ ਵੀ ਭਲੀਭਾਂਤ ਜਾਣੂ ਹਨ। ਉਨਾਂ ਕਿਹਾ ਕਿ ਅੱਜ ਸਮਰਾਲਾ ਨੇੜੇ ਲੱਲ ਕਲਾਂ ਰੇਲਵੇ ਸਟੇਸ਼ਨ ’ਤੇ ਕਿਸਾਨਾਂ ਵੱਲੋਂ ਰੋਕੀ ਗਈ ਮੁਸਾਫ਼ਰ ਗੱਡੀ ਦੇ ਸਾਰੇ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਉਣ ਦੇ ਪ੍ਰਬੰਧ ਕਿਸਾਨ ਯੂਨੀਅਨ ਵੱਲੋਂ ਕੀਤੇ ਗਏ। ਇਸ ਮੌਕੇ ਕਿਸਾਨ ਆਗੂ ਪਰਮਿੰਦਰ ਸਿੰਘ ਪਾਲਮਾਜਰਾ, ਅਵਤਾਰ ਸਿੰਘ ਮੇਹਲੋ, ਗੁਰਦੀਪ ਸਿੰਘ ਬਰਮਾ, ਤਿਰਬਤ ਸਿੰਘ ਮੁਸ਼ਕਾਬਾਦ, ਸਵਰਨਜੀਤ ਸਿੰਘ ਘੁਲਾਲ, ਮਲਕੀਤ ਸਿੰਘ ਮਾਦਪੁਰ, ਅਵਤਾਰ ਸਿੰਘ ਰਾਣਵਾਂ, ਜਸਵੀਰ ਸਿੰਘ ਛੰਦੜਾਂ, ਉੱਤਮ ਸਿੰਘ, ਅਵਤਾਰ ਸਿੰਘ ਘਰਖਣਾ, ਦਰਸ਼ਨ ਸਿੰਘ ਬੋਦਲੀ ਹਾਜ਼ਰ ਸਨ।