ਸੰਤੋਖ ਗਿੱਲ
ਗੁਰੂਸਰ ਸੁਧਾਰ, 12 ਅਪਰੈਲ
ਸੰਯੁਕਤ ਕਿਸਾਨ ਮੋਰਚੇ ਅਤੇ ਜਮਹੂਰੀ ਕਿਸਾਨ ਸਭਾ ਵੱਲੋਂ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਕਿਲਾ ਰਾਏਪੁਰ ਵਿਚ ਲੜੀਵਾਰ ਮੋਰਚੇ ‘ਤੇ 13 ਅਪਰੈਲ ਨੂੰ ਜੱਲ੍ਹਿਆਂਵਾਲੇ ਬਾਗ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ ਅਤੇ 14 ਅਪਰੈਲ ਨੂੰ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਮੌਕੇ ਸੰਵਿਧਾਨ ਬਚਾਓ ਦਿਹਾੜਾ ਮਨਾਇਆ ਜਾਵੇਗਾ। ਇਸ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਹਕੂਮਤ ਦੇਸ਼ ਦੇ ਸੰਵਿਧਾਨ ਦਾ ਭੋਗ ਪਾ ਕੇ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਨੀਤੀਆਂ ਬਣਾਉਣ ਲਈ ਕਾਹਲੀ ਹੈ, ਜਿਸ ਨੂੰ ਦੇਸ਼ ਦੇ ਕਿਰਤੀ ਅਤੇ ਕਿਸਾਨ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ। ਇਸ ਮੌਕੇ ਡਾ. ਗਗਨਦੀਪ ਕੌਰ, ਕੁਲਜੀਤ ਕੌਰ ਗਰੇਵਾਲ ਅਤੇ ਅਮਨਦੀਪ ਕੌਰ ਦੀ ਅਗਵਾਈ ਵਿਚ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਦੱਸਿਆ ਕਿ 14 ਅਪਰੈਲ ਨੂੰ ਉੱਘੇ ਨਾਟਕਕਾਰ ਡਾ. ਸੋਮਪਾਲ ਹੀਰਾ ਦੀ ਨਿਰਦੇਸ਼ਨਾਂ ਹੇਠ ਪ੍ਰਸਿੱਧ ਨਾਟਕ ‘ਸੰਵਿਧਾਨ ਖ਼ਤਰੇ ਵਿੱਚ ਹੈ’ ਵੀ ਪੇਸ਼ ਕੀਤਾ ਜਾਵੇਗਾ। ਧਰਨੇ ਨੂੰ ਹੋਰਨਾ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਹਰਨੇਕ ਸਿੰਘ ਗੁੱਜਰਵਾਲ, ਸੁਖਵਿੰਦਰ ਕੌਰ, ਮਹਿੰਦਰ ਕੌਰ, ਪਰਮਜੀਤ ਕੌਰ ਅਤੇ ਕਿਸਾਨ ਆਗੂ ਜਗਤਾਰ ਸਿੰਘ ਚਕੋਹੀ, ਸਾਬਕਾ ਕੌਂਸਲਰ ਹਰਭਜਨ ਸਿੰਘ ਸੰਦੀਲਾ ਨੇ ਵੀ ਸੰਬੋਧਨ ਕੀਤਾ। ਉੱਧਰ ਲੁਧਿਆਣਾ-ਬਠਿੰਡਾ ਰਾਜ ਮਾਰਗ ਉਪਤੇ ਹਿੱਸੋਵਾਲ ਟੌਲ ਪਲਾਜ਼ਾ ’ਤੇ ਕਿਸਾਨ-ਮਜ਼ਦੂਰ ਜਥੇਬੰਦੀਆਂ ਵੱਲੋਂ ਲੜੀਵਾਰ ਧਰਨਾ ਜਾਰੀ ਰਿਹਾ। ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਮੋਦੀ ਹਕੂਮਤ ਦੇ ਅੜੀਅਲ ਰਵੱਈਏ ਦੀ ਨਿੰਦਾ ਕਰਦਿਆਂ ਘੋਲ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ।
ਖੰਨਾ (ਜੋਗਿੰਦਰ ਸਿੰਘ ਓਬਰਾਏ): ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨ ਜਥੇਬੰਦੀਆਂ ਵੱਲੋਂ ਇਥੋਂ ਦੇ ਰੇਲਵੇ ਸਟੇਸ਼ਨ ਦੇ ਬਾਹਰ ਆਰੰਭਿਆ ਸੰਘਰਸ਼ 195ਵੇਂ ਦਿਨ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਸਿੰਘ ਬੈਨੀਪਾਲ ਦੀ ਅਗਵਾਈ ਹੇਠਾਂ ਲਗਾਤਾਰ ਜਾਰੀ ਹੈ। ਅੱਜ ਭੁੱਖ ਹੜਤਾਲ ਦੇ 145ਵੇਂ ਦਿਨ ਰਤਨ ਸਿੰਘ ਅਤੇ ਦੀਦਾਰ ਸਿੰਘ ਬੈਠੇ। ਇਸ ਮੌਕੇ ਦਲਜੀਤ ਸਿੰਘ ਸਵੈਚ ਅਤੇ ਗੁਰਦੀਪ ਸਿੰਘ ਨੇ ਕਿਹਾ ਕਿ 14 ਅਪਰੈਲ ਨੂੰ ਕਿਸਾਨਾਂ ਵੱਲੋਂ ਸਟੇਸ਼ਨ ’ਤੇ ਵੱਡਾ ਇੱਕਠ ਕਰਕੇ ਸੰਵਿਧਾਨ ਲਿਖਣ ਵਾਲੇ ਡਾ.ਭੀਮ ਰਾਓ ਅੰਬੇਡਕਰ ਨੂੰ ਯਾਦ ਕਰਦਿਆਂ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।