False Police Cases: ਨਸ਼ਿਆਂ ਅਤੇ ਝੂਠੇ ਪਰਚੇ ਖ਼ਿਲਾਫ਼ ਭੜਕੇ ਮਜ਼ਦੂਰ
ਦਲਿਤ ਮਜ਼ਦੂਰ ਪਰਿਵਾਰ ਖ਼ਿਲਾਫ਼ ਦਰਜ ਕੇਸ ਰੱਦ ਨਾ ਹੋਣ ’ਤੇ ਸੰਘਰਸ਼ ਦੀ ਚਿਤਾਵਨੀ
ਨਸ਼ਿਆਂ ਨੇ ਦਲਿਤ ਮਜ਼ਦੂਰ ਬਸਤੀਆਂ ਵਿੱਚ ਸੱਥਰ ਵਿਛਾ ਦਿੱਤੇ ਹਨ। ਇਨ੍ਹਾਂ ਦਲਿਤ ਬਸਤੀਆਂ ਨੂੰ ਇਕ ਲੁਕਵੇਂ ਏਜੰਡੇ ਤਹਿਤ ਨਸ਼ਿਆਂ ਦੀ ਹੱਬ ਬਣਾਇਆ ਗਿਆ ਹੈ। ਇਹ ਪ੍ਰਗਟਾਵਾ ਇਥੇ ਮਜ਼ਦੂਰ ਕਾਰਕੁਨਾਂ ਨੇ ਨਸ਼ਿਆਂ ਅਤੇ ਝੂਠੇ ਪਰਚੇ ਨੂੰ ਰੱਦ ਕਰਾਉਣ ਲਈ ਕੀਤੇ ਰੋਸ ਪ੍ਰਦਰਸ਼ਨ ਦੌਰਾਨ ਕੀਤਾ। ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਅਵਤਾਰ ਸਿੰਘ ਰਸੂਲਪੁਰ ਤੇ ਸੁਖਦੇਵ ਸਿੰਘ ਮਾਣੂੰਕੇ ਨੇ ਕਿਹਾ ਕਿ ਨਸ਼ੇ ਦੇ ਮੁੱਦੇ ‘ਤੇ ਬੋਲਣ ਖ਼ਿਲਾਫ਼ ਧਮਕਾਇਆ ਜਾਂਦਾ ਹੈ ਤੇ ਕਈ ਆਗੂ ਨਿਸ਼ਾਨਾ ਵੀ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਪਿੰਡ ਲੱਖਾ ਦੇ ਦਲਿਤ ਮਜ਼ਦੂਰ ਪਰਿਵਾਰਾਂ ਖ਼ਿਲਾਫ਼ ਥਾਣਾ ਹਠੂਰ ਵਿੱਚ 326 ਦਾ ਦਰਜ ਝੂਠਾ ਕੇਸ ਕਈ ਮਹੀਨੇ ਦੇ ਸੰਘਰਸ਼ ਮਗਰੋਂ ਵੀ ਰੱਦ ਨਹੀਂ ਹੋਇਆ ਹੈ। ਪੀੜਤ ਪਰਿਵਾਰ ਨੂੰ ਨਿਆਂ ਦਿਵਾਉਣ ਲਈ ਅੱਜ ਵੱਖ-ਵੱਖ ਮਜ਼ਦੂਰ ਕਿਸਾਨ ਜਥੇਬੰਦੀਆਂ ਦਾ ਵਫ਼ਦ ਐੱਸ ਐੱਸ ਪੀ ਨੂੰ ਮਿਲਿਆ। ਐੱਸ ਐੱਸ ਪੀ ਨੇ ਵਫ਼ਦ ਨੂੰ ਕਈ ਵਾਰ ਭਰੋਸਾ ਦਿੱਤਾ ਕਿ ਨਿਰਪੱਖਤਾ ਨਾਲ ਜਾਂਚ ਕਰ ਕੇ ਝੂਠੇ ਕੇਸ ਨੂੰ ਰੱਦ ਕੀਤਾ ਜਾਵੇਗਾ।
ਜਥੇਬੰਦੀਆਂ ਦੇ ਜਨਤਕ ਵਫ਼ਦ ਵਿੱਚ ਸ਼ਾਮਲ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ, ਕਿਰਤੀ ਕਿਸਾਨ ਯੂਨੀਅਨ ਦੇ ਬਲਵਿੰਦਰ ਸਿੰਘ ਕੋਠੇ ਪੋਨਾ ਅਤੇ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ ਨੇ ਐੱਸ ਐੱਸ ਪੀ ਡਾ. ਅੰਕੁਰ ਗੁਪਤਾ ਤੋਂ ਮੰਗ ਕੀਤੀ ਕਿ ਝੂਠੇ ਪੁਲੀਸ ਕੇਸ ਨੂੰ ਰੱਦ ਕਰ ਕੇ ਅਸਲ ਮੁਲਜ਼ਮ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਐੱਸ ਐੱਸ ਪੀ ਨੇ ਵਫ਼ਦ ਨੂੰ ਨਿਰਪੱਖ ਕਾਰਵਾਈ ਦਾ ਭਰੋਸਾ ਤਾਂ ਦਿੱਤਾ ਪਰ ਇਸ ਮੌਕੇ ਇਨ੍ਹਾਂ ਜਥੇਬੰਦੀਆਂ ਦੇ ਆਗੂਆਂ ਨੇ ਜਲਦ ਐੱਸ ਐੱਸ ਪੀ ਦਫ਼ਤਰ ਮੂਹਰੇ ਧਰਨਾ ਦੇਣ ਦੀ ਚਿਤਾਵਨੀ ਦਿੱਤੀ।

