ਖੇਤੀਬਾੜੀ ਵਿਭਾਗ ਅਤੇ ਪੁਲੀਸ ਨੇ ਸਾਂਝੀ ਕਾਰਵਾਈ ਕਰਦਿਆਂ ਇੱਥੋਂ ਨੇੜਲੇ ਪਿੰਡ ਕੋਠੇ ਸ਼ੇਰ ਜੰਗ ਵਿੱਚ ਨਕਲੀ ਖਾਦ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਕਰਦਿਆਂ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਸੰਯੁਕਤ ਡਾਇਰੈਕਟਰ ਖੇਤੀਬਾੜੀ (ਪੌਦ ਸੁਰੱਖਿਆ) ਡਾ. ਨਰਿੰਦਰ ਸਿੰਘ ਬੈਨੀਪਾਲ ਅਤੇ ਜ਼ਿਲ੍ਹਾ ਖੇਤੀਬਾੜੀ ਅਫਸਰ ਡਾ. ਗੁਰਦੀਪ ਸਿੰਘ ਨੇ ਦੱਸਿਆ ਕਿ ਇੱਥੇ ਸਥਿਤ ਪ੍ਰਦੇਸੀ ਢਾਬੇ ਨੇੜੇ ਫੈਕਟਰੀ ਵਿੱਚ ਛਾਪਾ ਮਾਰਿਆ ਤਾਂ ਉੱਥੇ ਭਾਰੀ ਮਾਤਰਾ ’ਚ ਜ਼ਿੰਕ ਸਲਫੇਟ 33 ਪ੍ਰਤੀਸ਼ਤ ਅਤੇ ਮੈਗਨੀਂਜ਼ ਸਲਫੇਟ ਨੂੰ ਵੱਖ-ਵੱਖ ਕੰਪਨੀਆਂ ਦੇ ਬਾਰਦਾਨੇ ਵਿੱਚ ਰੱਖਿਆ ਹੋਇਆ ਸੀ। ਇਸੇ ਤਰ੍ਹਾਂ ਇੱਕ ਮਸ਼ਹੂਰ ਕੰਪਨੀ ਦੇ ਨਾਮ ਵਾਲੇ ਥੈਲਿਆਂ ਵਿੱਚ ਪਾਇਆ ਜ਼ਿੰਕ ਸਲਫੇਟ 33 ਪ੍ਰਤੀਸ਼ਤ ਵੀ ਬਰਾਮਦ ਕੀਤਾ ਗਿਆ ਹੈ। ਵਿਭਾਗ ਦੀ ਟੀਮ ਨੇ ਫੈਕਟਰੀ ਵਿੱਚੋਂ ਮਿਲੇ ਸਾਮਾਨ ਦੀ ਜਾਂਚ ਲਈ ਨਮੂਨੇ ਭਰ ਲਏ ਹਨ।
ਥਾਣਾ ਸ਼ਹਿਰੀ ਦੀ ਪੁਲੀਸ ਟੀਮ ਨੇ ਫੈਕਟਰੀ ਵਿੱਚੋਂ ਮਨੋਜ ਕੁਮਾਰ ਨਾਮ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਟੀਮ ਨੇ ਜਦੋਂ ਉਸ ਕੋਲੋਂ ਖਾਦਾਂ ਬਣਾਉਣ ਅਤੇ ਵੇਚਣ ਦੇ ਲਾਇਸੈਂਸ ਦੀ ਮੰਗ ਕੀਤੀ ਤਾਂ ਉਹ ਕੋਈ ਵੀ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮਨੋਜ ਕੁਮਾਰ ਖ਼ਿਲਾਫ਼ ਖਾਦ ਕੰਟਰੋਲ ਆਰਡਰ 1985 ਅਤੇ ਜ਼ਰੂਰੀ ਵਸਤਾਂ ਐਕਟ 1955 ਦੀ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਅਗਲੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਇਸ ਟੀਮ ਵਿੱਚ ਚੀਫ ਫਰਟੀਲਾਈਜ਼ਰ ਇੰਸਪੈਕਟਰ ਡਾ. ਗੁਰਜੇਸ਼ ਭਾਰਗਵ, ਖੇਤੀਬਾੜੀ ਅਫਸਰ ਜਗਰਾਉਂ ਡਾ. ਸਤਿੰਦਰ ਸਿੰਘ, ਖੇਤੀਬਾੜੀ ਵਿਕਾਸ ਅਫਸਰ ਜਤਿੰਦਰ ਸਿੰਘ, ਡਾ. ਸੁਖਬੀਰ ਸਿੰਘ, ਡਾ. ਮਨਜੀਤ ਸਿੰਘ, ਡਾ. ਜਸਵੰਤ ਸਿੰਘ, ਡਾ. ਅਰਸ਼ਦੀਪ ਕੌਰ ਆਦਿ ਸ਼ਾਮਲ ਸਨ।

