ਗੁਰਿੰਦਰ ਸਿੰਘ
ਲੁਧਿਆਣਾ, 15 ਸਤੰਬਰ
ਮਿਕਸ ਲੈਂਡ ਯੂਜ਼ ਮੁੱਦੇ ਨੂੰ ਲੈ ਕੇ ਕਾਰੋਬਾਰੀਆਂ ਨੇ ਮੁੱਖ ਮੰਤਰੀ ਦੀ ਲੁਧਿਆਣਾ ਫੇਰੀ ਦੌਰਾਨ ਘਿਰਾਓ ਕਰ ਕੇ ਪੁਤਲਾ ਫ਼ੂਕਣ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਕਿਉਂਕਿ ਸਰਕਾਰ ਵੱਲੋਂ ਇਸ ਮਸਲੇ ਦੇ ਹੱਲ ਲਈ 19 ਸਤੰਬਰ ਨੂੰ ਚੰਡੀਗੜ੍ਹ ਵਿੱਚ ਮੀਟਿੰਗ ਰੱਖੀ ਗਈ ਹੈ। ਸਮਾਲ ਸਕੇਲ ਮੈਨੂਫੈਕਚਰਰਜ਼ ਐਸੋਸੀਏਸ਼ਨ ਦੇ ਪ੍ਰਧਾਨ ਜਸਵਿੰਦਰ ਸਿੰਘ ਠੁਕਰਾਲ ਨੇ ਦੱਸਿਆ ਕਿ ਮਿਕਸ ਲੈਂਡ ਯੂਜ਼ ਦੇ ਇਲਾਕਿਆਂ ਦੇ ਨਾਲ ਨਿਊ ਜਨਤਾ ਨਗਰ ਅਤੇ ਸ਼ਿਮਲਾਪੁਰੀ ਨੂੰ ਸਨਅਤੀ ਇਲਾਕੇ ਘੋਸ਼ਿਤ ਕਰਵਾਉਣ ਲਈ ਅੱਜ ਮੁੱਖ ਮੰਤਰੀ ਦਾ ਘਿਰਾਓ ਕੀਤਾ ਜਾਣਾ ਸੀ ਪਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਏਡੀਸੀ ਅਮਿਤ ਸਰੀਨ ਨੇ ਉਨ੍ਹਾਂ ਨਾਲ ਮੀਟਿੰਗ ਕਰ ਕੇ ਮੁੱਦਾ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮੀਟਿੰਗ 19 ਸਤੰਬਰ ਨੂੰ ਬਾਅਦ ਦੁਪਹਿਰ 3.30 ਵਜੇ ਪੰਜਾਬ ਭਵਨ ਵਿੱਚ ਰੱਖੀ ਗਈ ਹੈ, ਜੋ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੀ ਅਗਵਾਈ ਹੇਠ ਹੋਵੇਗੀ ਅਤੇ ਇਸ ਵਿੱਚ ਪ੍ਰਿੰਸੀਪਲ ਸਕੱਤਰ ਇੰਡਸਟਰੀ ਤੇਜਵੀਰ ਸਿੰਘ ਦੇ ਨਾਲ-ਨਾਲ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਟਾਊਨ ਪਲਾਨਿੰਗ ਦੇ ਸਮੁੱਚੇ ਅਫ਼ਸਰ ਵੀ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਇਸ ਮੀਟਿੰਗ ਵਿੱਚ ਮਿਕਸ ਲੈਂਡ ਯੂਜ਼ ਮੁੱਦੇ ਦੇ ਹੱਲ ਹੋਣ ਦੀ ਬਹੁਤੀ ਉਮੀਦ ਹੈ ਪਰ ਜੇਕਰ ਫਿਰ ਵੀ ਹੱਲ ਨਾ ਹੋਇਆ ਤਾਂ ਇਹ ਇਲਾਕੇ ਸਨਅਤੀ ਇਲਾਕੇ ਘੋਸ਼ਿਤ ਹੋਣ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਸਵਿੰਦਰ ਸਿੰਘ ਹੂਝਣ, ਰਾਜਿੰਦਰ ਸਿੰਘ ਕਲਸੀ, ਸੁਮੇਸ ਕੋਛੜ, ਹਰਜੀਤ ਸਿੰਘ ਪਨੇਸਰ ਆਦਿ ਮੈਂਬਰ ਹਾਜ਼ਰ ਸਨ।