ਸਾਬਕਾ ਫੌਜੀ ਨੇ ਏਸ਼ੀਆ ਅਥਲੈਟਿਕ ਮੁਕਾਬਲੇ ’ਚ ਹਿੱਸਾ ਲਿਆ
ਕਾਰਗਿਲ ਜੰਗ ਦੌਰਾਨ ਦੁਸ਼ਮਣ ਨਾਲ ਲੋਹਾ ਲੈਂਦੇ 75 ਪ੍ਰਤੀਸ਼ਤ ਅਪਾਹਜ ਹੋਏ ਸਾਬਕਾ ਫੌਜੀ ਹਰਜਿੰਦਰ ਸਿੰਘ ਨੇ 23ਵੀਂ ਏਸ਼ੀਆ ਮਾਸਟਰ ਅਥਲੈਟਿਕ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ। ਸਾਬਕਾ ਫੌਜੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਕਾਰਗਿਲ ਜੰਗ ਦੌਰਾਨ ਉਸ ਦੇ ਬੰਬ ਲੱਗਿਆ ਸੀ ਜਿਸ ਵਿੱਚ ਉਸਦੀ ਰੀੜ ਦੀ ਹੱਡੀ ਦੇ 5 ਮਣਕੇ ਟੁੱਟੇ, ਸੱਜਾ ਪੈਰ, ਸੱਜੀ ਬਾਂਹ ਟੁੱਟ ਗਈ ਸੀ। ਇਲਾਜ ਤੋਂ ਬਾਅਦ ਉਹ 75 ਫੀਸਦੀ ਅਪਾਹਜ ਹੋ ਗਿਆ ਪਰ ਉਸਨੇ ਸੇਵਾਮੁਕਤੀ ਉਪਰੰਤ ਖੇਡਾਂ ਵਿੱਚ ਰੁਚੀ ਦਿਖਾਈ। ਉਹ ਪਿੰਡ ਵਿੱਚ ਦੌੜ ਲਗਾਉਂਦਾ ਸੀ ਅਤੇ ਹੁਣ ਉਸ ਨੇ 23ਵੀਂ ਏਸ਼ੀਆ ਮਾਸਟਰ ਅਥਲੈਟਿਕ ਚੈਂਪੀਅਨਸ਼ਿਪ ਜੋ ਕਿ ਚੇਨਈ ਵਿੱਚ ਹੋਈ ਉਸ ਵਿੱਚ ਵੱਖ-ਵੱਖ ਦੇਸ਼ਾਂ ਦੇ 3300 ਤੋਂ ਵੱਧ ਐਥਲੀਟਾਂ ਨੇ ਹਿੱਸਾ ਲਿਆ। ਉਸ ਨੇ ਦੱਸਿਆ ਕਿ ਭਾਰਤ ਵੱਲੋਂ 1500 ਮੀਟਰ, 3000 ਮੀਟਰ ਅਤੇ 5000 ਮੀਟਰ ਦੌੜ ਵਿਚ ਹਿੱਸਾ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਾਬਕਾ ਫੌਜੀ ਹਰਜਿੰਦਰ ਸਿੰਘ ਨੇ ਕਿਹਾ ਕਿ ਉਹ ਪੰਜਾਬ ਦੀ ਜਵਾਨੀ ਨੂੰ ਸੁਨੇਹਾ ਦੇਣਾ ਚਾਹੁੰਦਾ ਹੈ ਕਿ ਅਪਾਹਜ ਹੋਣ ਦੇ ਬਾਵਜ਼ੂਦ ਵੀ ਉਹ ਖੇਡਾਂ ਵਿਚ ਪ੍ਰਦਰਸ਼ਨ ਕਰਕੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨਾ ਚਾਹੁੰਦਾ ਹੈ, ਇਸ ਲਈ ਨੌਜਵਾਨ ਵੀ ਪਿੰਡਾਂ ਦੇ ਸਟੇਡੀਅਮਾਂ ਵਿੱਚ ਆਉਣ ਅਤੇ ਕਸਰਤ ਕਰਕੇ ਆਪਣਾ ਸਰੀਰ ਬਣਾਉਣ।
