ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 12 ਸਤੰਬਰ
ਇੱਥੇ ਗੁਰੂ ਹਰਿਗੋਬਿੰਦ ਖ਼ਾਲਸਾ ਵਿੱਦਿਅਕ ਸੰਸਥਾਵਾਂ ਵੱਲੋਂ ਤੀਆਂ ਦਾ ਤਿਉਹਾਰ ਤਿੰਨਾਂ ਹੀ ਕਾਲਜਾਂ ਦੀਆਂ ਵਿਦਿਆਰਥਣਾਂ ਅਤੇ ਅਧਿਆਪਨ ਅਮਲੇ ਵੱਲੋਂ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਕਾਲਜ ਦੇ ਵਿਹੜੇ ਵਿਚ ਜਿੱਥੇ ਰੰਗ-ਬਰੰਗੀਆਂ ਪੀਂਘਾਂ ਪਾਈਆਂ ਹੋਈਆਂ ਸਨ, ਉੱਥੇ ਵਿਦਿਆਰਥਣਾਂ ਲਈ ਖਾਣ-ਪੀਣ ਦੇ ਸਟਾਲ ਵੀ ਲਾਏ ਗਏ ਸਨ। ਵਿਦਿਆਰਥਣਾਂ ਨੂੰ ਵਿਰਸੇ ਨਾਲ ਜੋੜਨ ਲਈ ਪਰੰਪਰਾਗਤ ਪਕਵਾਨ ਮੁਕਾਬਲਿਆਂ ਸਮੇਤ ਮਹਿੰਦੀ, ਰੰਗੋਲੀ, ਡਿਸ਼ ਮੇਕਿੰਗ, ਹੇਅਰ-ਸਟਾਈਲ ਅਤੇ ਸਭਿਆਚਾਰਕ ਕੁਇਜ਼ ਮੁਕਾਬਲੇ ਵੀ ਕਰਵਾਏ ਗਏ ਅਤੇ ਪੰਜਾਬੀ ਵਿਰਸੇ ਨਾਲ ਸਬੰਧਿਤ ਪ੍ਰਦਰਸ਼ਨੀ ਲਗਾਈ ਗਈ, ਜਿਸ ਵਿਚ ਪੁਰਾਤਨ ਭਾਂਡੇ, ਹਥਿਆਰ, ਕੱਪੜੇ, ਗਹਿਣੇ ਅਤੇ ਹੋਰ ਘਰੇਲੂ ਸਮਾਨ ਵਿਸ਼ੇਸ਼ ਖਿੱਚ ਦਾ ਕੇਂਦਰ ਬਣਿਆ। ਮਨਦੀਪ ਨੂੰ ਤੀਆਂ ਦੀ ਰਾਣੀ, ਕੋਮਲਪ੍ਰੀਤ ਕੌਰ ਨੂੰ ਸੁਨੱਖੀ ਮੁਟਿਆਰ, ਜਸਪ੍ਰੀਤ ਕੌਰ ਨੂੰ ਦੰਦ-ਚੰਬੇ ਦੀਆਂ ਕਲੀਆਂ, ਹਰਪੁਨੀਤ ਕੌਰ ਨੂੰ ਗਿੱਧਿਆਂ ਦੀ ਰਾਣੀ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸੰਗੀਤ ਮੁਕਾਬਲੇ ਵਿਚ ਕਿਰਨਦੀਪ ਕੌਰ ਤੇ ਭਾਵਨਾ ਕ੍ਰਮਵਾਰ ਪਹਿਲੇ ਅਤੇ ਦੂਜੇ ਸਥਾਨ ‘ਤੇ ਰਹੀਆਂ । ਪ੍ਰਸਿੱਧ ਲੇਖਕਾ, ਆਲੋਚਕ ਅਤੇ ਨੈਸ਼ਨਲ ਬੁੱਕ ਟਰੱਸਟ ਦੀ ਅਨੁਵਾਦਕ ਅੰਮ੍ਰਿਤਬੀਰ ਕੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।