ਰਾਮ ਗੋਪਾਲ ਰਾਏਕੋਟੀ
ਰਾਏਕੋਟ, 13 ਸਤੰਬਰ
ਵਿਸ਼ਵ ਪ੍ਰਸਿੱਧ ਸਾਰਾਗੜ੍ਹੀ ਦੀ ਜੰਗ ਦੇ ਮਹਾਨ ਨਾਇਕ ਸ਼ਹੀਦ ਹੌਲਦਾਰ ਈਸ਼ਰ ਸਿੰਘ ਝੋਰੜਾਂ ਦੀ ਬਰਸੀ ਦੇ ਸਬੰਧ ’ਚ ਇਕ ਸਮਾਗਮ ਅੱਜ ਉਨ੍ਹਾਂ ਦੇ ਜੱਦੀ ਪਿੰਡ ਝੋਰੜਾਂ ਵਿੱਚ ਕਰਵਾਇਆ ਗਿਆ। 12 ਸਤੰਬਰ 1897 ਨੂੰ ਲੜੀ ਗਈ ਸਾਰਾਗੜ੍ਹੀ ਦੀ ਜੰਗ ਪੂਰੇ ਵਿਸ਼ਵ ’ਚ ਪ੍ਰਸਿੱਧ ਹੈ। ਇਹ ਜੰਗ 21 ਸਿੱਖ ਬਹਾਦਰ ਫੌਜੀਆਂਦੀ ਬਹਾਦਰੀ ਦੀ ਅਦੁੱਤੀ ਮਿਸਾਲ ਪੇਸ਼ ਕਰਦੀ ਹੈ, ਜਿਨ੍ਹਾਂ ਨੇ 10000 ਅਫਗਾਨੀਆਂ ਦਾ ਡਟ ਕੇ ਮੁਕਾਬਲਾ ਕੀਤਾ ਸੀ। ਅੱਜ ਸ਼ਹੀਦ ਹੌਲਦਾਰ ਈਸ਼ਰ ਸਿੰਘ ਨੂੰ 4 ਸਿੱਖ ਰੈਜੀਮੈਂਟ ਦੇ ਸੂਬੇਦਾਰ ਪਲਵਿੰਦਰ ਸਿੰਘ ਦੀ ਅਗਵਾਈ ਵਾਲੀ ਸੈਨਿਕ ਟੁਕੜੀ ਵਲੋਂ ਸਲਾਮੀ ਦੇ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਬਰਸੀ ਦੇ ਸਬੰਧ ਵਿੱਚ ਸ਼ਹੀਦ ਹੌਲਦਾਰ ਈਸ਼ਰ ਸਿੰਘ ਦੇ ਜੱਦੀ ਘਰ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਇਸ ਦੌਰਾਨ ਸਾਬਕਾ ਕਰਨਲ ਐਮ.ਵੀ ਇਸ਼ਵਾਕਰ ਅਤੇ ਸਾਬਕਾ ਕੈਪਟਨ ਸਾਧੂ ਸਿੰਘ ਮੂਮ, ਸਾਬਕਾ ਸੂਬੇਦਾਰ ਮੇਜਰ ਜਰਨੈਲ ਸਿੰਘ, ਨੰਬਰਦਾਰ ਗੁਰਦੇਵ ਸਿੰਘ, ਕਮੇਟੀ ਪ੍ਰਧਾਨ ਗੁਰਚਰਨ ਸਿੰਘ, ਗੁਰਬਚਨ ਸਿੰਘ ਪ੍ਰਧਾਨ ਗੁਰੂਦੁਆਰਾ ਕਮੇਟੀ ਆਦਿ ਨੇ ਸ਼ਹੀਦ ਹੌਲਦਾਰ ਈਸ਼ਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਸ਼ਹੀਦ ਹੌਲਦਾਰ ਈਸ਼ਰ ਸਿੰਘ ਦੇ ਪਰਿਵਾਰਕ ਮੈਂਬਰ ਸੰਤੋਖ ਸਿੰਘ, ਸੁਖਭਿੰਦਰ ਸਿੰਘ ਆੜ੍ਹਤੀਆ, ਮਾਸਟਰ ਜੰਗ ਸਿੰਘ ਮਾਨ, ਪ੍ਰਧਾਨ ਗੁਰਚਰਨ ਸਿੰਘ, ਸਕੱਤਰ ਮੁਖਤਿਆਰ ਸਿੰਘ, ਗੁਰਬਚਨ ਸਿੰਘ, ਗੁਰਮੇਲ ਸਿੰਘ, ਸਰਪੰਚ ਦਵਿੰਦਰ ਕੌਰ ਤੋਂ ਇਲਾਵਾ ਹੋਰ ਕਈ ਪਿੰਡ ਵਾਸੀ ਹਾਜ਼ਰ ਸਨ।